ਕੋਵਿਡ ਮਹਾਂਮਾਰੀ ‘ਤੇ ਰੋਕਥਾਮ ਪਾਉਣ ਲਈ ਜ਼ਿਲ੍ਹਾ ਵਾਸੀਆਂ ਵੱਲੋਂ ਪ੍ਰਸ਼ਾਸਨਿਕ ਪੱਧਰ ‘ਤੇ ਦਿੱਤਾ ਜਾ ਰਿਹਾ ਸਹਿਯੋਗ

ਮਾਨਸਾ ( ਗੁਰਜੰਟ ਸਿੰਘ ਬਾਜੇਵਾਲੀਆ) : ਕੋਵਿਡ ਮਹਾਂਮਾਰੀ ‘ਤੇ ਰੋਕਥਾਮ ਪਾਉਣ ਲਈ ਜ਼ਿਲ੍ਹਾ ਵਾਸੀਆਂ ਵੱਲੋਂ ਪ੍ਰਸ਼ਾਸਨਿਕ ਪੱਧਰ ‘ਤੇ ਦਿੱਤੇ ਜਾ ਰਹੇ ਸਹਿਯੋਗ ਅਤੇ ਸਿਹਤ ਸਾਵਧਾਨੀਆਂ ਦੀ ਪਾਲਣਾ ਕੀਤੇ ਜਾਣ ਸਦਕਾ ਹੁਣ ਜ਼ਿਲ੍ਹੇ ਵਿੱਚ ਕੇਵਲ 12 ਐਕਟਿਵ ਕੇਸ ਰਹਿ ਗਏ ਹਨ ਜਿਨ੍ਹਾਂ ਦੇ ਜਲਦੀ ਹੀ ਸਿਹਤਯਾਬ ਹੋਣ ਦੀ ਉਮੀਦ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਐਕਟਿਵ ਕੇਸਾਂ ਦੀ ਗਿਣਤੀ ਘਟ ਜਾਣ ਦੇ ਬਾਵਜੂਦ ਸੈਂਪਲਿੰਗ ਪ੍ਰਕਿਰਿਆ ਲਗਾਤਾਰ ਜਾਰੀ ਹੈ ਤਾਂ ਜੋ ਇਹ ਨਾਮੁਰਾਦ ਬਿਮਾਰੀ ਮੁੜ ਆਪਣੇ ਪੈਰ ਨਾ ਪਸਾਰ ਸਕੇ। ਉਨ੍ਹਾਂ ਦੱਸਿਆ ਕਿ ਅੱਜ 331 ਨਾਗਰਿਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ ਅਤੇ ਹੁਣ ਤੱਕ ਜ਼ਿਲ੍ਹਾ ਮਾਨਸਾ ਵਿਖੇ ਸਿਹਤ ਵਿਭਾਗ ਦੀਆਂ ਸੈਂਪਲਿੰਗ ਟੀਮਾਂ ਵੱਲੋਂ 1 ਲੱਖ 442 ਸੈਂਪਲ ਲੈ ਕੇ ਜਾਂਚ ਕਰਵਾਈ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁਲ 2483 ਨਾਗਰਿਕ ਕੋਰੋਨਾ ਪਾਜੀਟਿਵ ਪਾਏ ਗਏ ਸਨ ਜਿਨ੍ਹਾਂ ਵਿੱਚੋਂ 2418 ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਸਨ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਮਾੜੇ ਪ੍ਰਭਾਵਾਂ ਤੋਂ ਮੁਕਤ ਰਹਿਣ ਲਈ ਮਾਸਕ ਪਾ ਕੇ ਰੱਖਿਆ ਜਾਣਾ ਚਾਹੀਦਾ ਹੈ ਅਤੇ ਸਿਹਤ ਸਬੰਧੀ ਹੋਰ ਸਲਾਹਾਂ ਦੀ ਵੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।






