ਜੋ ਕਾਨੂੰਨ ਕੇਂਦਰ ਸਰਕਾਰ ਨੇ ਖੇਤੀ ਸੰਬੰਧੀ ਪਾਸ ਕੀਤੇ ਹਨ ਉਸ ਦਾ ਅਸਰ ਇਕੱਲੇ ਕਿਸਾਨ ਤੇ ਹੀ ਨਹੀਂ ਹੋਣਾ ਸਗੋਂ ਉਸ ਨਾਲ ਸਮੁੱਚੇ ਵਗਰਾਂ ਤੇ ਮਾੜਾ ਪ੍ਰਭਾਵ ਪੈਣਾ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬਾਰ ਐਸੋਸੀਏਸ਼ਨ ਬੁਢਲਾਡਾ ਵੱਲੋਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ ਤਹਿਤ ਕੰਮ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਬਾਰ ਪ੍ਰਧਾਨ ਐੱਡਵੋਕੇਟ ਜਸਵਿੰਦਰ ਸਿੰਘ ਧਾਲੀਵਾਲ ਅਤੇ ਸਕੱਤਰ ਐੱਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਹੈ ਕਿ ਜੋ ਕਾਨੂੰਨ ਕੇਂਦਰ ਸਰਕਾਰ ਨੇ ਖੇਤੀ ਸੰਬੰਧੀ ਪਾਸ ਕੀਤੇ ਹਨ ਉਸ ਦਾ ਅਸਰ ਇਕੱਲੇ ਕਿਸਾਨ ਤੇ ਹੀ ਨਹੀਂ ਹੋਣਾ ਸਗੋਂ ਉਸ ਨਾਲ ਸਮੁੱਚੇ ਵਗਰਾਂ ਤੇ ਮਾੜਾ ਪ੍ਰਭਾਵ ਪੈਣਾ ਹੈ। ਉਹਨਾਂ ਕਿਹਾ ਕਿ ਕਾਨੂੰਨਾਂ ਨੇ ਜਿੱਥੇ ਸਾਡਾ ਮੰਡੀ ਢਾਂਚਾ ਤਬਾਹ ਕਰ ਦੇਣਾ ਹੈ ਉਥੇ ਸ਼ੈਲਰਾਂ ਤੋਂ ਲੈਕੇ ਟਰੱਕਾਂ ਵਾਲਿਆਂ ਅਤੇ ਕੰਮ ਕਰਦੇ ਮਜ਼ਦੂਰਾਂ ਤੋਂ ਉਹਨਾਂ ਦਾ ਰੁਜ਼ਗਾਰ ਖੋਹਣਾ ਹੈ। ਇਹਨਾਂ ਕਾਨੂੰਨਾਂ ਨੇ ਸਰਕਾਰੀ ਐੱਫ. ਸੀ.ਆਈ. ਵਗੈਰਾ ਨੂੰ ਵੀ ਖਤਮ ਕਰ ਦੇਣਾ ਹੈ ਜਿੱਥੇ ਹਜਾਰਾਂ ਮੁਲਾਜ਼ਮ ਅਤੇ ਪੱਲੇਦਾਰ ਕੰਮ ਕਰਦੇ ਹਨ। ੳੁਹਨਾਂ ਕਿਹਾ ਕਿ ਕੇਂਦਰ ਸਰਕਾਰ ਜੋ ਐੱਮ.ਐੱਸ.ਪੀ. ਖਤਮ ਨਾ ਕਰਨ ਦਾ ਰਾਗ ਅਲਾਪ ਰਹੀ ਹੈ ਉਹ ਗਲਤ ਹੈ ਕਿਉਂਕਿ ਸਿਰਫ ਕਾਗਜੀ ਹੋਵੇਗੀ ਜਿਵੇਂ ਨਰਮੇ ਮੱਕੀ ਸਮੇਤ ਲਗਭਗ 23 ਫਸਲਾਂ ਦਾ ਐੱਮ. ਐੱਸ. ਪੀ. ਜਾਂਦਾ ਹੈ ਪਰ ਕਣਕ ਅਤੇ ਝੋਨੇ ਤੋਂ ਬਿਨਾਂ ਹੋਰ ਕਿਸੇ ਫਸਲ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸੇ ਵੀ ਫਸਲ ਦੀ ਵਿਕਰੀ ਐੱਮ.ਐੱਸ.ਪੀ. ਮੁਤਾਬਕ ਨਹੀਂ ਹੁੰਦੀ ਜਿਸ ਨਾਲ ਕਿਸਾਨਾਂ ਨੂੰ ਵੱਡਾ ਘਾਟਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ ਤੇ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹਨ ਜੇ ਕਿਸਾਨ ਖਤਮ ਹੋ ਜਾਂਦਾ ਹੈ ਤਾਂ ਦੇਸ਼ ਨੂੰ ਬਰਬਾਦ ਹੋਣ ਤੋਂ ਕੋੲੀ ਨਹੀਂ ਬਚਾ ਸਕਦਾ। ੳੁਹਨਾਂ ਕਿਹਾ ਕਿ ਬਾਰ ਇਸ ਦੇਸ਼ ਵਿਆਪੀ ਕਿਸਾਨ ਅੰਦੋਲਨ ਦੇ ਨਾਲ ਹੈ ਅਤੇ ਕਲ ਨੂੰ ਭਾਰਤ ਬੰਦ ਦੇ ਸਮੱਰਥਨ ਵਿੱਚ ਕੰਮ ਬੰਦ ਰੱਖਿਆ ਜਾਵੇਗਾ। ਇਸ ਮੌਕੇ ਐੱਡਵੋਕੇਟ ਸੁਰਜੀਤ ਸਿੰਘ ਗਰੇਵਾਲ, ਜਗਤਾਰ ਚਹਿਲ, ਜਗਦੀਪ ਸਿੰਘ ਦਾਤੇਵਾਸ, ਜਸਵਿੰਦਰ ਸਿੰਘ ਝਿੰਜਰ, ਸੁਖਦਰਸ਼ਨ ਚੌਹਾਨ, ਜਸਪ੍ਰੀਤ ਗੁਰਨੇ, ਸੁਨੀਲ ਗਰਗ, ਸੁਖਪਾਲ ਸਮਰਾ, ਕਿਰਤੀ ਸ਼ਰਮਾ, ਅਵਤਾਰ ਸਿੰਘ ਸਿੱਧੂ ਵਕੀਲ ਹਾਜ਼ਰ ਸਨ।





