
ਚੰਡੀਗੜ, (ਪੱਤਰ ਪ੍ਰੇਰਕ) : ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਖੁਦ ਕਮਾਨ ਸੰਭਾਲਣ ਦਾ ਫ਼ੈਸਲਾ ਲੈ ਲਿਆ ਹੈ। ਇਸ ਲਈ ਪ੍ਰਦੇਸ਼ ਇਕਾਈ ਦੇ ਰੋਜ਼ ਦੇ ਕੰਮਕਾਜ ਦੀ ਸਮੀਖਿਆ ਲਈ ਇੰਚਾਰਜ ਤੋਂ ਇਲਾਵਾ ਕਿਸੇ ਹੋਰ ਦਿੱਗਜ ਅਤੇ ਤਜ਼ਰਬੇਕਾਰ ਨੇਤਾ ਨੂੰ ਜ਼ਿੰਮੇਵਾਰੀ ਛੇਤੀ ਸੌਂਪੀ ਜਾਵੇਗੀ। ਬਿਹਾਰ ਚੋਣ ਨਾਲ ਨਜਿੱਠਣ ਤੋਂ ਬਾਅਦ ਹੁਣ ਕੇਂਦਰੀ ਲੀਡਰਸ਼ਿਪ ਦਾ ਪੂਰਾ ਧਿਆਨ ਪੰਜਾਬ ‘ਤੇ ਹੋਵੇਗਾ। ਕਰੀਬ ਸਵਾ ਸਾਲ ਬਾਅਦ ਸੂਬੇ ਵਿਚ ਚੋਣਾਂ ਹੋਣੀਆਂ ਹਨ ਅਤੇ ਪਾਰਟੀ ਇਸ ਮਿਆਦ ਵਿਚ ਖੁਦ ਨੂੰ ਇੰਨਾ ਮਜ਼ਬੂਤ ਕਰਨਾ ਚਾਹੁੰਦੀ ਹੈ ਕਿ ਪਹਿਲੀ ਵਾਰ ਆਪਣੇ ਦਮ ‘ਤੇ ਸੱਤਾ ‘ਤੇ ਵਿਰਾਜਮਾਨ ਹੋ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਾਰੇ ਭਾਜਪਾ ਪੰਜਾਬ ਦੀਆਂ ਚੋਣਾਂ ਜਿੱਤਣ ਦੇ ਮੂਡ ਵਿਚ ਹੈ। ਇਸ ਕਾਰਨ ਪਾਰਟੀ ਕਿਸੇ ਨੂੰ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨ ਕਰਨ ਦੀ ਥਾਂ ਮੋਦੀ ਦੇ ਨਾਮ ‘ਤੇ ਵੋਟ ਮੰਗੇਗੀ। ਇਸ ਸਮੇਂ ਸੂਬੇ ਵਿਚ ਮੋਦੀ ਦੇ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ। ਉਂਝ ਵੀ ਪੰਜਾਬ ਵਿਚ ਭਾਜਪਾ ਕੋਲ ਅਜਿਹਾ ਕੋਈ ਨੇਤਾ ਨਹੀਂ ਹੈ ਜਿਸ ਭਰੋਸੇ ਸੂਬੇ ਵਿਚ ਲਹਿਰ ਬਣਾ ਕੇ ਚੋਣਾਂ ਜਿੱਤੀਆਂ ਜਾ ਸਕਣ। ਇਹ ਵੀ ਸੰਭਵ ਹੈ ਕਿ ਹੋਰ ਦਲ ਦੇ ਦਿੱਗਜਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਜਾਵੇ ਜੋ ਤਜ਼ਰਬੇਕਾਰ ਹੋਣ ਦੇ ਨਾਲ-ਨਾਲ ਬੇਦਾਗ ਅਕਸ ਰੱਖਦਾ ਹੋਵੇ। ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਮਸਲੇ ‘ਤੇ ਐੱਨ.ਡੀ.ਏ. ਤੋਂ ਵੱਖ ਹੋਣ ਤੋਂ ਬਾਅਦ ਬਦਲੇ ਰਾਜਨੀਤਕ ਹਾਲਾਤ ਵਿਚ ਭਾਜਪਾ ਨੂੰ ਪੰਜਾਬ ਦੀ ਚੋਣਾਵੀ ਜ਼ਮੀਨ ਉਪਜਾਊ ਨਜ਼ਰ ਆਉਣ ਲੱਗੀ ਹੈ। ਅਕਾਲੀ ਦਲ ਵਲੋਂ ਦਿੱਤੇ ਗਏ ਇਸ ਅਚਾਨਕ ਝਟਕੇ ਨੂੰ ਭਾਜਪਾ ਹੁਣ ਇਕ ਚੁਣੌਤੀ ਅਤੇ ਮੌਕੇ ਦੇ ਰੂਪ ਵਿਚ ਲੈ ਰਹੀ ਹੈ। ਪੰਜਾਬ ਭਾਜਪਾ ਲੰਬੇ ਸਮੇਂ ਤੋਂ ਸੂਬੇ ਵਿਚ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜਨ ਦੀ ਗੁਹਾਰ ਹਾਈਕਮਾਨ ਨੂੰ ਲਗਾਉਂਦੀ ਰਹੀ ਹੈ ਪਰ ਹੁਣ ਅਕਾਲੀ ਦਲ ਨੇ ਖੁਦ ਹੀ ਮੌਕੇ ਦੇ ਦਿੱਤੇ ਹਨ। ਸੰਘ ਦੇ ਪੰਜਾਬ ਦੇ ਕੱਦਾਵਰ ਅਹੁਦੇਦਾਰ ਬ੍ਰਿਗੇਡੀਅਰ ਰਿਟਾਇਰਡ ਜਗਦੀਸ਼ ਗਗਨੇਜਾ ਦਾ 2016 ਵਿਚ ਕਤਲ ਕਰ ਦਿੱਤਾ ਗਿਆ ਸੀ। ਉਹ ਉਸ ਸਮੇਂ ਪੰਜਾਬ ਵਿਚ ਸੰਘ ਦੇ ਸਭ ਤੋਂ ਸਰਗਰਮ ਅਹੁਦੇਦਾਰ ਸਨ ਅਤੇ 2017 ਚੋਣਾਂ ਵਿਚ ਭਾਜਪਾ ਲਈ ਜਨਾਧਾਰ ਬਣਾਉਣ ਵਿਚ ਜੁਟੇ ਸਨ। ਗਗਨੇਜਾ ਦੀ ਹੱਤਿਆ ਨਾਲ ਤੱਦ ਭਾਜਪਾ ਨੂੰ ਵੱਡਾ ਝਟਕਾ ਲੱਗਾ ਸੀ। ਉਨ੍ਹਾਂ ਦੀ ਹੱਤਿਆ ਦੇ ਕਰੀਬ ਚਾਰ ਮਹੀਨੇ ਬਾਅਦ ਚੋਣਾਂ ਨੂੰ ਇਕੱਲੇ ਲੜਨ ਤੋਂ ਕਦਮ ਪਿੱਛੇ ਖਿੱਚ ਲਏ ਸਨ। ਇਕ ਸੀਨੀਅਰ ਪਾਰਟੀ ਨੇਤਾ ਨੇ ਦੱਸਿਆ ਕਿ 117 ਮੈਂਬਰੀ ਵਿਧਾਨ ਸਭਾ ਲਈ ਚਿਹਰਿਆਂ ਦੀ ਭਾਲ ਸੰਘ ਨੂੰ ਸੌਂਪੀ ਗਈ ਹੈ। ਇਹ ਤੈਅ ਹੈ ਕਿ ਕਰੀਬ 70 ਫੀਸਦੀ ਸਿੱਖ ਚਿਹਰਿਆਂ ਨੂੰ ਕਮਲ ‘ਤੇ ਚੋਣਾਂ ਲੜਾਈਆਂ ਜਾਣ। ਸੂਤਰਾਂ ਦੀ ਮੰਨੀਏ ਤਾਂ ਹਾਲ ਹੀ ਵਿਚ ਨਵੀਂ ਦਿੱਲੀ ਵਿਚ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਪੰਜਾਬ ਭਾਜਪਾ ਦੇ ਕੋਰ ਗਰੁਪ ਨਾਲ ਬੈਠਕ ਦੌਰਾਨ ਪਾਰਟੀ ਦੀਆਂ ਚੋਣਾਵੀ ਤਿਆਰੀਆਂ ਨੂੰ ਲੈ ਕੇ ਸਰਗਰਮੀ ਵਧਾਉਣ ਨੂੰ ਕਿਹਾ ਹੈ। ਭਾਜਪਾ ਵਿਚ ਸ਼ਾਮਿਲ ਹੋਣ ਦੇ ਇੱਛੁਕ ਕਿਸੇ ਵੀ ਧਰਮ ਜਾਂ ਵਰਗ ਦੇ ਵਿਅਕਤੀ ਲਈ ਪਾਰਟੀ ਨੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਬਸ, ਪ੍ਰਦੇਸ਼ ਲੀਡਰਸ਼ਿਪ ਨੂੰ ਪਹਿਲਾਂ ਸਬੰਧਤ ਵਿਅਕਤੀ ਦੀ ਬੈਕਗਰਾਊਂਡ ਜਾਂਚਣੀ ਹੋਵੇਗੀ।






