
(ਹੈੱਪੀ ਢੰਡ)8ਵੀਂ ਤੋਂ 12ਵੀਂ ਜਮਾਤ ਦੀਆਂ ਸਾਢੇ 19 ਹਜ਼ਾਰ ਵਿਦਿਆਰਥਣਾਂ ਨੂੰ ਮੁਹੱਈਆ ਕਰਵਾਈਆਂ ਸਫ਼ਾਈ ਕਿੱਟਾਂ,,,
ਜ਼ਿਲ੍ਹਾ ਮੋਗਾ ਵਿੱਚ ਲੜਕੀਆਂ ਨੂੰ ਮਾਹਵਾਰੀ ਦੇ ਦਿਨਾਂ ਦੌਰਾਨ ਅੰਦਰੂਨੀ ਸਫ਼ਾਈ ਰੱਖਣ ਪ੍ਰਤੀ ਜਾਗਰੂਕ ਕਰਨ ਲਈ ਅਭਿਆਨ ਸ਼ੁਰੂ ਕੀਤਾ ਹੋਇਆ ਹੈ ਜਿਸ ਵਿੱਚ ਲਗਾਤਾਰ ਸਫ਼ਲਤਾ ਮਿਲ ਰਹੀ ਹੈ। ਹੁਣ ਤੱਕ ਦੋ ਗੇੜ੍ਹ ਮੁਕੰਮਲ ਕਰ ਚੁੱਕੇ ਇਸ ਅਭਿਆਨ ਤਹਿਤ ਜਿੱਥੇ ਵਿਦਿਆਰਥਣਾਂ ਨੂੰ ਲਿਖਤੀ ਅਤੇ ਆਨਲਾਈਨ ਸਮੱਗਰੀ ਰਾਹੀਂ ਜਾਗਰੂਕ ਕੀਤਾ ਗਿਆ ਹੈ ਉਥੇ ਹੀ ਮੁਫ਼ਤ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਨੀਤੀ ਆਯੋਗ ਵੱਲੋਂ ਜ਼ਿਲ੍ਹਾ ਮੋਗਾ ਦੀ ਐਸਪੀਰੇਸ਼ਨਲ ਡਿਸਟ੍ਰਿਕਟ ਵਜੋਂ ਚੋਣ ਕੀਤੀ ਹੋਈ ਹੈ ਜਿਸ ਦੇ ਫਲਸਰੂਪ ਦਿੱਲੀ ਦੀ ਸੰਸਥਾ ਪ੍ਰੋਜੈਕਟ ਬਾਲਾ ਵੱਲੋਂ ਆਪਣੀ ਵਪਾਰਕ ਸਮਾਜਿਕ ਜ਼ਿੰਮੇਵਾਰੀ (ਸੀ ਐਸ ਆਰ) ਗਤੀਵਿਧੀ ਅਧੀਨ ਜ਼ਿਲ੍ਹਾ ਮੋਗਾ ਦੇ 6 ਬਲਾਕਾਂ ਦੇ 167 ਸਕੂਲਾਂ ਵਿੱਚ ਆਨਲਾਈਨ ਸੈਸ਼ਨ ਕਰਵਾ ਕੇ ਕੁੜੀਆਂ ਨੂੰ ਜਾਗਰੂਕ ਕੀਤਾ ਗਿਆ ਹੈ। 15 ਦਿਨ ਦੀ ਇਸ ਮੁਹਿੰਮ ਵਿੱਚ 30 ਹਜ਼ਾਰ ਤੋਂ ਵਧੇਰੇ ਕੁੜੀਆਂ ਅਤੇ ਅਧਿਆਪਕਾਵਾਂ ਨੇ ਭਾਗ ਲਿਆ।
ਇਸ ਸੰਸਥਾ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ 8ਵੀਂ ਤੋਂ 12ਵੀਂ ਕਲਾਸਾਂ ਦੀਆਂ ਵਿਦਿਆਰਥਣਾਂ ਨੂੰ 19,795 ਸਥਾਈ ਮਾਹਵਾਰੀ ਸਫਾਈ ਕਿੱਟਾਂ ਦਿੱਤੀਆਂ ਗਈਆਂ ਹਨ ਜੌ ਕਿ ਦੋ ਸਾਲ ਤੱਕ ਵਾਰ ਵਾਰ ਵਰਤੀਆਂ ਜਾ ਸਕਦੀਆਂ ਹਨ। ਇਸਤਰੀ ਅਤੇ ਬਾਲ ਵਿਭਾਗ, ਮੋਗਾ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਦੀ ਕੜੀ ਵਾਲੇ ਇਸ ਪ੍ਰੋਗਰਾਮ ਨੂੰ ਮੈਦਾਨੀ ਪੱਧਰ ਉੱਤੇ ਸਫ਼ਲ ਕਰਨ ਲਈ ਅਗਰਵਾਲ ਮਹਿਲਾ ਕਮੇਟੀ ਮੋਗਾ ਵੱਲੋਂ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਥੇ ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਮੋਗਾ ਦੀਆਂ ਬੱਚੀਆਂ ਨੂੰ ਉਹਨਾਂ ਦੇ ਮਾਹਵਾਰੀ ਦਿਨਾਂ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਦੇਣ ਲਈ ‘ਮੈਂਸਟਰੂਪੀਡੀਆ ਕੌਮਿਕ’ ਨਾਮ ਦੀ ਇਕ ਕਿਤਾਬ ਮੁਹੱਈਆ ਕਰਵਾਈ ਗਈ ਸੀ, ਜੋ 9 ਸਾਲ ਤੋਂ ਉਪਰ ਵਾਲੀਆਂ ਬੱਚੀਆਂ ਲਈ ਕਾਫੀ ਲਾਹੇਵੰਦ ਸਾਬਿਤ ਹੋ ਰਹੀ ਹੈ। ਪੰਜਾਬੀ ਭਾਸ਼ਾ ਵਿੱਚ ਤਿਆਰ ਕੀਤੀ ਇਹ ਕਿਤਾਬ ਲੜਕੀਆਂ ਨੂੰ ਪੀਰੀਅਡ ਦੀ ਇਕ ਉਪਯੋਗੀ ਅਤੇ ਰੋਚਕ ਜਾਣਕਾਰੀ ਪ੍ਰਦਾਨ ਕਰਨ ਵਾਲੀ ਗਾਈਡ ਹੈ, ਜੋ ਕਿ ਜ਼ਿਲ੍ਹਾ ਮੋਗਾ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਬਿਲਕੁਲ ਮੁਫ਼ਤ ਵੰਡੀ ਗਈ ਹੈ। ਉਹਨਾਂ ਕਿਹਾ ਕਿ ਲਾਡਲੀ ਮੀਡੀਆ ਐਵਾਰਡ ਜੇਤੂ ਇਹ ਕਿਤਾਬ ਪੀਰੀਅਡ ਬਾਰੇ ਜਾਣਕਾਰੀ ਦੇਣ ਵਾਲੀ ਪਹਿਲੀ ਭਾਰਤੀ ਕੋਮਿਕ ਹੈ। 82 ਪੰਨਿਆਂ ਦੀ ਇਹ ਪੁਸਤਕ ਚਾਰ ਭਾਗਾਂ ਅਤੇ 14 ਉਪ ਭਾਗਾਂ ਭਾਗਾਂ ਵਿੱਚ ਵੰਡੀ ਹੋਈ ਹੈ। ਇਹਨਾਂ ਭਾਗਾਂ ਵਿੱਚ ਲੜਕੀਆਂ ਦਾ ਵੱਡੇ ਹੋਣਾ, ਲੜਕੀਆਂ ਅਤੇ ਲੜਕਿਆਂ ਵਿੱਚ ਉਮਰ ਵਧਣ ਵੇਲੇ ਸਰੀਰਕ ਬਦਲਾਅ, ਸਿਹਤ ਵਰਧਕ ਆਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਪੀਰੀਅਡ ਕੀ ਹੁੰਦੇ ਹਨ ਅਤੇ ਕਿਵੇਂ ਬਣਦੇ ਹਨ, ਸਰੀਰ ਵਿੱਚ ਬੱਚੇ ਕਿਵੇਂ ਬਣਦੇ ਹਨ, ਪਰੇਡ ਦੌਰਾਨ ਦਰਦ ਦੂਰ ਕਰਨ ਦੇ ਉਪਾਅ, ਮੇਰੇ ਅਗਲੇ ਪੀਰੀਅਡ ਕਦੋਂ ਆਉਣਗੇ, ਮਾਹਵਾਰੀ ਚੱਕਰ ਦਾ ਪਤਾ ਕਿਵੇਂ ਰੱਖਿਆ ਜਾਵੇ, ਮਾਹਵਾਰੀ ਤੋਂ ਪਹਿਲਾਂ ਦੇ ਲੱਛਣ, ਬਾਅਦ ਵਾਲੇ ਲੱਛਣਾਂ ਨਾਲ ਕਿਵੇਂ ਨਿਪਟਿਆ ਜਾਵੇ, ਪੀਰੀਅਡ ਤੋਂ ਪਹਿਲਾਂ ਆਪਣਾ ਖਿਆਲ ਕਿਵੇਂ ਰੱਖੀਏ, ਸੈਨੀਟਰੀ ਪੈਡ ਕੀ ਹੁੰਦਾ ਹੈ ਅਤੇ ਇਸਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਘਰ ਵਿੱਚ ਸੈਨੀਟਰੀ ਪੈਡ ਕਿਵੇਂ ਬਣਾਈਏ, ਵਰਤੇ ਹੋਏ ਪੈਡ ਨੂੰ ਕਿਵੇਂ ਸੁੱਟੀਏ, ਪਹਿਲੀ ਵਾਰ ਪੀਰੀਅਡ ਸ਼ੁਰੂ ਹੋਣ ਉੱਤੇ ਕੀ ਕਰਨਾ ਚਾਹੀਦਾ ਹੈ, ਪੀਰੀਅਡ ਦੌਰਾਨ ਸਫਾਈ ਵਰਤਣ ਦੇ ਉਪਾਅ ਆਦਿ।
ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਨੇ ਇਹ 4000 ਕਿਤਾਬਾਂ ਤਿਆਰ ਕਾਰਵਾਈਆਂ ਸਨ ਜਿਹਨਾਂ ਨੂੰ ਸਕੂਲਾਂ ਵਿਚ ਪ੍ਰਤੀ 7 ਲੜਕੀਆਂ ਇਕ ਕਿਤਾਬ ਭੇਜੀ ਗਈ ਹੈ। ਕਿਉਂਕਿ ਹਾਲੇ ਵੀ ਆਨਲਾਈਨ ਪੜ੍ਹਾਈ ਹੋ ਰਹੀ ਹੈ ਇਸ ਲਈ ਅਧਿਆਪਕ ਆਨਲਾਈਨ ਕਲਾਸਾਂ ਵਿੱਚ ਵੀ ਇਹ ਜਾਣਕਾਰੀ ਦੇ ਰਹੇ ਹਨ। ਸ਼੍ਰੀ ਹੰਸ ਨੇ ਜ਼ਿਲ੍ਹਾ ਮੋਗਾ ਦੀਆਂ ਬੱਚੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕਿਤਾਬ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਇਹ ਜਾਣਕਾਰੀ ਹੋਰ ਲੜਕੀਆਂ ਨਾਲ ਵੀ ਸਾਂਝੀ ਕਰਨ। ਉਹਨਾਂ ਕਿਹਾ ਕਿ ਇਸ ਦਿਸ਼ਾ ਵਿੱਚ ਹੋਰ ਵੀ ਕਈ ਉਪਰਾਲੇ ਕੀਤੇ ਜਾਣਗੇ।







