
ਬਠਿੰਡਾ 20 ਅਗਸਤ (Harminder Singh Avinash )ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਸ਼ਹਿਰ ਦਾ ਦੌਰਾ ਕਰਦਿਆਂ ਲੋਕਾਂ ਨਾਲ ਸੰਪਰਕ ਕਾਇਮ ਕੀਤਾ। ਉਨ੍ਹਾਂ ਬਠਿੰਡਾ ਬਾਰ ਐਸੋਸੀਏਸ਼ਨ ਵਿੱਚ ਵਕੀਲ ਭਾਈਚਾਰੇ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਬਾਰ ਐਸੋਸੀਏਸ਼ਨ ਦੇ ਵਿਕਾਸ ਲਈ ਪ੍ਰਧਾਨ ਲਖਇੰਦਰ ਸਿੰਘ ਭਾਈਕਾ ਅਤੇ ਉਨ੍ਹਾਂ ਦੀ ਟੀਮ ਨੂੰ 43 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੌਂਪਿਆ। ਇਸ ਮੌਕੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਰਾਜਨ ਗਰਗ, ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਗੁਰਇਕਬਾਲ ਸਿੰਘ ਚਹਿਲ,ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਅਤੇ ਐਡਵੋਕੇਟ ਸੰਦੀਪ ਬਾਘਲਾ ਨੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਵਕੀਲ ਭਾਈਚਾਰੇ ਦਾ ਸਾਡੇ ਸਮਾਜ ਵਿੱਚ ਅਹਿਮ ਸਥਾਨ ਹੈ ਇਸ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਬਠਿੰਡਾ ਅਤੇ ਸੂਬੇ ਦੀ ਤਰੱਕੀ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰਾ ਲੋਕਾਂ ਨਾਲ ਨੇੜਿਓਂ ਜੁੜਿਆ ਹੋਇਆ ਹੈ ਇਸ ਲਈ ਇਹ ਲੋਕਾਂ ਨੂੰ ਜਾਗਰੂਕ ਕਰ ਕੇ ਸੂਬੇ ਦੀ ਤਰੱਕੀ ਵਿੱਚ ਵਿਸ਼ੇਸ਼ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਵਕੀਲ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਾਰ ਐਸੋਸੀਏਸ਼ਨ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹਨ। ਇਸ ਮੌਕੇ ਵਕੀਲ ਭਾਈਚਾਰੇ ਨੇ ਵਿਸ਼ਵਾਸ ਦਿਵਾਇਆ ਕਿ ਉਹ ਸ਼ਹਿਰ ਦੀ ਤਰੱਕੀ ਲਈ ਵਿੱਤ ਮੰਤਰੀ ਦਾ ਸਾਥ ਦੇਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿੱਤ ਮੰਤਰੀ ਵਕੀਲਾਂ ਦੇ ਚੈਂਬਰਾਂ ਲਈ ਲੱਖਾਂ ਰੁਪਏ ਦੀ ਗਰਾਂਟ ਜਾਰੀ ਕਰ ਚੁੱਕੇ ਹਨ। ਬਾਰ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਵਿੱਤ ਮੰਤਰੀ ਵੱਲੋਂ ਦਿੱਤੀ ਗਈ 43 ਲੱਖ ਰੁਪਏ ਦੀ ਗਰਾਂਟ ਨਾਲ ਵਿਕਾਸ ਦੇ ਅਧੂਰੇ ਰਹਿੰਦੇ ਕੰਮ ਪੂਰੇ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਲਖਇੰਦਰ ਸਿੰਘ ਭਾਈਕਾ, ਸੈਕਟਰੀ ਸ਼ਮਿੰਦਰ ਸਿੰਘ ਸੰਧੂ, ਵਾਈਸ ਪ੍ਰਧਾਨ ਗੁਰਪ੍ਰੀਤ ਬਰਾਡ਼, ਜੁਆਇੰਟ ਸੈਕਟਰੀ ਗੌਰਵ ਗੁਪਤਾ, ਅਤੇ ਖਜ਼ਾਨਚੀ ਦਵਿੰਦਰ ਕੌਰ,ਅਰੁਣ ਵਧਾਵਨ, ਕੇ ਕੇ ਅਗਰਵਾਲ, ਅਸ਼ੋਕ ਕੁਮਾਰ ਵੀ ਹਾਜ਼ਰ ਸਨ। ਵਕੀਲ ਭਾਈਚਾਰੇ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਸਨਮਾਨ ਵੀ ਕੀਤਾ ਗਿਆ।





