16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਿੰਡਾਂ ਬਾਰੇ ਅਜੀਬ ਅਤੇ ਦਿਲਚਸਪ ਗਿਆਨ

ਪਿੰਡਾਂ ਬਾਰੇ ਅਜੀਬ ਅਤੇ ਦਿਲਚਸਪ ਗਿਆਨ

ਕਈ ਕਈ ਦਹਾਕੇ ਪੁਰਾਣੇ ਪਿੰਡ ਦੇ ਇਹ ਨਾਮ ਹੁਣ ਢੁਕਵੇਂ ਨਹੀਂ ਲੱਗਦੇ

ਪੰਜਾਬ ਦੇ 85 ਦੇ ਕਰੀਬ ਅਜਿਹੇ ਪਿੰਡ ਹਨ ਜਿਨ੍ਹਾਂ ਦੇ ਨਾਮ ਪੰਛੀਆਂ ਜਾਂ ਜਾਨਵਰਾਂ ਵਾਲੇ ਹਨ। ਕੁੱਤਿਆਂ ਵਾਲੀ, ਕੱਟਿਆਂ ਵਾਲੀ, ਬੋਤਿਆਂ ਵਾਲੀ ਤੇ ਝੋਟਿਆਂ ਵਾਲੀ….। ਇਨ੍ਹਾਂ ਪਿੰਡਾਂ ਦੇ ਪੁਰਾਣੇ ਬਜ਼ੁਰਗਾਂ ਨੂੰ ਕਦੇ ਆਪਣੇ ਪਿੰਡ ਦਾ ਨਾਮ ਬੁਰਾ ਨਹੀਂ ਲੱਗਿਆ। ਜੋ ਨਵੀਂ ਪੀੜੀ ਹੈ ,ਉਸ ਨੂੰ ਇਨ੍ਹਾਂ ਹਾਸੋਹੀਣੇ ਨਾਵਾਂ ਤੋਂ ਕਾਫੀ ਖਿੱਝ ਹੈ। ਛੇਤੀ ਕਿਤੇ ਇਨ੍ਹਾਂ ਪਿੰਡਾਂ ਦੇ ਮੁੰਡੇ ਆਪਣੇ ਪਿੰਡ ਦਾ ਭੇਤ ਨਹੀਂ ਖੋਲਦੇ ਹਨ ਪਰ ਇਹ ਵੀ ਮੰਨਣਯੋਗ ਹੈ ਕਿ ਕਈ ਕਈ ਦਹਾਕੇ ਪੁਰਾਣੇ ਇਹ ਨਾਮ ਹੁਣ ਢੁਕਵੇਂ ਨਹੀਂ ਲੱਗਦੇ।
ਪੰਜਾਬ ਦੇ ਇਸ ਤਰ੍ਹਾਂ ਦੇ ਕਈ ਪਿੰਡ ਹਨ ਜਿਨ੍ਹਾਂ ਦੇ ਨਾਵਾਂ ਤੋਂ ਨਵੀਂ ਪੀੜੀ ਪ੍ਰੇਸ਼ਾਨ ਹੈ। ਇਨ੍ਹਾਂ ਪਿੰਡਾਂ ਵਲੋਂ ਆਪੋ ਆਪਣੇ ਪਿੰਡ ਦੇ ਨਾਮ ਬਦਲਣ ਲਈ ਹਰ ਹੀਲਾ ਵਸੀਲਾ ਵਰਤਿਆ ਗਿਆ ਜੋ ਰਾਸ ਨਹੀਂ ਆਇਆ। ਉਂਝ ਇਨ੍ਹਾਂ ਪਿੰਡਾਂ ਦੇ ਮੋਹਤਬਾਰ ਸੱਜਣ ਤਾਂ ਅੱਜ ਵੀ ਆਪਣੇ ਪਿੰਡਾਂ ਦਾ ਨਾਮ ਮਾਣ ਨਾਲ ਲੈਂਦੇ ਹਨ। ਉਨ੍ਹਾਂ ਨੂੰ ਕਦੇ ਕੁਝ ਵੀ ਓਪਰਾ ਨਹੀਂ ਲੱਗਿਆ ਹੈ। ਹੁਣ ਵਕਤ ਬਦਲ ਗਿਆ ਹੈ, ਚੰਦਰਮਾ ‘ਤੇ ਪਾਣੀ ਤਲਾਸ਼ਿਆ ਜਾ ਰਿਹਾ ਹੈ ਪ੍ਰੰਤੂ ਇਨ੍ਹਾਂ ਪਿੰਡਾਂ ਲਈ ਨਵੇਂ ਨਾਮ ਤਲਾਸ਼ੇ ਨਹੀਂ ਜਾ ਸਕੇ ਹਨ। ਮਤਲਬ ਕਿ ਪਿੰਡਾਂ ਦੇ ਨਾਮ ਨਹੀਂ ਬਦਲੇ ਜਾ ਸਕੇ। ਇਨ੍ਹਾਂ ਪਿੰਡਾਂ ਦੇ ਮੁੰਡੇ ਕੁੜੀਆਂ ਜੋ ਦੂਰ ਦੁਰਾਡੇ ਵੱਡੇ ਸ਼ਹਿਰਾਂ ‘ਚ ਪੜਦੇ ਹਨ, ਉਨ੍ਹਾਂ ਨੂੰ ਪਿੰਡ ਦਾ ਨਾਮ ਦੱਸਣ ‘ਚ ਸੰਗ ਆਉਂਦੀ ਹੈ। ਕਾਲਜੋਂ ਘਰ ਆ ਕੇ ਇਨ੍ਹਾਂ ਮੁੰਡੇ ਕੁੜੀਆਂ ਦਾ ਝਗੜਾ ਮਾਪਿਆਂ ਨਾਲ ਹੁੰਦਾ ਹੈ। ਅਖੇ ਪਿੰਡ ਦਾ ਨਾਮ ਤਾਂ ਚੰਗਾ ਰਖਾ ਲੈਂਦੇ। ਪੁਰਾਣੇ ਬਜ਼ੁਰਗ ਤਾਂ ਫਿਰ ਇਹੋ ਜੁਆਬ ਦਿੰਦੇ ਹਨ ਕਿ ‘ਅਸੀਂ ਤਾਂ ਭਾਈ ਏਦਾਂ ਹੀ ਕੱਟ ਲਈ ਹੈ, ਸਾਨੂੰ ਤਾਂ ਕਦੇ ਸ਼ਰਮ ਨਹੀਂ ਆਈ।’ ਨਵੇਂ ਜਵਾਕ ਆਖਦੇ ਹਨ ਕਿ ‘ਤੁਸੀਂ ਤਾਂ ਕੱਟ ਲਈ, ਸਾਡਾ ਵੀ ਖਿਆਲ ਕਰੋ। ਸਾਨੂੰ ਤਾਂ ਸ਼ਰਮ ਆਉਂਦੀ ਹੈ। ਹਰ ਪਿੰਡ ਦੇ ਨਾਮ ਪਿਛੇ ਇੱਕ ਰਾਜ ਛੁਪਿਆ ਹੋਇਆ ਹੈ। ਜਿਸ ਵਜੋਂ ਇਸ ਮਾਮਲੇ ‘ਚ ਕਿਸੇ ਦਾ ਕੋਈ ਕਸੂਰ ਨਹੀਂ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ‘ਚ ਪਿੰਡ ਹਨ ਕੁੱਤਿਆਂ ਵਾਲੀ ਤੇ ਕੱਟਿਆਂ ਵਾਲੀ। ਪਿੰਡ ਕੁੱਤਿਆਂ ਵਾਲੀ ਦੇ ਮੋਹਤਬਾਰ ਆਗੂ ਨੇ ਦੱਸਿਆ ਕਿ ਪਿੰਡ ਦਾ ਪਹਿਲਾਂ ਨਾਮ ਨੱਥਪੁਰ ਸੂਰਾਵਾਲਾ ਸੀ। ਮੁਲਕ ਦੀ ਅਜ਼ਾਦੀ ਤੋਂ ਪਹਿਲਾਂ ਜਦੋਂ ਪਿੰਡ ਦੇ ਲੋਕ ਅੰਗਰੇਜ ਅਫਸਰ ਕੋਲ ਪਿੰਡ ਦਾ ਨਾਮ ਬਦਲੀ ਕਰਾਉਣ ਗਏ ਤਾਂ ਉਸ ਅਫਸਰ ਨੇ ਮਜਾਕ ‘ਚ ਆਖਿਆ,ਤੁਹਾਡੇ ਪਿੰਡ ਦਾ ਨਾਮ ਕੁੱਤਿਆਂ ਵਾਲੀ ਰੱਖ ਦਿੰਦੇ ਹਾਂ। ਉਸ ਅਫਸਰ ਦਾ ਮਜਾਕ ਅੱਜ ਨਵੀਂ ਪੀੜੀ ਨੂੰ ਮਜਾਕ ਦਾ ਪਾਤਰ ਬਣਾ ਰਿਹਾ ਹੈ। ਪੰਜਾਬ ‘ਚ ਇਸ ਮਾਮਲੇ ‘ਚ ਪਹਿਲੇ ਨੰਬਰ ‘ਤੇ ਜ਼ਿਲਾ ਫਿਰੋਜਪੁਰ ਹੈ ਜਿਥੋਂ ਦੇ ਡੇਢ ਦਰਜ਼ਨ ਪਿੰਡਾਂ ਦੇ ਨਾਮ ਜਾਨਵਰਾਂ ਤੇ ਪਸ਼ੂਆਂ ਵਾਲੇ ਹਨ। ਪਾਕਿਸਤਾਨ ਨਾਲ ਸੀਮਾ ਲੱਗਦੀ ਹੋਣ ਕਰਕੇ ਬਹੁਤੇ ਪਿੰਡਾਂ ਦੇ ਨਾਮ ਮੁਸਲਮਾਨਾਂ ਵਾਲੇ ਵੀ ਹਨ। ਫਿਰੋਜਪੁਰ ‘ਚ ਪਿੰਡ ਗਿੱਦੜਾਂ ਵਾਲੀ ਵੀ ਹੈ ਤੇ ਸ਼ੇਰਗੜ ਵੀ ਹੈ। ਕੋਇਲ ਖੇੜਾ ਵੀ ਹੈ ਤੇ ਮੋਰਾਂ ਵਾਲੀ ਵੀ ਹੈ। ਇਸੇ ਜ਼ਿਲੇ ਦੇ ਪਿੰਡਾਂ ‘ਚ ਪਿੰਡ ਬਿੱਲੀਮਾਰ, ਭੇਡਾਂਵਾਲਾ, ਡੰਗਰ ਖੇੜਾ, ਕੀੜੀਆਂ ਵਾਲਾ, ਚੱਕ ਤੋਤਿਆਂ ਵਾਲਾ, ਕਾਵਾਂ ਵਾਲੀ, ਸੱਪਾਂ ਵਾਲੀ, ਬਸਤੀ ਖੱਚਰ ਵਾਲੀ ਵੀ ਸ਼ਾਮਲ ਹਨ। ਅਜੀਬੋ ਗਰੀਬ ਨਾਵਾਂ ‘ਚ ਇਹ ਜ਼ਿਲ੍ਹਾ ਪਿਛੇ ਨਹੀਂ ਹੈ। ਕਿਉਂਕਿ ਇਸ ਜ਼ਿਲ੍ਹੇ ‘ਚ ਪਿੰਡ ਗੱਟੀ ਤੇਲੂ ਮੱਲ, ਸਿਲਕ ਕੱਪੜਾ, ਕੜਮਾ, ਕਬਰਵਾਲਾ, ਮੱਧਰੇ, ਚੁਪਾਤੀ, ਖੈਰਪੁਰਾ, ਕਟੋਰਾ, ਇੱਟਾਂਵਾਲੀ, ਗੰਜੂਆਣਾ ਵੀ ਹਨ।
ਬਠਿੰਡਾ ਜ਼ਿਲੇ ‘ਚ ਗਿੱਦੜ ਪਿੰਡ ਵੀ ਹੈ ਤੇ ਗਧੀਆਂ ਵਾਲਾ ਵੀ ਪਿੰਡ ਹੈ ਜਿਸ ਨੂੰ ਭਗਵਾਨਪੁਰਾ ਆਖਦੇ ਹਨ। ਭਾਗੀ ਬਾਂਦਰ ਵੀ ਹੈ ਤੇ ਲੇਲੇਵਾਲਾ ਵੀ ਹੈ। ਕੈਲੇ ਬਾਂਦਰ ਤੋਂ ਬਿਨਾਂ ਕਸਾਈਵਾੜਾ ਪਿੰਡ ਵੀ ਹੈ ਜਿਸ ਨੂੰ ਰਾਮਨਗਰ ਆਖਦੇ ਹਨ। ਪਿੰਡ ਗਿੱਦੜ ਦਾ ਨੰਬਰਦਾਰ ਦੱਸਦਾ ਹੈ ਕਿ ਕਿ ਪਹਿਲਾਂ ਪਿੰਡ ਦਾ ਨਾਮ ਸ਼ੇਰਪੁਰਾ ਸੀ ਪ੍ਰੰਤੂ ਜਦੋਂ ਗੁਆਂਢੀ ਪਿੰਡ ਦੇ ਲੋਕਾਂ ਨੇ ਕਿਸੇ ਚੋਰੀ ਦਾ ਇਲਜਾਮ ਪਿੰਡ ਸ਼ੇਰਪੁਰਾ ਦੇ ਲੋਕਾਂ ‘ਤੇ ਲਾ ਦਿੱਤਾ ਤਾਂ ਉਸ ਵੇਲੇ ਦੇ ਅੰਗਰੇਜ ਥਾਨੇਦਾਰ ਨੇ ਪਿੰਡ ਦਾ ਨਾਮ ਹੀ ਬਦਲ ਦਿੱਤਾ। ਉਸ ਨੇ ਆਖ ਦਿੱਤਾ ਕਿ ਇਸ ਪਿੰਡ ਦਾ ਨਾਮ ਅੱਜ ਤੋਂ ਗਿੱਦੜ ਹੈ। ਇਸ ਜ਼ਿਲੇ ‘ਚ ਪਿੰਡ ਭਗਵਾਨਗੜ ਵੀ ਹੈ ਜਿਸ ਨੂੰ ਭੁੱਖਿਆ ਵਾਲੀ ਵੀ ਆਖਿਆ ਜਾਂਦਾ ਹੈ।
ਪਿੰਡ ਭੁੱਖਿਆ ਵਾਲੀ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਸਾਰੇ ਲੋਕ ਰੱਜੀ ਰੂਹ ਵਾਲੇ ਹਨ। ਇਹ ਵੱਖਰੀ ਗੱਲ ਹੈ ਕਿ ਪਿੰਡ ਦਾ ਨਾਮ ਭੁੱਖਿਆ ਵਾਲੀ ਹੈ। ਓਨਾਂ ਦਾ ਕਹਿਣਾ ਸੀ ਕਿ ਪਿੰਡ ਦਾ ਰਕਬਾ ਆਸ ਪਾਸ ਦੇ ਦੋ ਪਿੰਡਾਂ ਦੇ ਰਕਬੇ ਨਾਲੋਂ ਜਿਆਦਾ ਹੈ ਤੇ ਦੱਸਿਆ ਕਿ ਜਦੋਂ ਪੁਰਾਣੇ ਸਮਿਆਂ ‘ਚ ਪਿੰਡ ਦੀ ਜੂਹ ਮਿਥੀ ਗਈ ਸੀ ਤਾਂ ਉਦੋਂ ਕਿਸੇ ਘਰ ਵਲੋਂ ਚੁੱਲੇ ਅੱਗ ਬਾਲੀ ਨਹੀਂ ਗਈ ਸੀ ਤੇ ਉਦੋਂ ਹੀ ਇੱਕ ਮਰਾਸੀ ਪਿੰਡ ‘ਚ ਰੋਟੀ ਮੰਗਣ ਆ ਗਿਆ। ਲੋਕਾਂ ਨੇ ਆਖ ਦਿੱਤਾ ਕਿ ਅਸੀਂ ਤਾਂ ਖੁਦ ਭੁੱਖੇ ਪੇਟ ਬੈਠੇ ਹਾਂ। ਬੱਸ ਫਿਰ ਕੀ ,ਮਰਾਸੀ ਨੇ ਚਾਰ ਚੁਫੇਰੇ ਰੌਲਾ ਪਾ ਦਿੱਤਾ ਕਿ ਇਹ ਤਾਂ ‘ਭੁੱਖਿਆ ਵਾਲੀ ‘ ਪਿੰਡ ਆ। ਪਿੰਡ ਕੁੱਤੀਵਾਲ ਕਲਾਂ ਬਠਿੰਡਾ ਜ਼ਿਲ੍ਹੇ ‘ਚ ਹੀ ਹੈ। ਪਿੰਡ ਦੇ ਮੁੰਡੇ ਸ਼ਰਮ ਮੰਨਦੇ ਹਨ ਲੇਕਿਨ ਸਾਬਕਾ ਵਿਧਾਇਕ ਆਖਦਾ ਹੈ ਕਿ ਉਨ੍ਹਾਂ ਦੇ ਪਿੰਡ ਦਾ ਨਾਮ ਸੋਹਣਾ ਹੈ ਅਤੇ ਉਸਨੂੰ ਪਸੰਦ ਹੈ ਜਿਸ ਕਰਕੇ ਉਹ ਪਿੰਡ ਦਾ ਨਾਮ ਬਦਲੇ ਜਾਣ ਦੇ ਹੱਕ ਵਿੱਚ ਨਹੀਂ ਹੈ। ਗੁਆਂਢੀ ਜ਼ਿਲੇ ਮਾਨਸਾ ‘ਚ ਪਿੰਡ ਜਗਤਗੜ ਬਾਂਦਰ ਹੈ। ਠੂਠਿਆ ਵਾਲੀ ਤੇ ਆਂਡਿਆਂ ਵਾਲੀ ਪਿੰਡ ਵੀ ਹੈ। ਹੈਰਾਨੀ ਦੀ ਗੱਲ ਹੈ ਕਿ ਜਿਸ ਪਿੰਡ ਦਾ ਨਾਮ ਆਂਡਿਆਂ ਵਾਲੀ ਹੈ, ਉਸ ਪਿੰਡ ‘ਚ ਇੱਕ ਵੀ ਮੁਰਗੀ ਨਹੀਂ ਹੈ।’ ਉਸਨੇ ਦੱਸਿਆ ਜਦੋਂ ਪਿੰਡ ਦੇ ਬਜ਼ੁਰਗਾਂ ਨੇ ਪਿੰਡ ਵਸਾਇਆ ਸੀ ਤਾਂ ਉਦੋਂ ਕਿਸੇ ਜਾਨਵਰ ਦੇ ਆਂਡੇ ਮਿਲੇ ਸਨ, ਜਿਸ ਕਰਕੇ ਪਿੰਡ ਦਾ ਨਾਮ ਆਂਡਿਆਂ ਵਾਲੀ ਪੈ ਗਿਆ। ਉਸਨੇ ਦੱਸਿਆ ਕਿ ਪਿੰਡ ਦਾ ਪੁਰਾਣਾ ਨਾਮ ਬਾਦਲਗੜ ਸੀ।
ਪਟਿਆਲਾ ਵਾਲੇ ਪ੍ਰੋ.ਕਿਰਪਾਲ ਕਜਾਕ ਦੱਸਦੇ ਹਨ ਕਿ ਹਰ ਪਿੰਡ ਦੇ ਨਾਮਕਰਨ ਪਿਛੇ ਇੱਕ ਤਰਕ ਹੁੰਦਾ ਹੈ। ਬਹੁਤੇ ਪਿੰਡ ਜਿਨ੍ਹਾਂ ਦਾ ਅੱਜ ਨਾਮ ਵਿਗੜਿਆ ਹੋਇਆ ਹੈ, ਉਨ੍ਹਾਂ ਦੇ ਪ੍ਰਾਚੀਨ ਨਾਮ ਕੋਈ ਹੋਰ ਸਨ। ਵੱਡੇ ਪਿੰਡਾਂ ਨਾਲੋਂ ਵਿਸਰ ਕੇ ਜੋ ਛੋਟੇ ਪਿੰਡ ਬਣ ਗਏ ਹਨ, ਉਨ੍ਹਾ ਪਿੰਡਾਂ ਦੇ ਨਾਮ ਨਾਲ ਕੋਈ ਨਾ ਕੋਈ ਅੱਲ ਪੈਂਦੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਬਹੁਤੇ ਪਿੰਡ ਪੁਰਾਣੇ ਬਜ਼ੁਰਗਾਂ ਦੇ ਨਾਮ ‘ਤੇ ਬੱਝੇ ਹੋਏ ਹਨ ਜਿਸ ਕਰਕੇ ਉਨ੍ਹਾਂ ਦੇ ਨਾਵਾਂ ‘ਤੇ ਪਿੰਡ ਦਾ ਨਾਮਕਰਨ ਹੋਇਆ ਹੁੰਦਾ ਹੈ। ਮਾਲਵੇ ਦੇ ਅਗਲੇ ਜ਼ਿਲ੍ਹੇ ਸੰਗਰੂਰ ਦੀ ਗੱਲ ਕਰੀਏ ਤਾਂ ਇਸ ਜ਼ਿਲ੍ਹੇ ‘ਚ ਮੋਰਾਂਵਾਲੀ ਤੇ ਘੋੜਾ ਕਬ ਪਿੰਡ ਵੀ ਹਨ। ਇਸੇ ਜ਼ਿਲ੍ਹੇ ‘ਚ ਗਿੱਦੜਣੀ ਤੇ ਛੱਤਰੀ ਵਾਲਾ ਪਿੰਡ ਹਨ। ਪਿੰਡ ਰੇਤਗੜ, ਛੱਤਰੀਵਾਲਾ, ਸੰਤਪੁਰਾ, ਦਹਿਲੀਜ਼ ਕਲਾਂ ਤੇ ਦਹਿਲੀਜ਼ ਖੁਰਦ ਹਨ।
ਜ਼ਿਲ੍ਹਾ ਮੋਗਾ ‘ਚ ਤੋਤਾ ਸਿੰਘ ਵਾਲਾ ਪਿੰਡ ਹੈ। ਇਸੇ ਜ਼ਿਲੇ ‘ਚ ਪਿੰਡ ਕਾਵਾਂ ਤੇ ਵਾਂਦਰ ਵੀ ਹਨ। ਮੋਠਾਂ ਵਾਲੀ, ਬੁੱਕਣ ਵਾਲਾ ਤੇ ਖੋਟੇ ਪਿੰਡ ਵੀ ਇਸ ਜ਼ਿਲੇ ਦੀ ਹਦੂਦ ‘ਚ ਹੈ। ਜ਼ਿਲੇ ‘ਚ ਔਤਾਂਵਾਲੀ ਪਿੰਡ ਵੀ ਹੈ ਅਤੇ ਇੱਜਤਵਾਲਾ ਪਿੰਡ ਵੀ ਇਸੇ ਜ਼ਿਲੇ ‘ਚ ਪੈਂਦਾ ਹੈ। ਦੋ ਪਿੰਡਾਂ ਦਾ ਨਾਮ ਹੈ, ‘ਛੋਟਾ ਘਰ’ ਤੇ ‘ਵੱਡਾ ਘਰ’। ਸਾਦੀਵਾਲਾ ਤੇ ਲੰਡੇ ਪਿੰਡ ਅਤੇ ਰੋਡੇ ਵੀ ਇਸੇ ਜ਼ਿਲੇ ਦੇ ਹਨ। ਇਨ੍ਹਾਂ ਸਭ ਪਿੰਡਾਂ ਦੇ ਨਾਮ ਪਿਛੇ ਕੋਈ ਨਾ ਕੋਈ ਕਹਾਣੀ ਜੁੜੀ ਹੋਈ ਹੈ। ਪਟਿਆਲਾ ਜ਼ਿਲੇ ‘ਚ ਪਿੰਡ ਮਵੀ ਸੱਪਾਂ ਤੇ ਭੇਡਪੁਰਾ ਹਨ। ਆਕੜ, ਕੌਲੀ, ਬੋਹੜਪੁਰ ਤੇ ਸੂਰਜਗੜ ਵੀ ਇਸ ਜ਼ਿਲੇ ਦੇ ਪਿੰਡ ਹਨ। ਇਸੇ ਜ਼ਿਲੇ ‘ਚ ਪਿੰਡ ਦਿਓਗੜ, ਭੂੰਡ ਥੇਹ, ਸੋਟਾ ਤੇ ਸੀਲ ਵੀ ਹਨ। ਮਾਲਵੇ ਦੇ ਬਹੁਤੇ ਪਿੰਡਾਂ ਦੇ ਨਾਮ ਲੋਕਾਂ ਨੇ ਬਦਲ ਵੀ ਲਏ ਹਨ। ਬਠਿੰਡਾ ਦੇ ਪਿੰਡ ਕੈਲੇ ਬਾਂਦਰ ਦਾ ਨਾਮ ਹੁਣ ਨਸੀਬਪੁਰਾ ਹੋ ਗਿਆ ਹੈ।
ਭਾਰਤੀ ਅੰਕੜਾ ਲਾਇਬਰੇਰੀ ਲੁਧਿਆਣਾ ਦੇ ਸੁਖਮਿੰਦਰ ਸਿੰਘ ਜਿਨ੍ਹਾਂ ਦੀ ਪੰਜਾਬ ਦੇ ਪਿੰਡਾਂ ਵਾਰੇ ਖੋਜ ਵੀ ਹੈ,ਨੇ ਦੱਸਿਆ ਕਿ ਦੁਆਬੇ ਦੇ ਪਿੰਡ ਛੋਟੇ ਹਨ ਜਦੋਂ ਕਿ ਮਾਲਵੇ ਦੇ ਪਿੰਡ ਜਿਆਦਾ ਵੱਡੇ ਹਨ। ਉਨ੍ਹਾਂ ਦੱਸਿਆ ਕਿ ਬਹੁਤੇ ਪਿੰਡ ਵੱਡ ਵਡੇਰਿਆ ਦੇ ਨਾਮ ‘ਤੇ ਬੱਝੇ ਹਨ। ਗੋਤਾਂ ‘ਤੇ ਵੀ ਪਿੰਡਾਂ ਦੇ ਨਾਮ ਹਨ। ਮਾਲ ਮਹਿਕਮੇ ਦੇ ਰਿਕਾਰਡ ‘ਚ ਜਿਸ ਨੂੰ ਰੈਵਨਿਊ ਅਸਟੇਟ ਆਖਿਆ ਜਾਂਦਾ ਸੀ ,ਉਸ ਨੂੰ ਪਿੰਡ ਆਖਿਆ ਜਾਣ ਲੱਗਾ ਹੈ। ਉਨ੍ਹਾਂ ਦੱਸਿਆ ਕਿ ਅੰਗਰੇਜਾਂ ਵਲੋਂ ਸਾਲ 1911 ‘ਚ ਸਰਵੇ ਕਰਾਇਆ ਗਿਆ ਸੀ ਅਤੇ ਉਦੋਂ ਹੀ ਪਿੰਡਾਂ ਦੀ ਹੱਦਬੰਦੀ ਨਿਸ਼ਚਿਤ ਹੋਈ ਸੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਿੰਡਾਂ ਦੇ ਨਾਮ ਜਾਨਵਰਾਂ ਵਾਲੇ ਹਨ,ਉਨ੍ਹਾਂ ਚੋਂ ਬਹੁਤੇ ਪਿੰਡਾਂ ਦਾ ਪਿਛੋਕੜ ਅੰਗਰੇਜ਼ੀ ਜ਼ਮਾਨੇ ਨਾਲ ਜੁੜਿਆ ਹੋਇਆ ਹੈ। ਅੱਗੇ ਵਾਰੀ ਆਉਂਦੀ ਹੈ ਜ਼ਿਲਾ ਲੁਧਿਆਣਾ ਦੀ ਜਿਥੇ ਪਿੰਡ ‘ਕੀੜੀ’ ਹੈ। ਗਿੱਦੜੀ ਪਿੰਡ ਵੀ ਇਸ ਜ਼ਿਲੇ ‘ਚ ਹੈ। ‘ਬੰਬ’ ਤੇ ‘ਰਾਣੋ’ ਪਿੰਡ ਲੁਧਿਆਣਾ ਜ਼ਿਲੇ ਦੀ ਹਦੂਦ ‘ਚ ਹਨ। ‘ਅਖਾੜਾ’, ‘ਸ਼ਰਬਤਗੜ’ ਤੇ ‘ਦੀਵਾਲਾ’ ਪਿੰਡ ਵੀ ਇਸੇ ਜ਼ਿਲੇ ਦੀ ਸੀਮਾ ਅੰਦਰ ਵਸੇ ਹੋਏ ਹਨ। ਪਿੰਡ ਕੀੜੀ ਦੇ ਸਾਬਕਾ ਸਰਪੰਚ ਨੂੰ ਜਦੋਂ ਪੁੱਛਿਆ, ‘ਕੀ ਪਿੰਡ ਦੇ ਲੋਕ ਕੀੜੀ ਚਾਲ ਚੱਲਦੇ ਨੇ ?ਸਾਬਕਾ ਸਰਪੰਚ ਨੇ ਇੱਕੋ ਸਾਹ ਆਖਿਆ, ‘ਨਾਮ ਤਾਂ ਭਾਵੇਂ ਕੀੜੀ ਹੈ ਪਰ ਲੋਕਾਂ ਦੀ ਚਾਲ ਘੋੜੇ ਵਾਲੀ ਹੈ। ਓਨਾਂ ਦੱਸਿਆ ਕਿ ਪਿੰਡ ਦੀ ਕੋਈ ਪੁਰਾਣੀ ਮਾਈ ਦਾ ਨਾਮ ਕੀੜੀ ਸੀ ਜਿਸ ਤੋਂ ਪਿੰਡ ਦਾ ਨਾਮ ਪੈ ਗਿਆ।
ਜ਼ਿਲਾ ਰੋਪੜ ‘ਚ ਇੱਕ ਪਿੰਡ ਦਾ ਨਾਮ ‘ਕੱਟਾ’ ਹੈ। ਦੁਆਬੇ ਦੇ ਪਿੰਡਾਂ ‘ਤੇ ਨਜ਼ਰ ਮਾਰੀਏ ਤਾਂ ਉਹ ਵੀ ਇਸ ਮਾਮਲੇ ‘ਚ ਘੱਟ ਨਹੀਂ ਹਨ। ਜ਼ਿਲ੍ਹਾ ਜਲੰਧਰ ‘ਚ ਪਿੰਡ ਕਾਲਾ ਬੱਕਰਾ, ਭੂੰਡੀਆਂ, ਕੁੱਕੜ ਪਿੰਡ, ਮੱਖੀ, ਅੰਗੀ ਕੀੜੀ, ਬਿੱਲੀ ਬੜੈਚ, ਬਿੱਲੀ ਚਾਉ, ਬਿਲੂ ਚਹਾਰਮੀ ਤੇ ਮੱਝਾਂ ਹਨ। ਉਂਝ ਪਿੰਡ ਦੀਵਾਲੀ, ਪਿੰਡ ਬੂਟ, ਗੰਨਾ ਪਿੰਡ, ਕਾਨੂੰਨੀ, ਲੁਟੇਰਾ ਕਲਾਂ ,ਲੁਟੇਰਾ ਖੁਰਦ, ਬੁੱਢੀ ਪਿੰਡ ਅਤੇ ਭਤੀਜ ਰੰਧਾਵਾ ਪਿੰਡ ਵੀ ਇਸੇ ਜ਼ਿਲੇ ਦੇ ਹਨ। ਜ਼ਿਲਾ ਹੁਸ਼ਿਆਰਪੁਰ ‘ਚ ਇੱਕ ਪਿੰਡ ਦਾ ਨਾਮ ‘ਡੱਡ’ ਹੈ ਅਤੇ ਦੂਸਰੇ ਪਿੰਡ ਦਾ ਨਾਮ ‘ਬਘਿਆੜੀ’ ਹੈ। ‘ਭੇੜੂਆ’ ਤੇ ਪਿੰਡ ਸੁੰਡੀਆ ਵੀ ਇਸੇ ਜ਼ਿਲੇ ‘ਚ ਪੈਂਦੇ ਹਨ। ਵੈਸੇ ਪਿੰਡ ਕੌਲੀਆਂ, ਪੋਤਾ, ਅੱਕੀ ਟੁੰਡਾ, ਸੱਜਣ ਤੇ ਕਾਣਾ ਪਿੰਡ ਵੀ ਇਸੇ ਜ਼ਿਲੇ ਦਾ ਮਾਣ ਹਨ। ‘ਕੁੱਕੜਾਂ’ ਪਿੰਡ ਵੀ ਹੁਸ਼ਿਆਰਪੁਰ ਦਾ ਹਿੱਸਾ ਹੈ। ਕਪੂਰਥਲਾ ਜ਼ਿਲੇ ‘ਚ ਪਿੰਡ ‘ਤੋਤੀ’ ਹੈ। ਆਲੂਵਾਲ ਤੇ ਬੁੱਧੂਵਾਲਾ ਤੋਂ ਇਲਾਵਾ ਪਿੰਡ ‘ਮਿੱਠਾ’ ਵੀ ਇਸੇ ਜ਼ਿਲੇ ਚ ਹਨ।
ਮਝੈਲ ਵੀ ਪਿੰਡਾਂ ਦੇ ਨਾਵਾਂ ਦੇ ਮਾਮਲੇ ‘ਚ ਘੱਟ ਨਹੀਂ ਹਨ। ਜ਼ਿਲਾ ਗੁਰਦਾਸਪੁਰ ‘ਚ ਪੰਜਾਬ ਭਰ ਚੋਂ ਸਭ ਤੋਂ ਵੱਧ 1617 ਪਿੰਡ ਹਨ। ਇਸ ਜ਼ਿਲੇ ‘ਚ ਪਿੰਡ ‘ਚੂਹੇਵਾਲ’, ਸ਼ੇਰਪੁਰ ਉਰਫ ਗਿੱਦੜਪੁਰ, ਗਿੱਦੜ ਪਿੰਡੀ, ਗਿੱਦੜੀ, ਮੱਖੀ, ਕਾਟੋਵਾਲ ਆਦਿ ਹਨ। ਪਿੰਡ ਪਿੰਜੌਰ, ਬਰਨਾਲਾ, ਗੁਜਰਾਤ, ਹੁਸ਼ਿਆਰਪੁਰ, ਗੰਜਾ, ਗੰਜੀ, ਹਵੇਲੀ, ਜੰਗਲ, ਕੁੰਡਾ, ਕੋਟਲੀ ਫੌਜੀ, ਖੱਦਰ, ਪੱਤੀ ਚੰਡੀਗੜ, ਰਾਮ ਦੀਵਾਲੀ, ਸਾਧਾਂਵਾਲੀ, ਕੌੜੇ ਅਤੇ ਮੁੱਠੀ ਜ਼ਿਕਰਯੋਗ ਹਨ। ਜ਼ਿਲਾ ਤਰਨਤਾਰਨ ਦਾ ਪਿੰਡ ‘ਸਾਂਡਪੁਰਾ’ ਤੇ ਪਿੰਡ ‘ਗਿੱਦੜੀ ਬਘਿਆੜੀ’ ਵੀ ਇਸੇ ਲੜੀ ਵਾਲੇ ਪਿੰਡ ਹਨ। ਉਂਝ ਇਸ ਜ਼ਿਲੇ ‘ਚ ਪਿੰਡ ਰੂੜੀਵਾਲਾ, ਲੁਹਾਰ ਤੇ ਕੱਲਾ ਪਿੰਡ ਵੀ ਹਨ। ਜ਼ਿਲ੍ਹਾ ਅੰਮ੍ਰਿਤਸਰ ‘ਚ ‘ਡੱਡੂਆਣਾ’, ‘ਮਾਲਾ ਕੀੜੀ’, ‘ਛੰਨਾ ਘੋਗਾ’ ਤੇ ‘ਹੰਸ’ ਪਿੰਡ ਵੀ ਹਨ। ਇਨ੍ਹਾਂ ਸਭਨਾਂ ਪਿੰਡਾਂ ‘ਚ ਕੋਈ ਨਾ ਕੋਈ ਇਸ ਗੱਲ ਦੇ ਹੱਕ ‘ਚ ਹੈ ਕਿ ਪਿੰਡ ਦਾ ਨਾਮ ਬਦਲੀ ਹੋਣਾ ਚਾਹੀਦਾ ਹੈ।
ਪੰਜਾਬੀ ਵਰਸਿਟੀ ਪਟਿਆਲਾ ਦੇ ਰਿਜ਼ਨਲ ਸੈਂਟਰ ਬਠਿੰਡਾ ਦੇ ਮੁਖੀ ਪ੍ਰੋ. ਜੀਤ ਸਿੰਘ ਜੋਸ਼ੀ ਵੀ ਇਹੋ ਆਖਦੇ ਹਨ ਜੋ ਪਿੰਡਾਂ ਦੇ ਨਾਮ ਪੁਰਾਣੇ ਹਨ,ਉਹ ਨਾਮ ਰੱਖਣ ਪਿਛੇ ਵਿਗਿਆਨਕ ਤਰਕ ਹੁੰਦਾ ਸੀ। ਉਸ ਵੇਲੇ ਇਹ ਨਾਮ ਕੋਈ ਓਪਰੇ ਨਹੀਂ ਲੱਗਦੇ ਸਨ। ਹੁਣ ਜ਼ਮਾਨਾ ਕਾਫੀ ਤਰੱਕੀ ਕਰ ਗਿਆ ਹੈ। ਨਵੀਂ ਪੀੜੀ ਆ ਗਈ ਹੈ ਅਤੇ ਨਵੀਂ ਸੋਚ ਆ ਗਈ ਹੈ ਜਿਸ ਕਰਕੇ ਇਹ ਨਾਮ ਭੈੜੇ ਤੇ ਹਾਸੋਹੀਣੇ ਲੱਗਣ ਲੱਗੇ ਹਨ। ਉਨ੍ਹਾਂ ਆਖਿਆ ਕਿ ਬਹੁਤੇ ਪਿੰਡ ਤਾਂ ਪੁਰਾਣੇ ਬਜ਼ੁਰਗਾਂ ਦੇ ਨਾਮ ‘ਤੇ ਵੀ ਹਨ। ਮਿਸਾਲ ਦੇ ਤੌਰ ‘ਤੇ ਜੋਗਾ ਤੇ ਰੱਲਾ ਜੋ ਮਾਨਸਾ ਜ਼ਿਲੇ ਦੇ ਪਿੰਡ ਹਨ,ਦੋ ਭਰਾ ਸਨ,ਜਿਨ੍ਹਾਂ ਦੇ ਨਾਮ ‘ਤੇ ਪਿੰਡ ਬੱਝੇ ਹੋਏ ਹਨ। ਮਾਲਵੇ ਇਲਾਕੇ ਵਿੱਚ ਪੰਜ ਕਲਿਆਣਾ ਤੇ ਬਾਹੀਏ ਦੇ ਪਿੰਡ ਦੇ ਮਸ਼ਹੂਰ ਹਨ ਤੇ ਕਈ ਲਹਿਰੇ ਹਨ ਜਿਵੇਂ ਪਿੰਡ ਲਹਿਰਾ ਸੌਧਾ, ਲਹਿਰਾ ਧੂਰਕੋਟ, ਲਹਿਰਾ ਬੇਗਾ, ਲਹਿਰਾ ਮੁਹੱਬਤ ਅਤੇ ਲਹਿਰਾ ਖਾਨਾ। ਇਸੇ ਤਰ੍ਹਾਂ ਪੰਜਾਬ ਵਿੱਚ ਹੋਰ ਵੀ ਕਈ ਅਜਿਹੇ ਪਿੰਡ ਹਨ ਜਿਨ੍ਹਾਂ ਦੇ ਆਪਸ ਵਿੱਚ ਨਾਮ ਜੁੜਦੇ ਹਨ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਗਿੱਦੜ ਨੂੰ ਕਈ ਵਾਰੀ ਜਨਤਿਕ ਤੌਰ ‘ਤੇ ਨਮੋਸ਼ੀ ਝੱਲਣੀ ਪੈਂਦੀ ਹੈ। ਸਰਕਾਰ ਦੇ ਇੱਕ ਸਮਾਗਮ ‘ਚ ਵਾਰੋ ਵਾਰੀ ਪੰਚਾਇਤਾਂ ਨੂੰ ਬੁਲਾਇਆ ਜਾ ਰਿਹਾ ਸੀ। ਸਟੇਜ ਸਕੱਤਰ ਨੇ ਜਦੋਂ ਪਿੰਡ ਗਿੱਦੜ ਦੀ ਵਾਰੀ ਆਈ ਤਾਂ ਆਖਿਆ ‘ ਗਿੱਦੜਾਂ ਦੀ ਪੰਚਾਇਤ’ ਆਏ। ਸਮਾਗਮ ‘ਚ ਹਾਸੜ ਮੱਚ ਗਿਆ। ਏਦਾ ਪਹਿਲੀ ਵਾਰ ਨਹੀਂ ਹੋਇਆ ,ਕਈ ਦਫਾ ਹੋ ਚੁੱਕਾ ਹੈ।
ਜਨੌਰਾਂ ਤੇ ਜਾਨਵਰਾਂ ਦੇ ਨਾਮਾਂ ਤੇ ਹੀ, ਬਨਸਪਤੀ ਦੇ ਨਾਮ ‘ਤੇ ਵੀ ਪਿੰਡਾਂ ਦੇ ਨਾਮ ਹਨ। ਜ਼ਿਲਾ ਫਿਰੋਜਪੁਰ ‘ਚ ਪਿੰਡ ਕਿੱਕਰ ਖੇੜਾ, ਸਤੀਰਵਾਲਾ, ਤੂਤਵਾਲਾ, ਝਾੜੀ ਵਾਲਾ, ਚੱਕ ਖੁੰਡ ਵਾਲਾ, ਚੱਕ ਟਾਹਲੀਵਾਲਾ, ਜੰਡਵਾਲਾ, ਕਿੱਕਰ ਵਾਲਾ, ਪਰਾਲੀ ਵਾਲਾ ਆਦਿ ਹਨ ਜਦੋਂ ਜ਼ਿਲਾ ਮੁਕਤਸਰ ‘ਚ ਪਿੰਡ ਲੱਕੜਵਾਲਾ, ਖਿੜਕੀਆਂ ਵਾਲਾ, ਸੱਕਾ ਵਾਲੀ, ਕਾਨਿਆ ਵਾਲੀ, ਕੱਖਾਂ ਵਾਲੀ, ਚਿਬੜਾ ਵਾਲੀ ਆਦਿ ਹਨ। ਜ਼ਿਲਾ ਮਾਨਸਾ ‘ਚ ਪਿੰਡ ਟਾਹਲੀਆਂ ਤੇ ਅੱਕਾ ਵਾਲੀ ਹੈ। ਹੁਸ਼ਿਆਰਪੁਰ ਜ਼ਿਲੇ ‘ਚ ਪਿੰਡ ਖੱਬਲ, ਅੱਕੀ ਟੁੰਡਾ ਹਨ ਜਦੋਂ ਕਿ ਅੰਮ੍ਰਿਤਸਰ ਜ਼ਿਲੇ ‘ਚ ਪਿੰਡ ਬੋਹੜਵਾਲਾ ਹੈ। ਜ਼ਿਲਾ ਸੰਗਰੂਰ ਵਿੱਚ ਕਾਲਾਝਾੜ ਪਿੰਡ ਹੈ। ਨਿੰਮਵਾਲਾ ਵੀ ਪਿੰਡ ਦਾ ਨਾਮ ਹੈ। ਭਾਵੇਂ ਅੱਜ ਦੀ ਪੀੜ੍ਹੀ ਇਹਨਾਂ ਨਾਵਾਂ ਨੂੰ ਪਸੰਦ ਨਾ ਕਰਦੀ ਹੋਵੇ ਪਰ ਇਹਨਾਂ ਕਰਕੇ ਹੀ ਉਹਨਾਂ ਦੀ ਪਹਿਚਾਣ ਹੈ

ਗੁਰਪ੍ਰੀਤ ਸਿੰਘ ਦੀ ਕੰਧ ਤੋਂ

Today Now News

RELATED ARTICLES
- Advertisment -

POPULAR POSTS