
ਮਾਨਸਾ 18 ਜੁਲਾਈ ( ਗੁਰਜੰਟ ਸਿੰੰਘ ਬਾਜੇਵਾਲੀਆਂ ) ਅੱਜ ਇੱਥੇ ਟੈਕਨੀਕਲ ਐਂਡ ਮਕੈਨੀਕਲ ਇੰਪ: ਯੂਨੀਅਨ (ਰਜਿ) ਪੰਜਾਬ ਵੱਲੋਂ ਸਥਾਨਕ ਆਸ਼ਾ ਕੰਟੀਨੈਟਲ ਪੈਲੇਸ ਮਾਨਸਾ ਵਿਖੇ ਜੱਥੇਬੰਦੀ ਦੇ ਸੂਬਾਈ ਪ੍ਰਧਾਨ ਸ਼੍ਰੀ ਸੱਤਪਾਲ ਭੈਣੀ ਜੀ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਵਿੱਚ ਜੱਥੇਬੰਦੀ ਦੀ ਸੂਬਾਈ ਲੀਡਰਸ਼ਿਪ, ਸਾਬਕਾ ਸੂਬਾਈ ਆਗੂ ਸਹਿਬਾਨਾਂ, ਭਰਾਤਰੀ ਜੱਥੇਬੰਦਕ ਆਗੂਆਂ, ਫੈਡਰੇਸ਼ਨ ਆਗੂਆਂ, ਜਮਹੂਰੀ ਤੇ ਨਿਆਂ ਪਸੰਦ ਆਗੂ ਸਹਿਬਾਨਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਮੁਲਾਜਮਾਂ ਤੇ ਹੋਰਨਾਂ ਸੰਸਥਾਵਾਂ ਦੇ ਵਰਗ ਨੇ ਸਮੂਹਲੀਅਤ ਕੀਤੀ। ਅੱਜ ਦੇ ਇਸ ਸ਼ਾਨਦਾਰ ਸਮਾਰੋਹ ਵਿੱਚ ਪ੍ਰਧਾਨ ਜੀ ਦੇ ਸਨਮਾਨ ਵਿੱਚ ਬੋਲਦਿਆਂ ਸੂਬਾਈ ਆਗੂ ਸ਼੍ਰੀ ਹਰਜੀਤ ਬਾਲੀਆਂ, ਬਲਰਾਜ ਮੌੜ, ਮਹਿਮਾ ਸਿੰਘ ਧਨੌਲਾ, ਜੋਗਿੰਦਰ ਸਿੰਘ ਗਿੱਦੜਬਾਹਾ, ਗੁਰਚਰਨ ਸਿੰਘ ਅਕੋਈ ਸਾਹਿਬ, ਅਰਜਨ ਸਰਾਂ, ਜਸਵਿੰਦਰ ਮੁਕਤਸਰ, ਅਸ਼ੋਕ ਸ਼ਰਮਾ ਬਠਿੰਡਾ, ਉਜਾਗਰ ਜੱਗਾ, ਬਹਾਲ ਜੋਈਆਂ, ਜਸਵੀਰ ਸਿੰਘ ਰਾਏਪੁਰ ਆਦਿ ਨੇ ਉਹਨਾਂ ਦੇ ਜੀਵਨੀ ਅਤੇ ਕਾਰਜ ਸ਼ੈਲੀ ਤੇ ਵਿਸਥਾਰਤ ਚਾਨਣਾ ਪਾਇਆ। ਪਿਤਾ ਸ਼੍ਰੀ ਹੁਕਮ ਚੰਦ, ਮਾਤਾ ਸ਼੍ਰੀਮਤੀ ਲਛਮੀ ਦੇਵੀ ਜੀ ਦੇ ਘਰ 15 ਮਈ 1963 ਨੂੰ ਜਨਮੇ ਸੱਤਪਾਲ ਭੈਣੀ ਨੇ ਪਿੰਡ ਦੇ ਸਕੂਲੋਂ ਮੁੱਢਲੀ ਵਿੱਦਿਆ ਗ੍ਰਹਿਣ ਕਰਕੇ ਆਈ.ਟੀ.ਆਈ. ਬੁਢਲਾਡਾ ਤੋਂ ਟੈਕਨੀਕਲ (ਤਕਨੀਕੀ) ਸਿੱਖਿਆ ਪ੍ਰਾਪਤ ਕਰਦੇ ਸਮੇਂ ਹੀ ਵਿਦਿਆਰਥੀ ਜੱਥੇਬੰਦਕ ਲਹਿਰਾਂ ਦਾ ਹਿੱਸਾ ਬਣਕੇ ਜ਼ਿੰਦਗੀ ਦੇ ਸਫਰ ਨੂੰ ਇਨਕਲਾਬੀ, ਲੋਕ ਪੱਖੀ, ਇਨਸਾਫ ਪਸੰਦ ਲੀਹਾਂ ਦੇ ਰਸਤੇ ਤੇ ਪਾ ਲਿਆ। ਅਗਲੇ ਪੜਾਅ ਵਿੱਚ ਸੰਨ 1990 ਵਿੱਚ ਸਾਥੀ ਜੀ ਪਬਲਿਕ ਹੈਲਥ (ਵਾਟਰ ਸਪਲਾਈ) ਵਿੱਚ ਪੰਪ ਉਪਰੇਟਰ ਦੀ ਅਸਾਮੀ ਤੇ ਉਪ-ਮੰਡਲ ਤਲਵੰਡੀ ਵਿਖੇ ਬਤੌਰ ਡੇਲੀਵੇਜਿਜ਼ ਭਰਤੀ ਹੋਏ। ਕੁੱਝ ਸਮੇਂ ਉਪਰੰਤ ਹੀ ਉ.ਮੰ. ਰਾਮਪੁਰਾ ਵਿਖੇ ਤਬਦੀਲ ਹੋ ਕੇ ਸਾਥੀ ਜੀ ਡੇਲੀਵੇਜਿਜ਼ ਵਰਕਰਾਂ ਦੇ ਹੋ ਰਹੇ ਆਰਥਿਕ, ਮਾਨਸਿਕ ਸ਼ੋਸ਼ਣ ਅਤੇ ਅਨਿਆਂ ਨੂੰ ਤਾਪਦੇ ਹੋਏ ਜੱਥੇਬੰਦਕ ਮੋਹਰੀ ਸਫਾਵਾਂ ਵਿੱਚ ਕੁੱਦ ਪਏ। ਇਸੇ ਤਰ੍ਹਾਂ ਵੱਖ-ਵੱਖ ਉਪ-ਮੰਡਲਾਂ ਵਿੱਚ ਡਿਊਟੀ ਕਰਦੇ ਹੋਏ ਜੱਥੇਬੰਦਕ ਆਗਵਾਈ ਕਰਨ ਦੀ ਜਿੰਮੇਵਾਰੀ ਦੇ ਨਾਲ-ਨਾਲ ਸਰਗਰਮ ਟੀਮਾਂ ਤਿਆਰ ਕਰ ਦਿੱਤੀਆਂ। ਬਰਾਚਾਂ ਦੀ ਅਗਵਾਈ ਦੇ ਨਾਲੋਂ-ਨਾਲ ਸਾਥੀ ਜੀ ਸਟੇਟ ਕਮੇਟੀ ਵਿੱਚ ਸੀਨੀਅਰ ਆਗੂਆਂ ਵਿੱਚ ਮੁੱਢ ਤੋਂ ਹੀ ਸੁਮਾਰ ਰਹੇ।
ਸਾਬਕਾ ਸੂਬਾਈ ਆਗੂਆਂ ਸ਼੍ਰੀ ਪਿਆਰਾ ਸਿੰਘ ਮਾਂਗਟ, ਸੁਰਜੀਤ ਗਿੱਲ, ਦਰਸ਼ਨ ਢਿੱਲੋਂ ਆਦਿ ਨੇ ਸਾਥੀ ਜੀ ਦੀ ਕਾਰਜ ਸ਼ੈਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭੈਣੀ ਜੀ ਦਾ ਜੱਥੇਬੰਦੀ ਲਈ ਵੱਡਾ ਯੋਗਦਾਨ ਅਮਿੱਟ ਹੈ। ਵਿਭਾਗ ਵਿੱਚ ਕੰਮ ਕਰਦੀਆਂ ਚਾਰ ਪ੍ਰਮੁੱਖ ਜੱਥੇਬੰਦੀਆਂ ਦੀ ਏਕਤਾ ਵਾਲੀ ਮਾਲਾ ਪਰੋਕੇ ਇੱਕ ਜੱਥੇਬੰਦੀ ਟੈਕਨੀਕਲ, ਮਕੈਨੀਕਲ ਇੰਪ: ਯੂਨੀਅਨ ਸਥਾਪਤ ਕਰਕੇ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਜੱਥੇਬੰਦਕ ਸੂਝਵਾਨ ਲੀਡਰਸ਼ਿਪ ਟੀਮ ਵਿੱਚ ਸ਼ਾਮਿਲ ਹੋ ਕੇ ਅਹਿਮ ਭੂਮਿਕਾ ਭੁਲਾਈ ਨਹੀਂ ਜਾ ਸਕਦੀ। ਇਸ ਵਿੱਚ ਵੀ ਕੋਈ ਅਤਿਕਥਨੀ ਨਹੀਂ ਹੈ ਕਿ ਜੱਥੇਬੰਦਕ ਪ੍ਰਾਪਤੀਆਂ ਭਾਵੇਂ ਗਿਣੀਆਂ-ਮਿਣੀਆਂ ਨਹੀਂ ਜਾ ਸਕਦੀਆਂ ਪ੍ਰਤੂੰ ਫਿਰ ਵੀ ਡੇਲੀਵੇਜਿਜ਼ ਵਰਕਰ ਰੈਗੂਲਰ ਕਰਵਾਉਣਾ, ਉਨ੍ਹਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਆਦਿ ਇਤਿਹਾਸਕ ਪ੍ਰਾਪਤੀਆਂ ਵਿੱਚ ਸਾਥੀ ਜੀ ਦੇ ਕਾਰਜਕਾਲ ਦੀਆਂ ਅਹਿਮ ਹਿੱਸਾ ਹਨ।
ਵਿਸ਼ੇਸ਼ ਜ਼ਿਕਰਯੋਗ ਹੈ ਕਿ ਸ਼੍ਰੀ ਭੈਣੀ ਜੀ ਨੂੰ ਸੰਨ 2016 ਵਿੱਚ ਜੱਥੇਬੰਦੀ ਦੇ ਪੰਜਾਬ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ। ਜੋ ਕਿ ਬਖੂਬੀ ਨਿਭਾ ਰਹੇ ਹਨ। ਉਚੇਚੇ ਤੌਰ ਤੇ ਅੱਜ ਦੇ ਸਨਮਾਨ ਸਮਾਰੋਹ ਵਿੱਚ ਪਹੁੰਚੇ ਡੈਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਦੇ ਪ੍ਰਧਾਨ ਸ਼੍ਰੀ ਜਰਮਨਜੀਤ ਛੱਜਲਵੱਡੀ, ਜਮਹੂਰੀਅਤ ਆਗੂ ਸਵਰਨਜੀਤ ਸੰਗਰੂਰ, ਭਰਾਤਰੀ ਜੱਥੇਬੰਦਕ ਆਗੂ ਸ਼੍ਰੀ ਬਿੱਕਰ ਸਿੰਘ ਮਾਖਾ, ਮੱਖਣ ਸਿੰਘ ਉੱਡਤ. ਵਰਿੰਦਰ ਮੋਮੀ, ਮਨਜੀਤ ਸੰਗਤਪੁਰਾ ਆਦਿ ਨੇ ਵਿਚਾਰ ਸਾਂਝੇ ਕਰਦੇ ਹੋਏ ਸ਼੍ਰੀ ਭੈਣੀ ਜੀ ਦੀ ਉੱਚੀ-ਸੁੱਚੀ ਸਖਸ਼ੀਅਤ, ਇਮਾਨਦਾਰੀ ਅਤੇ ਕਾਬਲੀਅਤ ਦੀ ਤਾਰੀਫ਼ ਕੀਤੀ। ਆਗੂਆਂ ਨੇ ਸਾਥੀ ਜੀ ਨੂੰ ਇੱਕ ਤਜ਼ਰਬੇਕਾਰ, ਯੋਗ ਕੁਆਡੀਨੇਟਰ ਗਰਦਾਨਿਆਂ। ਸਾਥੀ ਜੀ ਦੇ ਸਮੁੱਚੇ ਮੁਲਾਜਮ ਵਰਗ ਅਤੇ ਵਿਭਾਗ ਦੇ ਮੰਗ ਮਸਲਿਆਂ ਨੂੰ ਲੈ ਕੇ ਸਾਂਝੇ ਪਲੇਟਫਾਰਮ ਉਸਾਰ ਕੇ ਪਹਿਰਾ ਦਿੰਦੇ ਹੋਏ ਲਾਮਬੰਦੀ ਕਰਨਾ ਲਾ ਮਿਸਾਲ ਹੈ। ਇਸੇ ਕਰਕੇ ਹੀ ਸਾਥੀ ਜੀ ਦਾ ਭਰਾਤਰੀ ਜੱਥੇਬੰਦੀਆਂ, ਜਮਹੂਰੀਅਤ ਇਨਸਾਫ਼ ਪੰਸਦ ਤੇ ਲੋਕ ਭਲਾਈ ਖੇਤਰਾਂ ਵਿੱਚ ਪੂਰਾ ਮਾਣ-ਸਨਮਾਨ ਹੈ।
ਜਿੱਥੇ ਸਾਥੀ ਜੀ ਦੀ ਧਰਮ ਪਤਨੀ ਮੈਡਮ ਸਰਬਜੀਤ ਕੌਰ ਦੇ ਵੱਡਮੁੱਲੇ ਯੋਗਦਾਨ ਆਪ ਦੀ ਕਾਰਜਸ਼ੈਲੀ ਵਿੱਚੋਂ ਭੁਲਾਏ ਨਹੀਂ ਜਾ ਸਕਦੇ, ਉੱਥੇ ਨਾਲੋਂ-ਨਾਲ ਦੋਵੇਂ ਬੇਟਿਆਂ ਦਾ ਵੀ ਆਪ ਦੇ ਮਾਰਗ ਦੇ ਚੱਲਣਾ ਸਾਥੀ ਦੇ ਚਰਿੱਤਰ ਨੂੰ ਹੋਰ ਵੀ ਚਾਰ ਚਿੰਨ ਲਾਉਂਦਾ ਹੈ। ਅਖੀਰ ਦੇ ਵਿੱਚ ਸ਼੍ਰੀ ਸੱਤਪਾਲ ਭੈਣੀ ਨੇ ਸਾਰੇ ਆਗੂਆਂ ਦਾ ਅਤੇ ਅਫ਼ਸਰ ਸਹਿਬਾਨਾਂ ਦਾ ਧੰਨਵਾਦ ਕੀਤਾ।






