ਸਾਧੂ ਸਿੰਘ ਧਰਮਸੋਤ ਅਤੇ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਭਰੋਸਾ ਦਿਲਵਾਉਣ ਦੇ ਬਾਵਜੂਦ ਨਹੀਂ ਲਿੱਤੀ ਸਾਰ

ਨਾਭਾ (ਸੁਖਚੈਨ ਲੁਬਾਣਾ) : ਕਾਂਗਰਸ ਵਿਧਾਇਕਾਂ ਦੇ ਦੋ ਪੁੱਤਰਾਂ ਨੂੰ ਹਮਦਰਦੀ ਦੇ ਅਧਾਰ ‘ਤੇ ਨੌਕਰੀ ਦੇਣ ਦੇ ਪ੍ਰਸਤਾਵ ਨੂੰ ਲੈ ਕੇ ਦਿਨੋਂ-ਦਿਨ ਸਰਕਾਰ ਦੇ ਖਿਲਾਫ ਵਿਰੋਧ ਵਧਦਾ ਹੀ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਦੋ ਵਿਸ਼ੇਸ਼ ਵਿਧਾਇਕਾਂ ਦੇ ਪੁੱਤਰਾਂ ਨੂੰ ਇੱਕ “ਵਿਸ਼ੇਸ਼ ਕੇਸ” ਤਹਿਤ ਪੁਲਿਸ ਇੰਸਪੈਕਟਰ ਅਤੇ ਨਾਇਬ ਤਹਿਸੀਲਦਾਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ ਹੈ।ਦੂਜੇ ਪਾਸੇ ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੇ ਦੌਰਾਨ 400 ਦੇ ਕਰੀਬ ਕਿਸਾਨ ਸ਼ਹੀਦ ਹੋਣ ਤੋਂ ਬਾਅਦ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਸ਼ਹੀਦ ਦੇ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਪਰ ਸਰਕਾਰ ਵੱਲੋਂ ਸਰਕਾਰੀ ਨੌਕਰੀ ਨਾ ਦੇਣ ਤੇ ਸ਼ਹੀਦ ਪਰਿਵਾਰ ਕਾਫੀ ਖਫ਼ਾ ਵਿਖਾਈ ਦੇ ਰਹੇ ਹਨ। ਨਾਭਾ ਹਲਕੇ ਵਿੱਚ ਤਿੰਨ ਕਿਸਾਨ ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋ ਗਏ ਸਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਜੋ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਸ਼ਹੀਦ ਹੋਏ ਹਨ। 6 ਮਹੀਨੇ ਬੀਤ ਜਾਣ ਤੋਂ ਬਾਅਦ ਸਰਕਾਰ ਵੱਲੋਂ ਪੀੜਤ ਪਰਿਵਾਰ ਦੇ ਮੈਬਰਾਂ ਦੀ ਸਾਰ ਹੀ ਨਹੀਂ ਲਈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਕਾਂਗਰਸ ਸਰਕਾਰ ਨੂੰ ਆਡ਼ੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਦੇ ਲੜਕਿਆਂ ਲਈ ਨੌਕਰੀਆਂ ਤਾਂ ਹਨ ਪਰ ਕਿਸਾਨੀ ਸੰਘਰਸ ਵਿੱਚ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਲਈ ਕੋਈ ਨੌਕਰੀਆਂ ਨਹੀਂ।
ਨਾਭਾ ਹਲਕੇ ਵਿੱਚ ਤਿੰਨ ਕਿਸਾਨ ਕਿਸਾਨੀ ਸੰਘਰਸ਼ ਦੇ ਦੌਰਾਨ ਦਿੱਲੀ ਦੀਆਂ ਬਰੂਹਾਂ ਤੇ ਸ਼ਹੀਦ ਹੋ ਗਏ ਸਨ। ਜਿਸ ਵਿੱਚ ਨਾਭਾ ਬਲਾਕ ਦੇ ਪਿੰਡ ਤੁੰਗਾਂ ਦੇ ਕਿਸਾਨ ਧੰਨਾ ਸਿੰਘ, ਪਿੰਡ ਸਹੌਲੀ ਦੇ ਕਿਸਾਨ ਪਾਲ ਸਿੰਘ ਅਤੇ ਪਿੰਡ ਖੇੜੀ ਜੱਟਾਂ ਦਾ ਨੌਜਵਾਨ ਨਵਜੋਤ ਸਿੰਘ ਜਿਸ ਦੀ ਉਮਰ ਕਰੀਬ 19 ਸਾਲਾਂ ਦੇ ਹੀ ਸੀ।
ਇਸ ਮੌਕੇ ਤੇ ਸ਼ਹੀਦ ਹੋਏ ਕਿਸਾਨ ਧੰਨਾ ਸਿੰਘ ਦੀ ਭੈਣ ਅਤੇ ਨੂੰਹ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਇੱਥੇ ਘਰ ਆ ਕੇ ਕਿਹਾ ਗਿਆ ਸੀ ਅਸੀਂ 5 ਦੇ ਲੱਖ ਦੇ ਨਾਲ ਨੌਕਰੀ ਦੇਵਾਂਗੇ ਪਰ 5 ਲੱਖ ਤਾਂ ਦੇ ਦਿੱਤਾ ਪਰ ਨੌਕਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਧੰਨਾ ਸਿੰਘ ਹੀ ਪਰਿਵਾਰ ਦਾ ਮੁਖੀਆ ਸੀ ਅਤੇ ਉਹ ਹੀ ਸਾਰੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਪਰ ਸਰਕਾਰ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਨਹੀਂ ਕੀਤਾ ਜਦੋਂ ਕਿ ਐਮ.ਐਲ.ਏ ਦੇ ਲੜਕਿਆਂ ਨੂੰ ਨੌਕਰੀ ਤਾਂ ਦਿੱਤੀ ਜਾ ਰਹੀ ਹੈ ਪਰ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਤੋਂ ਸਰਕਾਰ ਕਿਉਂ ਗੁਰੇਜ਼ ਕਰ ਰਹੀ ਹੈ।
ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰਨਾ ਚਾਹੀਦਾ ਹੈ ਜੇਕਰ ਸਰਕਾਰ ਵਾਅਦਾ ਪੂਰਾ ਨਹੀਂ ਕਰਦੀ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ, ਕਿਉਂਕਿ ਪਿੰਡ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਪਰਿਵਾਰ ਨੂੰ ਅਸ਼ਵਾਸਨ ਦਿੱਤਾ ਗਿਆ ਸੀ ਕਿ ਸਰਕਾਰੀ ਨੌਕਰੀ ਅਸੀਂ ਪਰਿਵਾਰ ਦੇ ਮੈਂਬਰ ਨੂੰ ਦੇਵਾਂਗੇ। ਪਰ ਉਹ ਅਜੇ ਤਕ ਨੌਕਰੀ ਨਹੀਂ ਮਿਲੀ। ਜਦੋਂ ਕਿ ਐਮ.ਐਲ.ਏ ਦੇ ਲੜਕਿਆਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਕਿਹਾ ਕਿ ਸਰਕਾਰ ਕੋਲ ਆਪਣੇ ਐਮਐਲਏ ਦੇ ਲੜਕਿਆਂ ਲਈ ਨੌਕਰੀ ਤਾਂ ਹੈ ਪਰ ਜੋ ਕਿਸਾਨੀ ਸੰਘਰਸ਼ ਵਿਚ ਕਿਸਾਨ ਸ਼ਹੀਦ ਹੋਏ ਹਨ ਉਨ੍ਹਾਂ ਵਾਸਤੇ ਨੌਕਰੀ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਇਸ ਦਾ ਖਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ ਜੋ ਵਾਅਦੇ ਕੀਤੇ ਸਨ ਉਹ ਵਾਅਦੇ ਸਰਕਾਰ ਕਿਸਾਨਾਂ ਤੇ ਖਰੀ ਨਹੀਂ ਉਤਰ ਰਹੀ।





