
ਮੋਗਾ (ਹੈੱਪੀ ਢੰਡ)ਅੱਜ ਸਿਵਲ ਹਸਪਤਾਲ ਮੋਗਾ ਅਤੇ ਨਗਰ ਨਿਗਮ ਮੋਗਾ ਦੇ ਸਫ਼ਾਈ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਪੰਜਾਬ ਸਰਕਾਰ ਸਫ਼ਾਈ ਕਰਮਚਾਰੀ ਕਮਿਸ਼ਨ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕਿ ਸਿਵਲ ਹਸਪਤਾਲ ਮੋਗਾ ਅਤੇ ਨਗਰ ਨਿਗਮ ਦਫ਼ਤਰ ਵਿਖੇ ਉਚੇਚੇ ਤੌਰ ਤੇ ਪਹੁੰਚੇ।
ਸ੍ਰੀ ਗੇਜਾ ਰਾਮ ਨੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਮੀਟਿੰਗ ਵਿੱਚ ਗਹੁ ਨਾਲ ਸੁਣਿਆ ਅਤੇ ਇਨ੍ਹਾਂ ਦੇ ਜਲਦ ਤੋਂ ਜਲਦ ਹੱਲ ਕਰਨ ਦਾ ਸਫ਼ਾਈ ਕਰਮੀਆਂ ਨੂੰ ਭਰੋਸਾ ਦਿਵਾਇਆ।ਮੀਟਿੰਗ ਵਿੱਚ ਉਨ੍ਹਾਂ ਨਾਲ ਨਗਰ ਨਿਗਮ ਮੋਗਾ, ਪੁਲਿਸ ਵਿਭਾਗ, ਕਿਰਤ ਵਿਭਾਗ, ਐਸ.ਸੀ. ਕਾਰਪੋਰੇਸ਼ਨ ਮੋਗਾ, ਸਕੂਲ ਸਿੱਖਿਆ ਵਿਭਾਗ, ਸਮਾਜਿਕ ਨਿਆਂ ਵਿਭਾਗ ਮੋਗਾ, ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ।
ਮੀਟਿੰਗ ਵਿੱਚ ਸਫ਼ਾਈ ਕਰਮੀਆਂ ਦੇ ਉਪਰੋਕਤ ਵਿਭਾਗਾਂ ਵਿੱਚ ਪਏ ਪੈਡਿੰਗ ਕੇਸਾਂ ਬਾਰੇ ਸ੍ਰੀ ਗੇਜਾ ਰਾਮ ਨੇ ਸਬੰਧਤ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਇਨ੍ਹਾਂ ਕੇਸਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਹਦਾਇਤ ਜਾਰੀ ਕੀਤੀ।
ਮੀਟਿੰਗ ਵਿੱਚ ਮੌਜੂਦ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ੍ਰੀ ਗੇਜਾ ਰਾਮ ਨੇ ਇਹ ਵੀ ਹਦਾਇਤ ਕੀਤੀ ਕਿ ਸਫ਼ਾਈ ਕਰਮਚਾਰੀਆਂ ਜਿਹੜੇ ਕਿ ਠੇਕਾ ਆਧਾਰਿਤ ਹਨ ਦਾ ਸਮੁੱਚਾ ਸਰਵਿਸ ਰਿਕਾਰਡ ਮੈਨਟੇਨ ਕਰਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਉਨ੍ਹਾਂ ਨੂੰ ਭਵਿੱਖ ਵਿੱਚ ਪੱਕਾ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਸਮੁੱਚੇ ਸਫ਼ਾਈ ਕਰਮੀਆਂ ਨੂੰ ਜਦੋਂ ਵੀ ਆਪਣੇ ਪੀ.ਐਫ. ਦੀ ਲੋੜ ਹੋਵੇ ਤਾਂ ਉਨ੍ਹਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੂੰ ਆਪਣਾ ਪੈਸਾ ਤੁਰੰਤ ਮੁਹੱਈਆ ਕਰਵਾਇਆ ਜਾਵੇ।
ਮੀਟਿੰਗ ਵਿੱਚ ਉਨ੍ਹਾਂ ਨਗਰ ਨਿਗਮ ਮੋਗਾ ਵਿੱਚ 85 ਨਵੇਂ ਸਫ਼ਾਈ ਅਤੇ ਸੀਵਰਮੈਨਾਂ ਨੂੰ ਜਲਦੀ ਭਰਤੀ ਕਰਨ ਬਾਰੇ ਕਿਹਾ। ਸਬ ਕਮੇਟੀ ਸਿਹਤ ਵਿਭਾਗ ਮੋਗਾ ਦੇ ਅਹੁਦੇਦਾਰਾਂ ਨੇ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕਿ ਨੂੰ ਆਪਣੀਆਂ 7 ਮੰਗਾਂ ਤੇ ਆਧਾਰਿਤ ਮੰਗ ਪੱਤਰ ਵੀ ਸੌਂਪਿਆ ਜਿਸ ਵਿਚਲੀਆਂ ਮੰਗਾਂ ਦਾ ਚੇਅਰਮੈਨ ਗੇਜਾ ਰਾਮ ਨੇ ਜਲਦ ਤੋਂ ਜਲਦ ਢੁਕਵਾਂ ਨਿਪਟਾਰਾ ਕਰਨ ਦਾ ਵਿਸ਼ਵਾਸ਼ ਦਿਵਾਇਆ।
ਮੀਟਿੰਗ ਵਿੱਚ ਉਨ੍ਹਾਂ ਨਾਲ ਸਫ਼ਾਈ ਸੇਵਕ ਯੂਨੀਅਨ ਨਗਰ ਨਿਗਮ ਮੋਗਾ ਦੇ ਚੇਅਰਮੈਨ ਆਸ਼ਾ ਡੁਲਗੱਚ, ਪ੍ਰਧਾਨ ਸੁਖਪਾਲ ਸੌਦਾ, ਜਨਰਲ ਸਕੱਤਰ ਰਵੀ ਸਾਰਵਾਨ, ਸਬ ਕਮੇਟੀ ਸਿਹਤ ਵਿਭਾਗ ਮੋਗਾ ਤੋਂ ਕਨਵੀਨਰ ਜਸਪ੍ਰੀਤ ਸਿੰਘ, ਨਵਦੀਪ ਕੌਰ, ਪ੍ਰਵੀਨ ਕੌਰ, ਸੁਰਿੰਦਰ ਕੁਮਾਰ, ਵੀਰਪਾਲ ਕੌਰ ਅਤੇ ਹੋਰਾਂ ਨੇ ਹਿੱਸਾ ਲਿਆ।






