ਚੰਡੀਗੜ੍ਹ, ਆਲ ਇੰਡੀਆ ਕਾਂਗਰਸ ਕਿਸਾਨ ਸੈੱਲ ਦੇ ਚੇਅਰਮੈਨ ਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪ੍ਰੈਸ ਕਾਨਫਰੰਸ ਹੋ ਗਈ ਹੈ। ਸੁਖਪਾਲ ਖਹਿਰਾ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦਾ ਧੰਨਵਾਦ ਕੀਤਾ ਕਿ ਪਾਰਟੀ ਨੇ ਉਹਨਾਂ ਨੂੰ ਕਿਸਾਨ ਤੇ ਮਜ਼ਦੂਰ ਹਿਤੈਸ਼ੀ ਸਮਝਿਆ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਖੇਤੀਬਾੜੀ ਸੈਕਟਰ ਨੂੰ ਇਗਨੋਰ ਕੀਤਾ ਤੇ ਸ਼ਹਿਰਾਂ ਨੂੰ ਮਹੱਤਵ ਦਿੱਤਾ ਜਿਸ ਕਰਕੇ ਪੇਂਡੂ ਖੇਤਰ ਦਾ ਵਿਕਾਸ ਨਹੀਂ ਹੋ ਸਕਿਆ।
ਖਹਿਰਾ ਨੇ ਕਿਹਾ ਕਿ ਦੁਨੀਆਂ ਵਿੱਚ ਸੋਨੇ ਦੇ ਰੇਟ ਕਈ ਗੁਣਾ ਵਧ ਗਏ ਪਰ ਫ਼ਸਲਾਂ ਦਾ ਰੇਟ ਨਿਗੁਣਾ ਵਧਿਆ। ਇਸ ਦੇ ਨਾਲ ਹੀ ਖੇਤੀਬਾੜੀ ਸਬੰਧੀ ਔਜਾਰ ਤੇ ਖਾਦਾਂ ਦੀਆਂ ਕੀਮਤਾਂ ਵਿਚ ਕਈ ਗੁਣਾਂ ਵਾਧਾ ਹੋਇਆ ਹੈ। ਕਿਸਾਨ ਆਤਮ ਹੱਤਿਆ ਲਈ ਮਜ਼ਬੂਰ ਹੋ ਰਹੇ ਹਨ। ਉਹਨਾਂ ਕਿਹਾ ਕਿ ਕੁਝ ਸਮੇਂ ਪਹਿਲਾਂ ਜੰਤਰ-ਮੰਤਰ ‘ਤੇ ਕਿਸਾਨ ਆਪਣੇ ਸਕੇ ਸਬੰਧੀਆਂ ਦੀ ਖੋਪੜੀਆਂ ਲੈ ਕੇ ਧਰਨੇ ਉੱਤੇ ਬੈਠੇ ਰਹੇ ਪਰ ਸਰਕਾਰਾਂ ਨੇ ਕੋਈ ਸਾਰ ਨਹੀਂ ਲਈ।





