ਪੰਜਾਬ ਦੀ ਕਰਜ਼ਾ ਮੁਆਫ਼ ਕਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਰਾਜ ਅੰਦਰ ਅੱਜ ਕਿਸਾਨ ਮੰਡੀਆਂ ਚ ਰੁਲ ਰਿਹਾ ਹੈ :ਭੋਲਾ ਮਾਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਕਦੇ ਵੀ ਕਿਸਾਨਾਂ ਦੀ ਬਾਹ ਨਹੀਂ ਫੜੀ ਜਿਸ ਕਰਕੇ ਅੱਜ ਕਿਸਾਨਾਂ ਨੂੰ ਖੱਜਲ ਖੁਆਰ ਹੀ ਨਹੀਂ ਸਗੋਂ ਸੜਕਾਂ ਤੇ ਵੀ ਰੁਲਣਾ ਪੈ ਰਿਹਾ ਹੈ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਸਰਦੂਲਗੜ੍ਹ ਹਲਕੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਨ ਉਪਰੰਤ ਇਕ ਪ੍ਰੈਸ ਬਿਆਨ ਰਾਹੀਂ ਕੀਤਾ।ਉਨ੍ਹਾਂ ਕਿਹਾ ਕਰਜ਼ਾ ਮੁਕਤ ਕਰਨ ਵਾਲੀ ਕੈਪਟਨ ਸਰਕਾਰ ਦੇ ਰਾਜ ਅੰਦਰ ਕਰਜ਼ਾ ਮੁਕਤ ਕਰਨਾ ਤਾਂ ਕੋਹਾਂ ਦੂਰ ਰਿਹਾ ਅੱਜ ਕਿਸਾਨਾਂ ਵੱਲੋਂ ਆਪਣੀ ਉਗਾਈ ਗਈ ਫ਼ਸਲ ਵੇਚਣ ਲਈ ਵੀ ਉਨ੍ਹਾਂ ਨੂੰ ਮੰਡੀਆਂ ਚ ਰੁਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹਿਤੈਸ਼ੀ ਕਹਾਉਣ ਵਾਲੀ ਪੰਜਾਬ ਦੀ ਕੈਪਟਨ ਸਰਕਾਰ ਦਾ ਅੱਜ ਚਿਹਰਾ ਉਸ ਸਮੇਂ ਨੰਗਾ ਹੋ ਗਿਆ ਜਦੋਂ ਕਿਸਾਨਾਂ ਨੂੰ ਕਿਸੇ ਵੀ ਮੰਡੀ ਚ ਬਾਰਦਾਨਾ ਪੂਰਾ ਨਹੀਂ ਪੂਰਾ ਹੋ ਰਿਹਾ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਫੌਰਨ ਗੌਰ ਨਾ ਕੀਤੀ ਤਾਂ ਆਮ ਆਦਮੀ ਪਾਰਟੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ।





