
ਬਰਨਾਲਾ 7 ਸਤੰਬਰ (ਕਰਨਪ੍ਰੀਤ ਧੰਦਰਾਲ ) ਭਾਰਤੀ ਜਨਤਾ ਪਾਰਟੀ ਦੇ ਆਗੂ ਹਰਜੀਤ ਗਰੇਵਾਲ ਨੇ ਜੋ ਇੱਕ ਨਿੱਜੀ ਵੈੱਬ ਚੈਨਲ ਦੀ ਮਹਿਲਾ ਪੱਤਰਕਾਰ ਬੀਬੀ ਸ਼ਾਲੂ ਮਿਰੋਕ ਨਾਲ ਜੋ ਭੱਦੀ ਸ਼ਬਦਾਵਲੀ ਵਰਤ ਕੇ ਬਤਮੀਜੀ ਕੀਤੀ ਹੈ, ਬਰਨਾਲਾ ਪ੍ਰੈੱਸ ਕਲੱਬ ਵੱਲੋਂ ਉਸ ਭਾਜਪਾ ਆਗੂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਬਰਨਾਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਅਸੀਸ਼ ਸ਼ਰਮਾ, ਜਨਰਲ ਸੈਕਟਰੀ ਬਘੇਲ ਸਿੰਘ ਧਾਲੀਵਾਲ ਅਤੇ ਖਜਾਨਚੀ ਕਰਨਪ੍ਰੀਤ ਸਿੰਘ ਧੰਦਰਾਲ, ਸੀਨੀਅਰ ਪੱਤਰਕਾਰ ਵਿਵੇਕ ਸਿੰਧਵਾਨੀ, ਸੁਖਚਰਨਪ੍ਰੀਤ ਸੁੱਖੀ, ਰਵਿੰਦਰ ਰਵੀ, ਚੇਤਨ ਸ਼ਰਮਾ, ਹੇਮੰਤ ਰਾਜੂ, ਯਾਦਵਿੰਦਰ ਭੁੱਲਰ, ਹਰਜਿੰਦਰ ਸਿੰਘ ਪੱਪੂ ਅਤੇ ਹਿਮਾਂਸ਼ੂ ਦੂਆ ਨੇ ਸਾਂਝੇ ਤੌਰ ਤੇ ਕੀਤਾ। ਉਨਾਂ ਕਿਹਾ ਕਿ ਪੱਤਰਕਾਰਾਂ ਤੇ ਸ਼ਬਦੀ ਜਾਂ ਜਾਨਲੇਵਾ ਹਮਲਿਆਂ ਦਾ ਇਹ ਕੋਈ ਪਹਿਲਾ ਵਰਤਾਰਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਵੀ ਕਿੰਨੇ ਹੀ ਪੱਤਰਕਾਰਾਂ ਨੂੰ ਸੱਚੀਸੁੱਚੀ ਪੱਤਰਕਾਰੀ ਕਰਨ ਬਦਲੇ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ ਹਨ। ਉਨਾਂ ਕਿਹਾ ਕਿ ਜਿਸ ਤਰਾਂ ਦੀ ਸ਼ਬਦਾਵਲੀ ਭਾਰਤੀ ਜਨਤਾ ਪਾਰਟੀ ਦੇ ਆਗੂ ਹਰਜੀਤ ਗਰੇਵਾਲ ਵੱਲੋਂ ਇੱਕ ਮਹਿਲਾ ਪੱਤਰਕਾਰ ਨਾਲ ਗੱਲਬਾਤ ਦੌਰਾਨ ਵਰਤੀ ਗਈ ਹੈ, ਉਹ ਬੇਹੱਦ ਹੀ ਨਿੰਦਣਯੋਗ ਅਤੇ ਔਰਤ ਦੇ ਸਨਮਾਨ ਨੂੰ ਢਾਹ ਲਾਉਣ ਵਾਲੀ ਹੈ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਹਰਜੀਤ ਗਰੇਵਾਲ ਦੇ ਖਿਲਾਫ ਇੱਕ ਪੱਤਰਕਾਰ ਨੂੰ ਡਰਾਉਣ, ਧਮਕਾਉਣ ਅਤੇ ਇੱਕ ਔਰਤ ਦੇ ਸਨਮਾਨ ਨੂੰ ਢਾਹ ਲਾਉਣ ਬਦਲੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਬਰਜਿੰਦਰ ਮਿੱਠਾ, ਮੀਤ ਪ੍ਰਧਾਨ ਦਵਿੰਦਰ ਦੇਵ, ਕਮਲਜੀਤ ਸੰਧੂ, ਚਮਕੌਰ ਸਿੰਘ ਗੱਗੀ, ਰਾਜੇਸ਼ ਕੁਮਾਰ, ਹਰਿੰਦਰ ਵਾਲੀਆ, ਮਹਿਮੂਦ ਮਨਸੂਰੀ, ਚੰਦ ਸਿੰਘ ਬੰਗੜ, ਜਗਸੀਰ ਸਿੰਘ ਚਹਿਲ, ਲਖਵੀਰ ਸਿੰਘ ਚੀਮਾਂ, ਲਖਵਿੰਦਰ ਸ਼ਰਮਾਂ, ਪ੍ਰਵੀਨ ਰਿਸ਼ੀ, ਵਨੀਤ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ।





