17.1 C
Chandigarh

TODAY NOW NEWS

Thursday, March 19, 2026

ਚਾਹ

ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ

ਚਾਹ ਨੇ ਅੱਜ ਸਾਰੇ ਸੰਸਾਰ ਨੂੰ ਅਪਣੀ ਜਕੜ ਚ ਲੈ ਲਿਆ ਹੈ। ਚਾਹ ਦੀ ਮਹਿਮਾਨ ਨਿਵਾਜ਼ੀ ਬਗੈਰ ਕੋਈ ਵੀ ਫੰਕਸ਼ਨ, ਪ੍ਰੋਗਰਾਮ ਅਧੂਰਾ ਸਮਝਿਆ ਜਾਂਦਾ ਹੈ।
ਇਸ ਵਕਤ ਸੰਸਾਰ ਵਿੱਚ ਪਾਣੀ ਤੋਂ ਬਾਅਦ ਸਭ ਤੋਂ ਵੱਧ ਪੀਤਾ ਜਾਣ ਵਾਲਾ ਪਦਾਰਥ ਚਾਹ ਹੀ ਹੈ। ਚਾਹ ਪੀਣਾ ਲੋਕਾਂ ਦਾ ਸਟਾਈਲ, ਜ਼ਰੂਰਤ, ਆਦਤ, ਮਜਬੂਰੀ ਤੇ ਸਟੇਟਸ ਸਿੰਬਲ ਬਣ ਗਿਆ ਹੈ।
ਅਸਲ ਵਿੱਚ ਚਾਹ ਇੱਕ ਚਾਇਨੀਜ਼ ਮੈਡੀਸਿਨ ਹੈ। ਯਾਨਿ ਕਿ ਇਹ ਇੱਕ ਦਵਾਈ ਹੈ। ਲੇਕਿਨ ਕੁੱਝ ਚਲਾਕ ਲੋਕਾਂ ਨੇ ਇਹਦੇ ਬਹੁਤ ਫਾਇਦੇ ਦੱਸਕੇ ਆਸਾਨੀ ਨਾਲ ਪੈਸੇ ਕਮਾਉਣ ਲਈ ਭੋਲੇ ਭਾਲੇ ਲੋਕਾਂ ਨੂੰ ਇਹਦਾ ਆਦੀ ਕਰ ਦਿੱਤਾ ਹੈ।
ਇਸਦੀ ਕਾਢ ਅੱਜ ਤੋਂ 4755 ਸਾਲ ਪਹਿਲਾਂ ਚੀਨ ਦੇ ਸਮਰਾਟ ਸ਼ੇਨ ਨੁੰਗ ਨੇ ਕੱਢੀ ਸੀ। ਉਹ ਕੁਦਰਤੀ ਜੜੀ ਬੂਟੀਆਂ ਤੇ ਅਨੇਕ ਤਰਾਂ ਦੇ ਤਜ਼ਰਬੇ ਕਰਦਾ ਰਹਿੰਦਾ ਸੀ। ਉਹਨੇ ਅਨੇਕ ਨੈਚਰੋਪੈਥ, ਹਰਬਲਿਸਟ ਤੇ ਹਰ ਤਰਾਂ ਦੀਆਂ ਦਵਾਈਆਂ ਚ ਰੁਚੀ ਰੱਖਣ ਵਾਲੇ ਮਾਹਿਰ ਲੋਕ ਤਨਖਾਹ ਤੇ ਰੱਖੇ ਹੋਏ ਸਨ।
ਉਹਨੇ ਹਜ਼ਾਰਾਂ ਹੀ ਚਾਇਨੀਜ਼ ਦਵਾਈਆਂ ਦੀ ਖੋਜ ਕੀਤੀ। ਉਹਨੂੰ ਚਾਇਨੀਜ਼ ਮੈਡੀਸਿਨ ਦਾ ਪਿਤਾਮਾ ਕਿਹਾ ਜਾਂਦਾ ਹੈ। ਵੀਅਤਨਾਮ ਵਾਲੇ ਵੀ ਉਹਨੂੰ ਅਪਣਾ ਵਡੇਰਾ ਮੰਨਦੇ ਹਨ।
ਉਹ ਅਸਲ ਵਿੱਚ ਦਵਾਈਆਂ ਦੇ ਜ਼ਰੀਏ ਹਮੇਸ਼ਾ ਜਵਾਨ ਰਹਿਣਾ ਚਾਹੁੰਦਾ ਸੀ ਤੇ ਬਹੁਤ ਲੰਬੀ ਉਮਰ ਕਰਨੀ ਚਾਹੁੰਦਾ ਸੀ। ਜਦੋਂ ਵੀ ਕੋਈ ਉਹਨੂੰ ਕਿਸੇ ਦਵਾਈ ਦੇ ਗੁਣ ਦਸਦਾ ਸੀ ਤਾਂ ਉਹ ਖੁਦ ਵੀ ਅਜ਼ਮਾਉਂਦਾ ਸੀ।
ਉਹਨੇ ਅਨੇਕ ਜ਼ਹਿਰਾਂ ਦੀ ਵੀ ਕਾਢ ਕੱਢੀ ਸੀ। ਇੱਕ ਜ਼ਹਿਰੀਲੀ ਦਵਾਈ aconitum ਅਜ਼ਮਾਇਸ਼ ਵਜੋਂ ਜ਼ਿਆਦਾ ਖਾ ਜਾਣ ਕਾਰਨ ਉਹਦੀ ਮੌਤ ਹੋ ਗਈ ਸੀ।
ਖੈਰ ਆਪਾਂ ਚਾਹ ਬਾਰੇ ਗੱਲ ਕਰ ਰਹੇ ਸੀ। ਜਦੋਂ ਉਸਨੇ ਚਾਹ ਦੀ ਵਰਤੋਂ ਕੀਤੀ ਤਾਂ ਉਸਨੇ ਇਹਨੂੰ ਥਕਾਵਟ ਉਤਾਰਨ ਵਾਲੀ ਤੇ ਮਨ ਨੂੰ ਖੁਸ਼ ਕਰਨ ਵਾਲੀ ਦਵਾਈ ਦੱਸਿਆ।
ਪ੍ਰੰਤੂ ਅਸਲ ਵਿੱਚ ਇਹ ਇੱਕ ਨਸ਼ਾ ਹੈ। ਸਾਰੇ ਹੀ ਨਸ਼ੇ ਅਜਿਹਾ ਹੀ ਅਸਰ ਦਿਖਾਉਂਦੇ ਹਨ। ਇਸ ਵਿੱਚ ਬਹੁਤ ਸਾਰੇ ਹਾਨੀਕਾਰਕ ਤੇ ਵਿਸ਼ੈਲੇ ਤੱਤ ਹੁੰਦੇ ਹਨ।
ਇਹ ਦਿਲ, ਜਿਗਰ, ਗੁਰਦੇ, ਖੂਨ, ਵਾਲਾਂ, ਚਮੜੀ, ਪਿੱਤੇ ਸੰਬੰਧੀ ਅਨੇਕ ਰੋਗ ਬਣਾ ਸਕਦੀ ਹੈ। ਇਹ ਮਨੁੱਖੀ ਡੀ ਐਨ ਏ ਵਿਚ ਵੀ ਨੁਕਸ ਪਾਉਂਦੀ ਹੈ।
ਜ਼ਿਆਦਾ ਚਾਹ ਪੀਣ ਵਾਲਾ ਵਿਅਕਤੀ ਮਾਨਸਿਕ ਰੋਗੀ ਹੋ ਸਕਦਾ ਹੈ। ਉਹਦੇ ਆਤਮਹੱਤਿਆ ਕਰਨ ਦੇ ਚਾਂਸ ਵੀ ਹੁੰਦੇ ਹਨ। ਜਿਹਨਾਂ ਇਲਾਕਿਆਂ ਚ ਆਤਮਹੱਤਿਆ, ਨਸ਼ਾਖੋਰੀ, ਘਰੇਲੂ ਹਿੰਸਾ, ਨਿਕੰਮਾਪਨ, ਜੂਆ, ਲੁੱਟ ਖਸੁੱਟ, ਬਲਾਤਕਾਰ ਆਦਿ ਜਿਹੇ ਘਿਣਾਉਣੇ ਅਪਰਾਧ ਜ਼ਿਆਦਾ ਹਨ ਉਹਨਾਂ ਇਲਾਕਿਆਂ ਵਿੱਚ ਹੀ ਚਾਹ ਦੀ ਵੀ ਵਰਤੋਂ ਜ਼ਿਆਦਾ ਹੈ।
ਚਾਹ ਦੀ ਵਰਤੋਂ ਕਾਰਨ ਮਰਦਾਂ ਵਿੱਚ ਸ਼ੁਕਰਾਣੂੰ ਦੋਸ਼ ਬਣ ਸਕਦੇ ਹਨ। ਔਰਤਾਂ ਚ ਹਾਰਮੋਨਲ ਇੰਬੈਲੰਸ ਬਣ ਜਾਂਦੇ ਹਨ। ਨਤੀਜੇ ਵਜੋਂ ਔਰਤ ਬਾਂਝ ਹੋ ਸਕਦੀ ਹੈ। ਉਹਦੀ ਫਿਗਰ ਖਰਾਬ ਹੋ ਸਕਦੀ ਹੈ। ਅੰਡਦਾਨੀਆਂ ਚ ਨੁਕਸ ਪੈ ਸਕਦਾ ਹੈ। ਸਰੀਰ ਤੇ ਅਣਲੋੜੀਂਦੇ ਵਾਲ ਆ ਸਕਦੇ ਹਨ।
ਚਾਹ ਬੱਚਿਆਂ ਦੇ ਕੱਦ ਕਾਠ ਦਾ ਵਾਧਾ ਵਿਕਾਸ ਰੋਕਦੀ ਹੈ। ਬੱਚਿਆਂ ਚ ਚਿੜਚਿੜਾਪਨ, ਆਲਸ, ਇਕੱਲੇ ਰਹਿਣ ਦੀ ਆਦਤ, ਨਸ਼ਿਆਂ ਵੱਲ ਝੁਕਾਅ, ਭੁੱਖ ਘੱਟ, ਖੁਸ਼ਕੀ, ਵਾਲਾਂ ਦਾ ਜਲਦੀ ਸਫੈਦ ਹੋਣਾ ਆਦਿ ਨੁਕਸ ਪੈਦਾ ਕਰ ਸਕਦੀ ਹੈ।
ਬਜ਼ੁਰਗਾਂ ਚ ਕਬਜ਼, ਕਮਜ਼ੋਰ ਯਾਦਾਸ਼ਤ, ਉਨੀਂਦਰਾ, ਬੇਚੈਨੀ, ਸਾਹ ਚੜਨਾ, ਕੰਨਾਂ ਅਤੇ ਅੱਖਾਂ ਦੀ ਖੁਸ਼ਕੀ, ਵਾਰ ਵਾਰ ਪਿਸ਼ਾਬ ਆਉਣਾ ਆਦਿ ਨੁਕਸ ਪਾ ਸਕਦੀ ਹੈ।
ਚਾਹ ਵਿੱਚ caffeine, theobromine, theophylline, xanthines, tannins ਆਦਿ ਸਿਹਤ ਵਿਗਾੜੂ ਤੱਤ ਭਾਰੀ ਤੌਰ ਤੇ ਹੁੰਦੇ ਹਨ।


ਹੁਣ ਤਾਂ ਚਾਹ ਨੂੰ ਹੋਰ ਵੀ ਸੁਆਦੀ ਬਣਾਉਣ ਵਾਸਤੇ ਇਸ ਚ ਕਈ ਕਿਸਮ ਦੇ ਰੰਗ, ਫਲੇਅਵਰ ਤੇ ਤੇਲ ਵੀ ਮਿਲਾਏ ਜਾਂਦੇ ਹਨ ਜੋ ਕਿ ਹੋਰ ਵੀ ਖਤਰਨਾਕ ਹਨ।
ਇਸ ਵਕਤ ਲੱਕੜ ਨੂੰ ਪੱਤੀ ਵਾਂਗ ਕੁਤਰਕੇ ਨਕਲੀ ਰੰਗ ਤੇ ਨਕਲੀ ਫਲੇਅਵਰਜ਼ ਲਾਕੇ ਬਾਜ਼ਾਰ ਵਿੱਚ ਨਕਲੀ ਚਾਹ ਵੇਚੀ ਜਾ ਰਹੀ ਹੈ। ਹੋਟਲਾਂ, ਢਾਬਿਆਂ ਚ ਇੱਕ ਵਾਰ ਵਰਤੀ ਗਈ ਚਾਹ ਨੂੰ ਵੀ ਦੁਬਾਰਾ ਰੰਗ ਕਰਕੇ ਵੇਚਿਆ ਜਾ ਰਿਹਾ ਹੈ।
ਵੱਖ ਵੱਖ ਦੇਸ਼ਾਂ ਵਿੱਚ ਇਹ ਖਤਰਨਾਕ ਚੀਜ਼ ਅੰਗਰੇਜ਼ਾਂ, ਪੁਰਤਗਾਲੀਆਂ, ਜਪਾਨੀਆਂ ਨੇ ਜ਼ਿਆਦਾ ਕਰਕੇ ਫੈਲਾਈ ਹੈ। ਇਹੋ ਨਸਲਾਂ ਅਪਣੇ ਆਪ ਨੂੰ ਜ਼ਿਆਦਾ ਹੀ ਸਿਆਣੀਆਂ ਤੇ ਤਾਕਤਵਰ ਸਮਝਦੀਆਂ ਸੀ।
ਇਹਨਾਂ ਨੇ ਦੁਨੀਆਂ ਵਿੱਚ ਚਾਹ ਫੈਲਾਕੇ ਬਹੁਤ ਵੱਡੀ ਮੂਰਖਤਾ ਕੀਤੀ ਹੈ। ਇਹੋ ਕੌਮਾਂ ਹੁਣ ਚਾਹ ਦੇ ਨਸ਼ੇ ਤੋਂ ਅੱਗੇ ਵਧਕੇ ਸੰਸਾਰ ਵਿੱਚ ਜੰਕ ਫੂਡ, ਫਾਸਟ ਫੂਡ, ਬੇਕਰੀ ਪ੍ਰੋਡਕਟਸ, ਬੌਟਲਡ ਫੂਡ ਆਦਿ ਫੈਲਾਉਣ ਚ ਲੱਗੀਆਂ ਹੋਈਆਂ ਹਨ।
ਇਸ ਤੋਂ ਬਾਅਦ ਮੰਗੋਲੀਆ, ਨਿਪਾਲ ਤੇ ਤਿਬਤੀ ਲੋਕਾਂ ਨੇ ਚਾਹ ਵਿੱਚ ਮੱਖਣ ਜਾਂ ਘਿਉ ਤੇ ਰੌਕ ਸਾਲਟ ਪਾਉਣਾ ਸ਼ੁਰੂ ਕੀਤਾ। ਸ਼੍ਰੀ ਲੰਕਾ ਵਾਲਿਆਂ ਨੇ ਚਾਹ ਚ ਦਾਲਚੀਨੀ, ਦੱਖਣ ਭਾਰਤੀਆਂ ਨੇ ਅਦਰਕ, ਆਸਾਮੀ ਲੋਕਾਂ ਨੇ ਚਾਹ ਵਿੱਚ ਲੌਂਗ, ਮਲੇਸ਼ੀਆ, ਹੌਂਗਕੌਂਗ, ਸਿੰਘਾਪੁਰ ਵਾਲਿਆਂ ਨੇ ਚਾਹ ਚ ਕੰਡੈਂਸਡ ਮਿਲਕ, ਉੱਤਰ ਭਾਰਤੀਆਂ ਨੇ ਚਾਹ ਚ ਦੁੱਧ ਤੇ ਮਿੱਠਾ ਪਾਉਣਾ ਸ਼ੁਰੂ ਕੀਤਾ ਜਦੋਂ ਕਿ ਪਾਕਿਸਤਾਨੀ ਪੰਜਾਬੀਆਂ ਨੇ ਚਾਹ ਚ ਗੁੜ ਪਾਉਣਾ ਸ਼ੁਰੂ ਕੀਤਾ।
ਚਾਹ ਨੇ ਭਾਰਤੀ ਅਤੇ ਪਾਕਿਸਤਾਨੀ ਪੰਜਾਬੀਆਂ ਦਾ ਬਹੁਤ ਨੁਕਸਾਨ ਕੀਤਾ ਹੈ। ਇਸੇ ਚਾਹ ਨੇ ਪੰਜਾਬੀਆਂ ਦੀ ਦੁੱਧ, ਲੱਸੀ, ਅਧਰਿੜਕ ਆਦਿ ਦੀ ਆਦਤ ਛੁਡਵਾਈ , ਪੰਜਾਬੀਆਂ ਨੂੰ ਆਲਸੀ ਬਣਾਇਆ ਤੇ ਨਸ਼ਿਆਂ ਵੱਲ ਵੀ ਚਾਹ ਨੇ ਹੀ ਪ੍ਰੇਰਿਤ ਕੀਤਾ।
ਚੀਨ ਦੇ ਰੈਸਟੋਰੈਂਟਾਂ ਚ ਟੀ ਰੂਮ ਚ ਗਰਮਾ ਗਰਮ ਚਾਹ ਨੂੰ ਇਕ ਗਿਲਾਸ ਤੋਂ ਦੂਜੇ ਗਿਲਾਸ ਚ ਉਚਾ ਚੁੱਕ ਚੁੱਕ ਕੇ ਪਾਇਆ ਜਾਂਦਾ ਹੈ ਤਾਂ ਕਿ ਚਾਹ ਝੱਗਦਾਰ ਬਣ ਸਕੇ।
ਹਰ ਮਾਂ ਬਾਪ ਚਾਹੁੰਦਾ ਹੈ ਕਿ ਉਹਦਾ ਬੱਚਾ ਨਸ਼ੱਈ ਨਾਂ ਬਣੇ। ਲੇਕਿਨ ਭੋਲੇ ਮਾਪਿਆਂ ਨੂੰ ਇਹ ਨਹੀਂ ਪਤਾ ਕਿ ਉਹ ਗਰਭਵਤੀ ਮਾਂ ਨੂੰ ਵੀ ਚਾਹ ਪਿਲਾ ਕੇ ਜੰਮਣ ਵਾਲੇ ਬੱਚੇ ਨੂੰ ਜਨਮ ਤੋਂ ਪਹਿਲਾਂ ਹੀ ਨਸ਼ੇ ਲੈਣ ਲਈ ਪ੍ਰੇਰਿਤ ਕਰ ਬੈਠਦੇ ਹਨ।
ਫਿਰ ਜੰਮਦੇ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਚਾਹ ਤੇ ਲਾ ਲੈਂਦੇ ਹਨ। ਅਜਿਹੇ ਚਾਹ ਦੇ ਆਦੀ ਬੱਚੇ ਝਗੜਾਲੂ, ਵਿਹਲੜ, ਨਸ਼ੱਈ, ਖੁਦਗਰਜ਼, ਨਿਕੰਮੇ, ਘੱਟ ਦਿਮਾਗ ਵਾਲੇ ਹੀ ਬਣਨ ਗੇ।
ਚਾਹ ਤੇਜ਼ਾਬੀ ਖਾਣਿਆਂ ਚ ਆਉਂਦੀ ਹੈ। ਤੇਜ਼ਾਬੀ ਖਾਣੇ ਸਾਰੇ ਹੀ ਸਿਹਤ ਦਾ ਨੁਕਸਾਨ ਕਰਦੇ ਹਨ। ਚਾਹ, ਕੌਫੀ, ਕੋਲਡ ਡਰਿੰਕ, ਪ੍ਰਾਸੈਸਡ ਜਾਂ ਚਿਲਡ ਫੂਡ, ਬੋਤਲਬੰਦ ਖਾਣੇ, ਜੰਕ ਫੂਡ, ਫਾਸਟ ਫੂਡ, ਤਲੇ ਤੜਕੇ ਖਾਣੇ, ਮਠਿਆਈ, ਬੇਕਰੀ ਪ੍ਰੋਡਕਟਸ ਆਦਿ ਦੇ ਇਲਾਵਾ ਹਰ ਤਰ੍ਹਾਂ ਦੇ ਨਸ਼ੇ ਵਿਸਕੀ, ਰੱਮ, ਬੀਅਰ, ਵਾਈਨ, ਰੂੜੀ ਮਾਰਕਾ, ਸਿਗਰਟ, ਤੰਬਾਕੂ, ਅਫੀਮ, ਭੁੱਕੀ, ਪੋਸਤ, ਸਮੈਕ ਅਤੇ ਮੈਡੀਕਲ ਨਸ਼ੇ ਵੀ ਤੇਜ਼ਾਬੀ ਖਾਣੇ ਹਨ।
ਇਹ ਸਾਰੇ ਸੰਸਾਰ ਵਿੱਚ ਹੀ ਧੜੱਲੇ ਨਾਲ ਵੇਚੇ ਖਰੀਦੇ ਜਾਂਦੇ ਹਨ। ਸਰਕਾਰਾਂ ਤੇ ਸੰਸਥਾਵਾਂ ਵੀ ਜਾਣੇ ਅਣਜਾਣੇ ਵਿੱਚ ਇਹਨਾਂ ਖਤਰਨਾਕ ਚੀਜ਼ਾਂ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੀਆਂ ਹਨ।
ਬਹੁਤੇ ਧਾਰਮਿਕ ਸਥਾਨਾਂ ਵਿੱਚ ਵੀ ਚਾਹ, ਕੋਲਡ ਡਰਿੰਕਸ, ਰੂਹ ਅਫਜਾ, ਤਲੇ ਬਰੈੱਡ, ਪਕੌੜੇ, ਪੂੜੀਆਂ, ਮਠਿਆਈਆਂ ਆਦਿ ਦੇ ਲੰਗਰ ਵੀ ਲਗਾਏ ਜਾ ਰਹੇ ਹਨ ਤੇ ਇਹਨਾਂ ਖਤਰਨਾਕ ਖਾਣਿਆਂ ਦੀ ਵਿਰੋਧਤਾ ਵੀ ਨਹੀਂ ਕੀਤੀ ਜਾ ਰਹੀ।
ਜੇ ਕੋਈ ਇੱਕਾ ਦੁੱਕਾ ਵਿਅਕਤੀ ਇਸਦੀ ਵਿਰੋਧਤਾ ਵੀ ਕਰਦਾ ਹੈ ਤਾਂ ਉਹ ਵੀ ਖੁਦ ਇਹਨਾਂ ਚੀਜ਼ਾਂ ਨੂੰ ਵਰਤ ਹੀ ਰਿਹਾ ਹੁੰਦਾ ਹੈ ਜਾਂ ਉਸਦੇ ਪਰਿਵਾਰ ਵਾਲੇ ਇਸਤਰਾਂ ਦੇ ਊਟਪਟਾਂਗ ਖਾਣਿਆਂ ਦੀ ਵਰਤੋੰ ਕਰ ਰਹੇ ਹੁੰਦੇ ਹਨ।
ਵਿਗਿਆਨੀਆਂ, ਡਾਕਟਰਾਂ ਅਤੇ ਸਿਹਤ ਸਰਵੇਖਣ ਕਰਨ ਵਾਲਿਆਂ ਤੇ ਸਭ ਸਰਕਾਰਾਂ ਨੂੰ ਚੰਗੀ ਤਰਾਂ ਪਤਾ ਹੈ ਕਿ ਸੰਸਾਰ ਵਿੱਚ ਮਨੁੱਖ ਦੇ ਸਮੇਂ ਤੋਂ ਪਹਿਲਾਂ ਮਰਨ ਅਤੇ ਰੋਗੀ ਹੋਣ ਵਿਚ ਸਭ ਤੋਂ ਵੱਧ ਇਹੋ ਖਤਰਨਾਕ ਖਾਣੇ ਜ਼ਿੰਮੇਵਾਰ ਹਨ।


ਲੇਕਿਨ ਫਿਰ ਵੀ ਇਹਨਾਂ ਖਤਰਨਾਕ ਖਾਣਿਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਬਲਕਿ ਸਰਕਾਰੀ ਦੇਖ ਰੇਖ ਹੇਠ ਹੋਰ ਵਰਤੋਂ ਵਧਾਈ ਜਾ ਰਹੀ ਹੈ। ਕਾਰਪੋਰੇਟ ਘਰਾਣਿਆਂ ਦੁਆਰਾ ਹੀ ਸੰਸਾਰ ਵਿੱਚ ਪ੍ਰਚਾਰਿਆ ਤੇ ਵੇਚਿਆ ਜਾ ਰਿਹਾ ਹੈ।
ਸਭ ਤੋਂ ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਇਸ ਵਕਤ ਸਾਰੇ ਸੰਸਾਰ ਵਿੱਚ ਟੀਵੀ ਚੈਨਲਾਂ, ਅਖ਼ਬਾਰਾਂ, ਮੈਗ਼ਜ਼ੀਨਾਂ ਆਦਿ ਤੇ ਵੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੈ। ਬਹੁਤੇ ਦੇਸ਼ਾਂ ਦੀਆਂ ਸਰਕਾਰਾਂ ਵੀ ਕਾਰਪੋਰੇਟ ਘਰਾਣਿਆਂ ਦੀ ਸਹਾਇਤਾ ਨਾਲ ਬਣਦੀਆਂ ਹਨ ਤੇ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰਦੀਆਂ ਹਨ।
ਦੁਨੀਆਂ ਵਿੱਚ ਸਿੱਖ ਧਰਮ ਇੱਕ ਐਸਾ ਧਰਮ ਸੀ ਜਿਸ ਤੋਂ ਉਮੀਦ ਸੀ ਕਿ ਇਹ ਹਰ ਤਰਾਂ ਦੇ ਨਸ਼ਿਆਂ ਦੇ ਖਿਲਾਫ ਕੰਮ ਕਰੇਗਾ। ਕਿਉਂਕਿ ਸਿੱਖ ਧਰਮ ਵਿੱਚ ਹਰ ਤਰ੍ਹਾਂ ਦੇ ਨਸ਼ਿਆਂ ਦੀ ਸਖ਼ਤ ਮਨਾਹੀ ਹੈ ਲੇਕਿਨ ਸਿੱਖ ਵੀ ਵੱਡੀ ਗਿਣਤੀ ਚ ਚਾਹ, ਕੌਫੀ, ਜੰਕ ਫੂਡ ਤੇ ਕੋਲਡ ਡਰਿੰਕਸ ਆਦਿ ਦੇ ਆਦੀ ਹੋ ਚੁੱਕੇ ਹਨ।
ਇੱਥੋਂ ਤੱਕ ਕਿ ਉਹ ਗੁਰਦੁਆਰਿਆਂ ਵਿੱਚ ਚਾਹ ਕੌਫੀ ਦੇ ਲੰਗਰ ਲਾ ਰਹੇ ਹਨ ਤੇ ਘੜੇ ਦੇ ਪਾਣੀ ਦੀ ਜਗ੍ਹਾ ਰੂਹ ਅਫਜ਼ਾ, ਫਰੂਟੀ, ਕੋਲਡ ਡਰਿੰਕਸ ਆਦਿ ਜ਼ਹਿਰੀਲੇ ਡਰਿੰਕਸ ਪਿਆ ਰਹੇ ਹਨ।
ਅੱਜ ਸਿੱਖ ਵੀ ਚਾਹ ਪੀਤੇ ਬਿਨਾਂ ਬਿਸਤਰ ਚੋਂ ਉਠਦੇ ਨਹੀਂ। ਪਤਾ ਨਹੀਂ ਕਿਉਂ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ ਕਿ ਸਤਿਗੁਰੂ ਨਾਨਕ ਨੇ ਪੈਦਲ ਚਲਦਿਆਂ ਅੱਧੀ ਦੁਨੀਆਂ ਗਾਹ ਦਿੱਤੀ ਤੇ ਕਦੇ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕੀਤਾ ਤੇ ਨਾਂ ਹੀ ਕਦੇ ਚਾਹ ਵਗੈਰਾ ਪੀਤੀ।
ਉਹ ਭੁੱਲ ਰਹੇ ਹਨ ਕਿ ਜਦੋਂ ਨਿੱਕੀਆਂ ਨਿੱਕੀਆਂ ਜਿੰਦਾਂ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਵਿੱਚ ਮੁਗਲਾਂ ਨੇ ਕੈਦ ਕਰ ਰੱਖਿਆ ਸੀ, ਐਨੀ ਠੰਢ ਵਿੱਚ ਵੀ ਉਹਨਾਂ ਨੇ ਆਖਰੀ ਵਾਰ ਸਿਰਫ ਦੁੱਧ ਹੀ ਪੀਤਾ ਸੀ। ਉਹਨਾਂ ਨੇ ਚਾਹ ਜਾਂ ਕੌਫੀ ਨਹੀਂ ਪੀਤੀ।
ਹਾਲਾਂ ਕਿ ਉਦੋਂ ਅਜੇ ਭਾਰਤ ਵਿੱਚ ਚਾਹ ਕੌਫ਼ੀ ਪ੍ਰਚੱਲਿਤ ਨਹੀਂ ਸੀ। ਸਿੱਖਣ ਵਾਲੀ ਗੱਲ ਇਹ ਹੈ ਕਿ ਜੇ ਉਦੋਂ ਲੋਕ ਐਨੀ ਸਰਦੀ ਆਦਿ ਦੌਰਾਨ ਵੀ ਬਿਨਾਂ ਕਿਸੇ ਨਸ਼ੀਲੇ ਪਦਾਰਥ ਦੇ ਰਹਿ ਸਕਦੇ ਸੀ ਤਾਂ ਹੁਣ ਕਿਉਂ ਨਹੀਂ ਰਿਹਾ ਜਾ ਸਕਦਾ।
ਸਿੱਖਾਂ ਦੇ ਬੱਚਿਆਂ ਲਈ ਸਾਹਿਬਜ਼ਾਦਿਆਂ ਤੋਂ ਵੱਡਾ ਹੋਰ ਕੌਣ ਹੀਰੋ ਹੈ।ਇਸ ਲਈ ਸਾਹਿਬਜ਼ਾਦਿਆਂ ਵਾਲੀ ਖੁਰਾਕ ਹੀ ਸਭ ਸਿੱਖ ਬੱਚਿਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਜੇ ਬੱਚੇ ਚਾਹ ਦੀ ਥਾਂ ਦੁੱਧ ਪੀਣ ਤੋਂ ਆਨਾਕਾਨੀ ਕਰਨ ਤਾਂ ਉਹਨਾਂ ਨੂੰ ਠੰਢੇ ਬੁਰਜ ਦੀ ਦਿਲ ਕੰਬਾਊ ਤਕਲੀਫ਼ ਦੌਰਾਨ ਵੀ ਭੋਰਾ ਭਰ ਬੱਚਿਆਂ ਦੇ ਸਿਦਕ ਦੀ ਉਦਾਹਰਣ ਦਿੱਤੀ ਜਾਵੇ।
ਜੇ ਸਿੱਖ ਅਪਣੀ ਨਵੀਂ ਪਨੀਰੀ ਨੂੰ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਰਹਿਤ ਰੱਖਣ ਚ ਕਾਮਯਾਬ ਹੋ ਜਾਂਦੇ ਹਨ ਤਾਂ ਕਮਾਲ ਦੇ ਸਿੱਖ ਧਰਮ ਨੂੰ ਇਸ ਸੰਸਾਰ ਤੇ ਬੁਲੰਦੀਆਂ ਤੇ ਰੱਖਿਆ ਜਾ ਸਕਦਾ ਹੈ।
ਸਿੱਖ ਕੌਮ ਚ ਜਿੱਥੇ ਹੋਰ ਬਹੁਤ ਜ਼ਿਆਦਾ ਵਿਲੱਖਣ ਗੁਣ ਹਨ, ਉਥੇ ਸਿੱਖ ਕੌਮ ਦੇ ਇੱਕ ਸਮਾਜ ਸੇਵਾ ਦੇ ਗੁਣ ਕਾਰਨ ਹੀ ਸਿੱਖ ਸਾਰੇ ਸੰਸਾਰ ਵਿੱਚ ਨਾਮਣਾ ਖੱਟ ਰਹੇ ਹਨ।
‌‌ ਭੁੱਖ਼ੇ ਪਿਆਸਿਆਂ ਲਈ ਸਾਰੇ ਸੰਸਾਰ ਵਿੱਚ ਗੁਰਦੁਆਰਿਆਂ ਵਿੱਚ ਸਦੀਆਂ ਤੋਂ ਲਗਾਤਾਰ ਲੰਗਰ ਲੱਗ ਰਹੇ ਹਨ। ਗੁਰਦੁਆਰਿਆਂ ਵਿੱਚ ਹਰ ਇੱਕ ਨੂੰ ਮੁਫ਼ਤ ਰਿਹਾਇਸ਼ ਦਿੱਤੀ ਜਾ ਰਹੀ ਹੈ।
ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦੁਆਰਾ ਆਕਸੀਜਨ ਸਿਲੰਡਰ, ਮਾਸਕ ਅਤੇ ਦਵਾਈਆਂ ਮੁਫ਼ਤ ਵੰਡੇ ਜਾ ਰਹੇ ਹਨ। ਲੋੜਵੰਦਾਂ ਦੇ ਡਾਇਲਸਿਸ ਹਸਪਤਾਲ ਮੁਫ਼ਤ ਖੋਲ੍ਹੇ ਜਾ ਰਹੇ ਹਨ। ਕਰੋਨਾ ਮਹਾਂਮਾਰੀ ਵਿਚ ਮਾਰੇ ਗਏ ਉਹਨਾਂ ਮਾੜੀ ਕਿਸਮਤ ਵਾਲਿਆਂ ਦੇ ਅੰਤਿਮ ਸੰਸਕਾਰ ਵੀ ਕਰ ਰਹੇ ਹਨ ਜਿਹਨਾਂ ਦੇ ਘਰ ਦਿਆਂ ਨੇ ਲਾਸ਼ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ।
ਹਰ ਤਰ੍ਹਾਂ ਦੀਆਂ ਦਵਾਈਆਂ ਦੇ ਮੋਦੀਖਾਨੇ ਅਤੇ ਨੋਅ ਲੌਸ ਨੋਅ ਪਰੌਫਿਟ ਬੇਸ ਕਲਿਨੀਕਲੀ ਲੈਬਾਰਟੀਆਂ ਵੀ ਸਿੱਖਾਂ ਦੁਆਰਾ ਚਲਾਈਆਂ ਜਾ ਰਹੀਆਂ ਹਨ।
ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿੱਚ ਹੜ ਪੀੜਤਾਂ, ਰਿਫਿਊਜੀਆਂ, ਖਾਨਾਜੰਗੀ ਵਿਚ ਭੁਖਮਰੀ ਦੇ ਸ਼ਿਕਾਰ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਵੱਡੇ ਪੱਧਰ ਤੇ ਸਿੱਖ ਕੈਂਪ ਲਾ ਰਹੇ ਹਨ।
ਜੇ ਸਿੱਖ ਕੌਮ ਚ ਨਸ਼ਿਆਂ ਖ਼ਿਲਾਫ਼ ਵੱਡੀ ਪੱਧਰ ਤੇ ਮੁਹਿੰਮ ਚਲਾਈ ਜਾਵੇ ਤਾਂ ਇਹ ਕੌਮ ਹਰ ਤਰ੍ਹਾਂ ਦੇ ਨਸ਼ਿਆਂ ਬਗ਼ੈਰ ਰਹਿਣ ਵਾਲੀ ਕੌਮ ਵੀ ਬਣ ਸਕਦੀ ਹੈ।
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਬੈਂਸ ਹੈਲਥ ਸੈਂਟਰ ਮੋਗਾ
94630-38229, 94654-12596
ਅਪਣੇ ਤੋਂ ਉੱਚਿਆਂ ਦੀ ਕਦੇ ਰੀਸ ਨਾ ਕਰੋ। ਅਪਣੇ ਤੋਂ ਨੀਵਿਆਂ ਕੋਲ ਇਉਂ ਵਿਖਾਵਾ ਨਾ ਕਰੋ ਕਿ ਉਹ ਤੁਹਾਡੀ ਰੀਸ ਕਰਕੇ ਕੋਈ ਘਾਟਾ ਖਾ ਲੈਣ।

Today Now News

RELATED ARTICLES
- Advertisment -

POPULAR POSTS