17.4 C
Chandigarh

TODAY NOW NEWS

Friday, March 20, 2026
Homeਖੇਡ ਜਗਤ' ਰਾਸ਼ਟਰੀ ਖੇਡ ਦਿਵਸ ਤੇ ਵਿਸ਼ੇਸ਼'

‘ ਰਾਸ਼ਟਰੀ ਖੇਡ ਦਿਵਸ ਤੇ ਵਿਸ਼ੇਸ਼’

ਧਿਆਨ ਚੰਦ ਜਿਸਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ, ਇੱਕ ਅਜਿਹਾ ਹੀਰਾ ਸੀ ਜਿਸ ਵਰਗਾ ਖਿਡਾਰੀ ਅੱਜ ਤੱਕ ਦੁਬਾਰਾ ਨਹੀਂ ਪੈਦਾ ਹੋ ਸਕਿਆ। ਧਿਆਨ ਚੰਦ ਨੇ 29 ਅਗਸਤ 1905 ਨੂੰ ਪਰਿਆਗ (ਉੱਤਰ ਪ੍ਰਦੇਸ਼) ਵਿਖੇ ਇੱਕ ਬੇਹੱਦ ਗਰੀਬ ਘਰ ਵਿੱਚ ਜਨਮ ਲਿਆ। ਉਸਦੇ ਪਿਤਾ ਦਾ ਨਾਂ ਸੂਬੇਦਾਰ ਸਮੇਸ਼ਵਰ ਸਿੰਘ ਦੱਤ ਅਤੇ ਮਾਤਾ ਦਾ ਨਾਂ ਸ਼ਰਧਾ ਸਿੰਘ ਸੀ। ਧਿਆਨ ਚੰਦ ਦਾ ਛੋਟਾ ਭਰਾ ਰੂਪ ਸਿੰਘ ਵੀ ਹਾਕੀ ਦਾ ਬਹੁਤ ਵਧੀਆ ਖਿਡਾਰੀ ਹੋਇਆ ਹੈ । ਧਿਆਨ ਚੰਦ ਦਾ ਨਾਂ ਵੀ ਪਹਿਲਾਂ ਧਿਆਨ ਸਿੰਘ ਸੀ ਪਰੰਤੂ ਫੌਜ ਵਿੱਚ ਭਰਤੀ ਹੋਣ ਤੋਂ ਕੁਝ ਸਮੇਂ ਬਾਅਦ ਧਿਆਨ ਸਿੰਘ ਦੇ ਖੇਡ ਗਰਾਉਂਡ ਵਿੱਚ ਡਿਊਟੀ ਦੇ ਸਮੇਂ ਤੋਂ ਬਾਅਦ ਰਾਤ ਨੂੰ ਚੰਦ ਦੀ ਰੌਸ਼ਨੀ ਵਿੱਚ ਆਪਣੀ ਖੇਡ ਦਾ ਅਭਿਆਸ ਕਰਨ ਕਰਕੇ ਉਸਦੇ ਨਾਂ ਨਾਲ ਧਿਆਨ ਚੰਦ ਜੁੜ ਗਿਆ।ਧਿਆਨ ਚੰਦ ਦਾ ਵਿਆਹ 1936 ਦੀਆਂ ਉਲੰਪਿਕ ਖੇਡਾਂ ਤੋਂ ਪਹਿਲਾਂ ਜਾਨਕੀ ਦੇਵੀ ਨਾਲ ਹੋਇਆ। ਧਿਆਨ ਚੰਦ ਦੇ ਸੱਤ ਪੁੱਤਰਾਂ ਚੋਂ ਬਹੁਤੇ ਖਿਡਾਰੀ ਸਨ। ਧਿਆਨ ਚੰਦ ਨੂੰ ਖੇਡਾਂ ਦੀ ਦੁਨੀਆਂ ਵਿੱਚ ਹਾਕੀ ਦਾ ਸੰਸਾਰ ਪੱਧਰ ਦਾ ਮਹਾਨ ਖਿਡਾਰੀ ਮੰਨਿਆਂ ਜਾਂਦਾ ਹੈ। ਧਿਆਨ ਚੰਦ ਦੀ ਬਦੌਲਤ ਭਾਰਤ ਤਿੰਨ ਵਾਰ (1928,1932 ਅਤੇ 1936) ਸੰਸਾਰ ਹਾਕੀ ਜੇਤੂ ਰਿਹਾ।ਧਿਆਨ ਚੰਦ 16 ਸਾਲ ਦੀ ਉਮਰ ਵਿੱਚ ਬ੍ਰਿਟਿਸ਼ ਸ਼ਾਸਿਤ ਭਾਰਤੀ ਫੌਜ ਵਿੱਚ ਭਰਤੀ ਹੋਇਆ। 1922 ਤੋਂ ਲੈ ਕੇ 1926 ਤੱਕ ਧਿਆਨ ਚੰਦ ਰੈਜਮੈਂਟ ਅਤੇ ਆਰਮੀਂ ਸੈਂਟਰ ਖੇਡਾਂ ਵਿੱਚ ਹਿੱਸਾ ਲੈਂਦਾ ਰਿਹਾ। ਇਸੇ ਦੌਰਾਨ ਹੀ ਨਿਊਜ਼ੀਲੈਂਡ ਦੇ ਦੌਰੇ ਤੇ ਜਾ ਰਹੀ ਫੌਜ ਦੀ ਟੀਮ ਲਈ ਉਸ ਦੀ ਚੋਣ ਹੋ ਗਈ। ਕੁੱਲ 21 ਮੈਚਾਂ ਵਿੱਚ ਭਾਰਤੀ ਫੌਜ ਦੀ ਟੀਮ ਨੇ 18 ਜਿੱਤੇ, 2 ਡਰਾਅ ਹੋਏ ਅਤੇ ਸਿਰਫ਼ ਇੱਕ ਮੈਚ ਹਾਰਿਆ। ਇਸ ਟੂਰ ਦੌਰਾਨ ਦਰਸ਼ਕਾਂ ਅਤੇ ਚੋਣ ਕਰਤਾਵਾਂ ਤੋਂ ਸਭ ਤੋਂ ਜਿਆਦਾ ਪਰਸੰਸਾ ਖੱਟੀ। ਟੀਮ ਦੇ ਭਾਰਤ ਵਾਪਸ ਆਉਣ ਸਾਰ ਧਿਆਨ ਚੰਦ ਨੂੰ ਲਾਂਸ ਨਾਇਕ ਦੇ ਅਹੁਦੇ ਦੀ ਤਰੱਕੀ ਦੇ ਦਿੱਤੀ ਗਈ। ਭਾਰਤੀ ਟੀਮ ਵਿੱਚ ਚੋਣ ਹੋਣ ਉਪਰੰਤ ਧਿਆਨ ਚੰਦ ਨੇ 1928 ਵਿੱਚ ਨੀਦਰਲੈਂਡ ਉਲੰਪਿਕ ਵਿੱਚ ਕਮਾਲ ਦਾ ਪਰਦਰਸ਼ਨ ਕੀਤਾ ਅਤੇ ਨੀਦਰਲੈਂਡ ਨੂੰ 3-0 ਨਾਲ ਗਰਾ ਕੇ ਦੇਸ਼ ਨੂੰ ਹਾਕੀ ਵਿੱਚ ਪਹਿਲਾ ਸੰਸਾਰ ਚੈਂਪੀਅਨ ਬਣਾਇਆ ਅਤੇ ਗੋਲਡ ਮੈਡਲ ਲੈ ਕੇ ਦਿੱਤਾ। ਇਸ ਮੈਚ ਦੇ ਕੁੱਲ ਤਿੰਨ ਭਾਰਤੀ ਗੋਲਾਂ ਵਿੱਚੋਂ ਦੋ ਗੋਲ ਧਿਆਨ ਚੰਦ ਨੇ ਕੀਤੇ ਸਨ। ਬੰਬਈ ਦੀ ਹਾਰਬਰ ਬੰਦਰਗਾਹ ਤੇ ਹਜਾਰਾਂ ਲੋਕਾਂ ਨੇ ਟੀਮ ਦਾ ਸਵਾਗਤ ਕੀਤਾ।
1932 ਦੀ ਉਲੰਪਿਕ ਲਈ ਭਾਰਤੀ ਟੀਮ ਵਿੱਚ ਜਦੋਂ ਉਸਦੀ ਚੋਣ ਬਿਨਾਂ ਕਿਸੇ ਟਰਾਇਲ ਜਾਂ ਚੋਣ ਪਰਕਿਰਿਆ ਦੇ ਹੋਈ ਤਾਂ ਉਸ ਸਮੇਂ ਧਿਆਨ ਚੰਦ ਵਜ਼ੀਰਿਸਤਾਨ (ਹੁਣ ਪਾਕਿਸਤਾਨ) ਵਿੱਚ ਤੈਨਾਤ ਸੀ। 4 ਅਗਸਤ 1932 ਨੂੰ ਸਾਨਫਰਾਂਸਿਸਕੋ (ਹੁਣ ਅਮਰੀਕਾ) ਵਿੱਚ ਹੋਈਆਂ ਉਲੰਪਿਕ ਖੇਡਾਂ ਦੇ ਹਾਕੀ ਫਾਈਨਲ ਵਿੱਚ ਅਮਰੀਕਾ ਦੇ ਹੀ ਖਿਲਾਫ਼ ਖੇਡਦਿਆਂ 24-1 ਨਾਲ ਸ਼ਾਨਦਾਰ ਜਿੱਤ ਦਰਜ ਕਰ ਕੇ ਪਾਰਤ ਨੂੰ ਲਗਾਤਾਰ ਦੂਜੀਵਾਰ ਗੋਲਡ ਮੈਡਲ ਦੁਆਇਆ। 1936 ਦੀਆਂ ਬਰਲਿਨ ਵਿੱਚ ਹੋਈਆਂ ਉਲੰਪਿਕ ਖੇਡਾਂ ਵਿੱਚ 19 ਅਗਸਤ ਦੇ ਦਿਨ ਜਦ ਭਾਰਤ ਨੇ ਜਰਮਨੀ ਨੂੰ 8-1 ਨਾਲ ਹਰਾਇਆ ਤਾਂ ਐਡੋਲਫ ਹਿਟਲਰ ਨੇ ਧਿਆਨ ਚੰਦ ਨੂੰ ਆਪਣੀ ਫ਼ੌਜ ਵਿੱਚ ਸੀਨੀਅਰ ਅਹੁਦੇ ਦੀ ਪੇਸ਼ਕਸ਼ ਕੀਤੀ ਜਿਸ ਨੂੰ ਧਿਆਨ ਚੰਦ ਨੇ ਬੜੀ ਨਿਮਰਤਾ ਨਾਲ ਠੁਕਰਾ ਦਿੱਤਾ।
ਧਿਆਨ ਚੰਦ ਨੇ 1948 ਤੱਕ ਦੇ ਆਪਣੇ ਅੰਤਰਾਸ਼ਟਰੀ ਖੇਡ ਜੀਵਨ ਦੌਰਾਨ ਸੈਂਟਰ ਫਾਰਵਰਡ ਵਜੋਂ ਖੇਡਦਿਆਂ 400 ਤੋਂ ਵੱਧ ਗੋਲ ਕੀਤੇ। ਭਾਰਤ ਸਰਕਾਰ ਨੇ 1956 ਵਿੱਚ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ। ਇਸੇ ਸਾਲ ਹੀ ਉਹ ਫੌਜ ਦੀ ਸੇਵਾ ਤੋਂ ਮੇਜਰ ਵਜੋਂ ਰਿਟਾਇਰ ਹੋਇਆ। ਕੁਝ ਕੁ ਸਮਾਂ ਮਾਊਂਟ ਆਬੂ ਵਿਖੇ ਖਿਡਾਰੀਆਂ ਨੂੰ ਖੇਡ ਤਕਨੀਕਾਂ ਸਿਖਾਉਣ ਉਪਰੰਤ ਕਾਫੀ ਦੇਰ ਤੱਕ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ (NIS) ਵਿੱਚ ਮੁੱਖ ਹਾਕੀ ਕੋਚ ਵਜੋਂ ਸੇਵਾ ਨਿਭਾਈ, ਜਿੱਥੇ ਉਸ ਦੀ ਅਗਵਾਈ ਨੇ ਦੇਸ਼ ਨੂੰ ਕਈ ਉੱਚ ਕੋਟੀ ਦੇ ਹਾਕੀ ਖਿਡਾਰੀ ਦਿੱਤੇ। ਆਪਣਾ ਅੰਤਲਾ ਸਮਾਂ ਧਿਆਨ ਚੰਦ ਨੇ ਝਾਂਸੀ ਵਿਖੇ ਬਿਤਾਇਆ ਅਤੇ ਉਸਨੇ ਏਮਜ਼ ਦਿੱਲੀ ਵਿੱਚ 3 ਦਸੰਬਰ 1979 ਨੂੰ ਅੰਤਿਮ ਸਾਹ ਲਿਆ। ਉਸਦੀ ਯਾਦ ਵਿੱਚ ਝਾਂਸੀ ਵਿੱਚ ਇਕ ਸਪੋਰਟਸ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ ਅਤੇ ਉਸਦੇ ਬੁੱਤ ਦੀ ਸਥਾਪਨਾ ਕੀਤੀ ਗਈ।
ਸਾਲ 2012 ਤੋਂ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਕਿ ਮੇਜਰ ਧਿਆਨ ਚੰਦ ਦੇ ਜਨਮ ਦਿਵਸ 29 ਅਗਸਤ ਨੂੰ ‘ਰਾਸ਼ਟਰੀ ਖੇਡ ਦਿਵਸ’ ਵਜੋਂ ਮਨਾਇਆ ਜਾਵੇਗਾ। ਹਰੇਕ ਸਾਲ ਇਸ ਦਿਨ ਭਾਰਤ ਦੇ ਰਾਸ਼ਟਰਪਤੀ,ਚੁਣੇ ਹੋਏ ਖਿਡਾਰੀਆਂ ਅਤੇ ਕੋਚਾਂ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਜੀਵ ਗਾਂਧੀ ਖ਼ੇਲ ਰਤਨ ਐਵਾਰਡ, ਅਰਜੁਨ ਐਵਾਰਡ ਅਤੇ ਦਰੋਣਾਚਾਰੀਆ ਐਵਾਰਡਾਂ ਆਦਿ ਨਾਲ ਸਨਮਾਨਿਤ ਕਰਦੇ ਹਨ। 2002 ਤੋਂ ਧਿਆਨ ਚੰਦ ਐਵਾਰਡ ਵੀ ਸ਼ੁਰੂ ਕੀਤਾ ਗਿਆ ਹੈ, ਉਸ ਸਖ਼ਸ਼ੀਅਤ ਲਈ ਜਿਸਦਾ ਕਿਸੇ ਖੇਡ ਨੂੰ ਸਮੁੱਚੀ ਜ਼ਿੰਦਗੀ ਦਾ ਸਮਰਪਣ ਹੋਵੇ। ਦਿੱਲੀ ਦੇ ਨੈਸ਼ਨਲ ਸਟੇਡੀਅਮ ਦਾ ਨਾਂ ਵੀ ਮੇਜਰ ਧਿਆਨ ਚੰਦ ਦੇ ਨਾਂ ਤੇ ਰੱਖਿਆ ਗਿਆ ਹੈ। ਅਲੀਗੜੵ ਮੁਸਲਿਮ ਯੂਨੀਵਰਸਿਟੀ ਦੇ ਉਸ ਹੋਸਟਲ ਦਾ ਨਾਂ ਧਿਆਨ ਚੰਦ ਦੇ ਨਾਂ ਤੇ ਰੱਖਿਆ ਗਿਆ ਹੈ ਜਿੱਥੇ ਪੜੵਾਈ ਦੌਰਾਨ ਰਹਿੰਦਾ ਰਿਹਾ ਸੀ। ਲੰਡਨ ਸਥਿਤ ਭਾਰਤੀ ਜਿਮਖਾਨਾ ਕਲੱਬ ਦੀ ਐਸਟਰੋਟਰਫ਼ ਹਾਕੀ ਪਿੱਚ ਦਾ ਨਾਂ ਵੀ ਮੇਜਰ ਧਿਆਨ ਚੰਦ ਦੇ ਨਾਂ ਤੇ ਰੱਖਿਆ ਗਿਆ ਹੈ। ਭਾਰਤ ਸਰਕਾਰ ਵੱਲੋਂ ਧਿਆਨ ਚੰਦ ਦੀ ਯਾਦ ਵਿੱਚ ਡਾਕ ਟਿਕਟ ਵੀ ਜਾਰੀ ਕੀਤੀ ਗਈ ਹੈ।
ਸਚਿਨ ਤੇਂਦੁਲਕਰ ਅਤੇ ਸੀ.ਐਨ.ਆਰ.ਰਾਉ ਨੂੰ ਭਾਰਤ ਦਾ ਸਰਵ ਉੱਚ ਸਨਮਾਨ ਭਾਰਤ ਰਤਨ ਦਿੱਤੇ ਜਾਣ ਪਿੱਛੋਂ ਖੇਡ ਪ੍ਰੇਮੀਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਸੀ ਕਿ ਮੇਜਰ ਧਿਆਨ ਚੰਦ ਨੂੰ ਵੀ ਮਰਨ ਉਪਰੰਤ ‘ਭਾਰਤ ਰਤਨ’ ਐਵਾਰਡ ਨਾਲ ਨਾਲ ਸਨਮਾਨਿਤ ਕੀਤਾ ਜਾਵੇ । ਪਰੰਤੂ ਸਿਆਸੀ ਤੰਤਰ ਦੀ ਨਾ ਅਹਿਲੀਅਤ ਕਰਕੇ ਇਹ ਸੰਭਵ ਨਹੀਂ ਹੋ ਸਕਿਆ। ਭਾਰਤ ਦੇ ਇਸ ਮਹਾਨ ਖਿਡਾਰੀ ਦੀ ਮੌਤ ਦੇ 49 ਸਾਲ ਬਾਅਦ ਵੀ ਅਸੀਂ ਇੱਕ ਵੀ ਧਿਆਨ ਚੰਦ ਪੈਦਾ ਨਹੀਂ ਕਰ ਸਕੇ ਇਹ ਸਾਡੇ ਖੇਡ ਸਿਸਟਮ ਦੀ ਨਾਕਾਮੀ ਵੀ ਕਹੀ ਜਾ ਸਕਦੀ ਹੈ ਅਤੇ ਬਦਕਿਸਮਤੀ ਵੀ।
ਭੁਪਿੰਦਰ ਸਿੰਘ ਬਰਗਾੜੀ
ਅਜਿਹੀਆਂ ਹੋਰ ਜਾਣਕਾਰੀਆਂ ਲਈ ਪੇਜ ਜੁਆਇਨ ਕਰੋ

https://www.facebook.com/groups/1710100392594857/
Today Now News

RELATED ARTICLES
- Advertisment -

POPULAR POSTS