ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖੁਦਕੁਸ਼ੀ

ਮਾਨਸਾ, (ਗੁਰਜੰਟ ਸਿੰਘ) : ਪਿੰਡ ਅਕਲੀਆ ਦੇ ਨੌਜਵਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਦੇ ਸਿਰ ‘ਤੇ ਕਰਜ਼ਾ ਸੀ, ਕਿਸਾਨ ਕੋਲ ਤਿੰਨ ਏਕੜ ਜ਼ਮੀਨ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪਿੰਡ ਅਕਲੀਆ ਦੇ ਨੌਜਵਾਨ ਕਿਸਾਨ ਨਿਰਮਲ ਸਿੰਘ (28) ਪੁੱਤਰ ਜੋਗਿੰਦਰ ਸਿੰਘ ਦੇ ਸਿਰ ਆੜ੍ਹਤੀਏ ਤੇ ਬੈਂਕ ਦਾ ਕਰੀਬ 4 ਲੱਖ ਰੁਪਏ ਦਾ ਕਰਜ਼ਾ ਸੀ। ਕਿਸਾਨ ਆਗੂ ਹਰਦੇਵ ਸਿੰਘ ਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਮਰਹੂਮ ਕਿਸਾਨ ਨਿਰਮਲ ਸਿੰਘ ਦੇ ਪਿਤਾ ਦੀ ਮੌਤ ਕਰੀਬ ਤਿੰਨ ਮਹੀਨੇ ਪਹਿਲਾਂ ਹੋਈ ਸੀ। ਨਿਰਮਲ ਸਿੰਘ ਨੇ ਕਰਜ਼ਾ ਲਾਹੁਣ ਲਈ ਟਰੈਕਟਰ ਵੇਚ ਦਿੱਤਾ ਸੀ ਪਰ ਕਰਜ਼ਾ ਨਹੀਂ ਉਤਰਿਆ ਸੀ। ਕਿਸਾਨ ਨੇ ਸੋਮਵਾਰ ਨੂੰ ਘਰ ਵਿਚ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਤੋਂ ਬਾਅਦ ਉਸ ਨੂੰ ਮਾਨਸਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਬੁੱਧਵਾਰ ਦੀ ਸਵੇਰ ਉਸ ਦੀ ਮੌਤ ਹੋ ਗਈ। ਉਨ੍ਹਾਂ ਮੰਗ ਕੀਤੀ ਕਿ ਪਰਿਵਾਰ ਸਿਰ ਚੜ੍ਹੇ ਕਰਜ਼ੇ ‘ਤੇ ਲੀਕ ਮਾਰੀ ਜਾਵੇ ਤੇ ਸਰਕਾਰ ਪੀੜਤ ਪਰਿਵਾਰ ਦੀ ਮਦਦ ਕਰੇ। ਥਾਣਾ ਜੋਗਾ ਦੇ ਜਾਂਚ ਅਧਿਕਾਰੀ ਜਗਦੇਵ ਸਿੰਘ ਨੇ ਦੱਸਿਆ ਕਿ ਪੜਤਾਲ ਜਾਰੀ ਹੈ।





