
ਮਾਨਸਾ, 14 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ਅੱਜ ਪੰਜਾਬ ਦੀਆਂ ਮਹਾਨ ਮਾਨਵਤਾਵਾਦੀ, ਇਨਕਲਾਬੀ ਅਤੇ ਖਾੜਕੂ ਰਵਾਇਤਾਂ ਦੇ ਸੱਚੇ ਵਾਰਿਸ ਇਨਕਲਾਬੀ ਕਮਿਉਨਿਸਟ ਹੀ ਹਨ। ਇਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਫਿਰਕੂ ਆਰਐੱਸਐੱਸ – ਬੀਜੇਪੀ ਦੀ ਕੇਂਦਰ ਸਰਕਾਰ ਦੇ ਕਾਰਪੋਰੇਟ ਘਰਾਣਿਆਂ ਪੱਖੀ ਫਾਸ਼ੀਵਾਦੀ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਅਤੇ ਹੱਕ ਇਨਸਾਫ ਲਈ ਜੂਝਣ ਵਾਲੀਆਂ ਪੰਜਾਬ ਦੀਆਂ ਸਮੂਹ ਜਮਹੂਰੀ ਤੇ ਲੜਾਕੂ ਤਾਕਤਾਂ ਨੂੰ ਇਕਜੁੱਟ ਕਰਨ ਵਾਲੇ ਇਕ ਕੇਂਦਰ ਵਜੋਂ ਸੀਪੀਆਈ (ਐਮ ਐਲ) ਨੂੰ
ਸੂਬੇ ਵਿਚ ਜ਼ਮੀਨੀ ਪੱਧਰ ਉਤੇ ਮਜ਼ਬੂਤ ਕੀਤਾ ਜਾਵੇ। ਇਹ ਗੱਲ ਲਿਬਰੇਸ਼ਨ ਵਲੋਂ ਇਥੇ ਕੀਤੀ ਗਈ ਦੋ ਰੋਜ਼ਾ ਸੂਬਾਈ ਵਰਕਸ਼ਾਪ “ਚ ਸਮਾਪਤੀ ਭਾਸ਼ਨ ਦਿੰਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਵਲੋਂ ਕਹੀ ਗਈ।
ਉਨਾਂ ਕਿਹਾ ਕਿ ਬੇਸ਼ਕ ਆਮ ਆਦਮੀ ਪਾਰਟੀ ਵੱਡੇ ਵਾਦਿਆਂ ਤੇ ਦਾਅਵਿਆਂ ਨਾਲ ਸਤਾ ‘ਚ ਆਈ ਹੈ, ਪਰ ਪੰਜਾਬ ਦਿੱਲੀ ਨਹੀਂ, ਬਲਕਿ ਜੁਝਾਰੂ ਇਤਿਹਾਸਕ ਸੰਘਰਸਾਂ ਦੀ ਧਰਤੀ ਹੈ। ਅਗਰ ਆਪ ਅਪਣੇ ਚੋਣ ਵਾਦਿਆਂ ਉਤੇ ਖਰੀ ਨਾ ਉਤਰੀ, ਤਾਂ ਇਥੇ ਸਾਲ ਛੇ ਮਹੀਨੇ ਦੇ ਅੰਦਰ ਹੀ ਉਸ ਨੂੰ ਜਨਤਾ ਦੇ ਵੱਡੇ ਜਥੇਬੰਦ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇੰਨਾਂ ਭਵਿੱਖੀ ਅੰਦੋਲਨਾਂ ਵਿਚ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਤੇ ਆਮ ਜਨਤਾ ਦੇ ਪੱਖ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਦਖਲ ਦੇਣ ਲਈ ਜ਼ਰੂਰੀ ਹੈ ਕਿ ਸੂਬੇ ਵਿਚ ਪਿੰਡ / ਮੁਹੱਲਾ ਪੱਧਰ ਉਤੇ ਸੀਪੀਆਈ (ਐਮ ਐਲ) ਤੇ ਇਸ ਦੇ ਜਨਤਕ ਸੰਗਠਨਾਂ ਦਾ ਤੇਜ਼ੀ ਨਾਲ ਵਿਕਾਸ ਤੇ ਵਿਸਤਾਰ ਹੋਵੇ। ਪਾਰਟੀ ਕਾਡਰ ਨੂੰ ਸਿਧਾਂਤਕ ਤੇ ਸਿਆਸੀ ਪੱਖ ਤੋਂ ਟ੍ਰੇਨਿੰਗ ਦੇਣ ਅਤੇ ਸਿਆਸੀ ਤੌਰ ‘ਤੇ ਹਮਲਾਵਰ ਬਣਾਉਣ ਲਈ ਬਾਕਾਇਦਾ ਸਿਖਲਾਈ ਦਿੱਤੀ ਜਾਵੇ। ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਪਰਸ਼ੋਤਮ ਸ਼ਰਮਾ ਨੇ ਵੀ ਪਾਰਟੀ ਸਿਸਟਮ ਨੂੰ ਕਾਰਗਰ ਬਣਾਉਣ ਲਈ ਕੁਝ ਠੋਸ ਸੁਝਾਅ ਦਿੱਤੇ। ਵਰਕਸ਼ਾਪ ਵਿਚ ਵੱਖ ਵੱਖ ਜ਼ਿਲਿਆਂ ਦੇ ਇਕ ਸੌ ਦੋ ਪ੍ਰਤੀਨਿਧ ਹਾਜ਼ਰ ਸਨ। ਚਾਰ ਸ਼ੈਸ਼ਨਾਂ ਵਿਚ ਕਰੀਬ 51 ਪ੍ਰਤੀਨਿਧਾਂ ਨੇ ਆਪਣੀ ਰਾਏ ਪੇਸ਼ ਕੀਤੀ।
ਵਰਕਸ਼ਾਪ ਦੌਰਾਨ ਸਰਬਸੰਮਤੀ ਨਾਲ ਤਹਿ ਕੀਤਾ ਗਿਆ ਕਿ 20 ਤੋਂ 30 ਮਾਰਚ ਤੱਕ ਸਾਰੇ ਜ਼ਿਲਿਆਂ ਵਿਚ ਪਾਰਟੀ ਦੀਆਂ ਜਨਰਲ ਬਾਡੀ ਮੀਟਿੰਗਾਂ ਕੀਤੀਆ ਜਾਣਗੀਆਂ ਅਤੇ ਅਪ੍ਰੈਲ ਮਹੀਨੇ ਵਿਚ ਪਾਰਟੀ ਮੈਂਬਰਸ਼ਿਪ ਦਾ ਨਵੀਨੀਕਰਨ ਮੁਕੰਮਲ ਕੀਤਾ ਜਾਵੇ। ਮੈਂਬਰਸ਼ਿਪ ਦੇ ਮਿਥੇ ਟੀਚੇ ਹਾਸਲ ਕਰਨ ਤੋਂ ਬਾਦ ਜੁਲਾਈ ਦੇ ਅੰਤ ਤੱਕ ਪਾਰਟੀ ਦੀ ਸੂਬਾ ਡੈਲੀਗੇਟ ਕਾਨਫਰੰਸ ਕੀਤੀ ਜਾਵੇਗੀ। ਦੁਪਹਿਰ ਦੋ ਵਜੇ ਸਾਰੀਆਂ ਪ੍ਰਬੰਧਕੀ ਟੀਮਾਂ ਦਾ ਧੰਨਵਾਦ ਕਰਨ ਤੋਂ ਬਾਦ ਇਹ ਵਰਕਸ਼ਾਪ ਇਨਕਲਾਬੀ ਨਾਹਰਿਆਂ ਦੀ ਗੂੰਜ ਵਿਚ ਉਤਸ਼ਾਹੀ ਮਾਹੌਲ ‘ਚ ਸੰਪੰਨ ਹੋਈ।






