ਲੁਧਿਆਣਾ : ਪਿਸਤੌਲ ਅਤੇ ਹੋਰ ਹਥਿਆਰਾਂ ਦੀ ਨੋਕ ‘ਤੇ ਸਕੂਟਰ ਸਵਾਰ ਦੋ ਬਦਮਾਸ਼ਾਂ ਨੇ ਪੀਆਰਟੀਸੀ ਦੀ ਬੱਸ ਰੋਕ ਕੇ ਕੰਡਕਟਰ ਕੋਲੋਂ ਨਕਦੀ ਲੁੱਟ ਲਈ। ਵਾਰਦਾਤ ਤੋਂ ਬਾਅਦ ਡਰਾਈਵਰ ਨੇ ਬੱਸ ਭਜਾਈ ਅਤੇ ਪੁਲ਼ ‘ਤੇ ਜਾ ਕੇ ਟੇਢੀ ਖੜ੍ਹੀ ਕਰ ਦਿੱਤੀ । ਵਾਰਦਾਤ ਤੋਂ ਬਾਅਦ ਬੁਰੀ ਤਰ੍ਹਾਂ ਗੁੱਸੇ ਵਿੱਚ ਆਏ ਲੋਕਾਂ ਨੇ ਟੋਲ ਪਲਾਜ਼ਾ ‘ਤੇ ਧਰਨਾ ਲਗਾ ਦਿੱਤਾ । ਇਸ ਘਟਨਾ ਤੋਂ ਬਾਅਦ ਬੁੱਧਵਾਰ ਸਵੇਰੇ ਦੋਵੇਂ ਸਾਈਡਾਂ ਤੇ ਸਾਢੇ ਤਿੰਨ ਕਿਲੋਮੀਟਰ ਲੰਬਾ ਜਾਮ ਲੱਗ ਗਿਆ ।
ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਬੱਸ ਸਟੈਂਡ ਤੋਂ ਨਿਕਲ ਕੇ ਬੱਸ ਜਲੰਧਰ ਬਾਈਪਾਸ ਪਹੁੰਚੀ । ਕੁਝ ਸਵਾਰੀਆਂ ਬਿਠਾਉਣ ਤੋਂ ਬਾਅਦ ਡਰਾਈਵਰ ਨੇ ਬੱਸ ਤੋਰ ਲਈ। ਟੋਲ ਪਲਾਜ਼ਾ ਤੋਂ ਪਹਿਲੋਂ ਸਕੂਟਰ ‘ਤੇ ਆਏ ਦੋ ਬਦਮਾਸ਼ਾਂ ਨੇ ਬੱਸ ਰੋਕ ਕੇ ਕੰਡਕਟਰ ਨੂੰ ਬਾਹਰ ਕੱਢ ਲਿਆ ਅਤੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਉਸ ਕੋਲੋਂ ਨਕਦੀ ਲੁੱਟ ਲਈ । ਡਰਾਈਵਰ ਦੇ ਕਹਿਣ ਦੇ ਮੁਤਾਬਕ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ।ਥਾਣਾ ਲਾਡੋਵਾਲ ਦੇ ਐਸਐਚਓ ਦਾ ਕਹਿਣਾ ਹੈ ਕਿ ਕੰਡਕਟਰ ਨੇ ਦੱਸਿਆ ਹੈ ਕਿ ਬਦਮਾਸ਼ ਉਸ ਕੋਲੋਂ 10ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ ਹਨ । ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਲਾਡੋਵਾਲ ਦੀ ਪੁਲਿਸ ਨੇ ਤਫਤੀਸ਼ ਸ਼ੁਰੂ ਕੀਤੀ । ਐਸਐਚਓ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰਨ ਵਿਚ ਜੁੱਟ ਗਈ ਹੈ





