ਕਈ ਭਾਵ ਮਨੁੱਖ ਦੇ ਮਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਅਜਿਹਾ ਹੀ ਇਕ ਭਾਵ ਹੈ ਕਰੋਧ। ਇਸੇ ਕਰੋਧ ਤੋਂ ਬਦਲੇ ਦੀ ਭਾਵਨਾ ਉਤਪੰਨ ਹੁੰਦੀ ਹੈ। ਬਦਲੇ ਦੀ ਅੱਗ ਆਮ ਤੌਰ ’ਤੇ ਕਿਸੇ ਅਜਿਹੇ ਵਿਅਕਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਭੜਕਦੀ ਹੈ ਜਿਸ ਨੇ ਸਾਡੀ ਨਜ਼ਰ ਵਿਚ ਸਾਡਾ ਕੋਈ ਨੁਕਸਾਨ ਕੀਤਾ ਹੁੰਦਾ ਹੈ। ਉਸ ਵਿਅਕਤੀ ਨੇ ਭਾਵੇਂ ਹੀ ਅਜਿਹਾ ਕੁਝ ਕੀਤਾ ਹੋਵੇ ਜਾਂ ਨਾ ਪਰ ਇਹ ਸਪਸ਼ਟ ਹੈ ਕਿ ਬਦਲੇ ਦੇ ਵਸ ਪੈ ਕੇ ਅਸੀਂ ਆਪਣਾ ਖ਼ੁਦ ਦਾ ਨੁਕਸਾਨ ਕਰ ਬੈਠਦੇ ਹਾਂ। ਇਹੀ ਕਾਰਨ ਹੈ ਕਿ ਸਾਡੇ ਰਿਸ਼ੀਆਂ-ਮੁਨੀਆਂ ਨੇ ਬਦਲੇ ਦੀ ਭਾਵਨਾ ਦਾ ਤਿਆਗ ਹੀ ਸਭ ਤੋਂ ਵਧੀਆ ਦੱਸਿਆ ਹੈ। ਬਦਲੇ ਦਾ ਤਿਆਗ ਕਰ ਕੇ ਹੀ ਅਸੀਂ ਤਬਾਹੀ ਦੀ ਥਾਂ ਸਿਰਜਣਾ ਵੱਲ ਵਧ ਸਕਦੇ ਹਾਂ। ਬਦਲੇ ਦੀ ਭਾਵਨਾ ਜੀਵਨ ਵਿਚ ਜ਼ਹਿਰ ਘੋਲਣ ਦਾ ਕੰਮ ਕਰਦੀ ਹੈ। ਮਹਾਤਮਾ ਬੁੱਧ ਨੇ ਵੀ ਕਿਹਾ ਸੀ ,‘‘ਵੈਰ ਨਾਲ ਵੈਰ ਕਦੇ ਖ਼ਤਮ ਨਹੀਂ ਹੁੰਦਾ ਬਲਕਿ ਹੋਰ ਗੂੜ੍ਹਾ ਹੁੰਦਾ ਹੈ।’’ ਉਨ੍ਹਾਂ ਦਾ ਕਹਿਣਾ ਹਕੀਕਤ ਬਿਆਨ ਕਰਦਾ ਹੈ ਕਿਉਂਕਿ ਬਦਲਾ ਇਕ ਲੜੀ ਦਾ ਹਿੱਸਾ ਹੈ ਜੋ ਆਪਣੇ ਨਵੇਂ-ਨਵੇਂ ਸਰੂਪ ਵਿਚ ਕਰੂਪ ਬਣ ਕੇ ਉੱਭਰਦਾ ਹੈ। ਇਸ ਦਾ ਕਾਰਨ ਸਪਸ਼ਟ ਹੈ ਕਿ ਅੱਜ ਅਸੀਂ ਜਿਸ ਤੋਂ ਬਦਲਾ ਲਵਾਂਗੇ, ਉਹੀ ਕੱਲ੍ਹ ਨੂੰ ਸਾਡੇ ਤੋਂ ਬਦਲਾ ਲੈਣ ਲਈ ਤਤਪਰ ਹੋਵੇਗਾ। ਇਹ ਸਿਲਸਿਲਾ ਪੀੜ੍ਹੀਆਂ ਤਕ ਚੱਲ ਸਕਦਾ ਹੈ ਜਿਸ ਕਾਰਨ ਤਬਾਹੀ ਦੇ ਇਲਾਵਾ ਕੁਝ ਹੋਰ ਹਾਸਲ ਨਹੀਂ ਹੁੰਦਾ। ਹੁੰਦਾ ਇਹੀ ਹੈ ਕਿ ਬਦਲੇ ਦੀ ਇਹੀ ਭਾਵਨਾ ਸਾਡੇ ਚੁਫੇਰੇ ਇਕ ਨਰਕ ਦਾ ਨਿਰਮਾਣ ਕਰ ਦਿੰਦੀ ਹੈ ਜਿਸ ਦੀ ਅੱਗ ਵਿਚ ਅਸੀਂ ਖ਼ੁਦ ਨੂੰ ਸੜਦੇ ਰੱਖ ਕੇ ਅੰਤ ਵਿਚ ਭਸਮ ਕਰ ਬੈਠਦੇ ਹਾਂ। ਬਦਲੇ ਦੀ ਭਾਵਨਾ ਨਾਲ ਅਸੀਂ ਆਪਣੇ ਜੀਵਨ ਨੂੰ ਉਥਲ-ਪੁਥਲ ਦਾ ਸ਼ਿਕਾਰ ਬਣਾ ਬੈਠਦੇ ਹਾਂ। ਇਸ ਲਈ ਬਿਹਤਰ ਇਹੀ ਹੈ ਕਿ ਮਨੁੱਖ ਨੂੰ ਬਦਲੇ ਦੀ ਭਾਵਨਾ ਤੋਂ ਬਚਣਾ ਚਾਹੀਦਾ ਹੈ ਅਤੇ ਖ਼ੁਦ ਨੂੰ ਸਥਿਰ ਅਤੇ ਸ਼ਾਂਤ ਬਣਾਈ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ। ਬਦਲੇ ਦੀ ਭਾਵਨਾ ਮਨ ਵਿਚ ਰੱਖਣਾ ਕਿਸੇ ਪਾਪ ਤੋਂ ਘੱਟ ਨਹੀਂ। ਇਸ ਦੇ ਉਲਟ ਮਾਫ਼ੀ ਦੇ ਭਾਵ ਨੂੰ ਪੁੰਨ ਮੰਨਿਆ ਗਿਆ ਹੈ। ਕਈ ਧਰਮਾਂ ਵਿਚ ਮਾਫ਼ੀ ਨੂੰ ਵਿਸ਼ੇਸ਼ ਮਹੱਤਵ ਇਸੇ ਕਾਰਨ ਹੀ ਦਿੱਤਾ ਗਿਆ ਹੈ। ਮਾਫ਼ ਕਰਨਾ ਮਨੁੱਖ ਦਾ ਗਹਿਣਾ ਹੈ। ਮਹਾਰਿਸ਼ੀ ਵੇਦ ਵਿਆਸ ਨੇ ਕਿਹਾ ਕਿ ਮਾਫ਼ੀ ਵਾਲਿਆਂ ਲਈ ਹੀ ਪਰਲੋਕ ਹੈ। ਮਾਫ਼ੀਸ਼ੀਲ ਵਿਅਕਤੀ ਇਸ ਜਗਤ ਵਿਚ ਸਨਮਾਨ ਅਤੇ ਪਰਲੋਕ ਵਿਚ ਉੱਤਮ ਗਤੀ ਪਾਉਂਦੇ ਹਨ।







