ਭੁਪਿੰਦਰ ਸਿੰਘ ਬਰਗਾੜੀ

ਸੋਨਮਰਗ ਕਸ਼ਮੀਰ ਦਾ ਇੱਕ ਮਸ਼ਹੂਰ ਘੁੰਮਣ ਦਾ ਸਥਾਨ ਹੈ ਜੋ ਕਸ਼ਮੀਰ ਘਾਟੀ ਨੂੰ ‘ਲੱਦਾਖ’ ਨਾਲ ਜੋੜਨ ਵਾਲੇ ਜੋਜ਼ਿਲਾ ਦੱਰੇ ਦੇ ਪੈਰਾਂ ਵਿੱਚ ਵਸਿਆ ਛੋਟਾ ਜਿਹਾ ਪਿੰਡ ਹੈ । ਸੋਨਮਰਗ ਅਸਲ ਵਿੱਚ ਸੋਨਾ ਮਾਰਗ ਤੋਂ ਬਣਿਆ ਹੈ ਜੋ ਆਪਣੇ ਨਾਂ ਤੋਂ ਹੀ ਸਪੱਸ਼ਟ ਹੈ ਕਿਉਂਕਿ ਇਹ ਪੁਰਾਣੇ ਸਿਲਕ ਰੂਟ ਦਾ ਕਸ਼ਮੀਰ ਦਾ ਐਂਟਰੀ ਗੇਟ ਤੇ ਕਸ਼ਮੀਰ ਨੂੰ ਤਿੱਬਤ ਨਾਲ ਜੋੜਦਾ ਸੀ । ਸ਼੍ਰੀਨਗਰ ਤੋਂ 55 ਕਿਲੋਮੀਟਰ ਦੂਰ ਸੋਨਾਮਾਰਗ ਵਿੱਚਦੀ ਸਦੀਆਂ ਤੱਕ ਤਾਜਰ ਤੇ ਸੌਦਾਗਰ ਲੰਘਕੇ ਆਉਂਦੇ ਜਾਂਦੇ ਰਹੇ ਹਨ ।ਅੱਜ ਕੱਲ ਇਹ ਕਸ਼ਮੀਰ ਆਉਣ ਵਾਲੇ ਸੈਲਾਨੀਆਂ ਦਾ ਮਨਭਾਉਂਦਾ ਸਥਾਨ ਹੈ ਕਿਉਂਕਿ ਇਹ ਸ਼੍ਰੀਨਗਰ ਦੇ ਮੁਕਾਬਲੇ ਜਿਆਦਾ ਠੰਢਾ ਹੈ । ਜੋਜ਼ਿਲਾ ਤੋਂ ਆਉਂਦਾ ਸ਼ੋਰ ਕਰਦਾ ‘ਸਿੰਧ ਨਾਲਾ’ ਇਸਦੀ ਵੱਖੀ ਵਿੱਚੋਂ ਦੀ ਨਿੱਕਲ ਕੇ ਜਾਂਦਾ ਹੈ ।ਸੋਨਮਾਰਗ ਦੇ ਆਲੇ ਦੁਆਲੇ ਕਈ ਝੀਲਾਂ ਹਨ,ਜਿਨਾਂ ਲਈ ਕਈ ਟਰੈਕ ਏਥੋਂ ਹੀ ਨਿੱਕਲਦੇ ਹਨ ਤੇ ਇਸ ਲਈ ਦੁਨੀਆਂ ਭਰ ਦੇ ਟਰੈਕਰ ਏਥੇ ਆਉਂਦੇ ਹਨ । ਬੋਲੀ ਮੁੱਖ ਤੌਰ ਤੇ ਕਸ਼ਮੀਰੀ ਹੈ ,ਥੋੜੇ ਬਹੁਤ ਪਸ਼ਤੋਂ ਤੇ ਬਾਲਤੀ ਬੋਲਨ ਵਾਲੇ ਵੀ ਹਨ ਕਿਉਂਕਿ ਇਥੇ ਰੁਜ਼ਗਾਰ ਦੇ ਸਿਲਸਿਲੇ ਵਿੱਚ ਆਸਿਉਂ ਪਾਸਿਉਂ ਬਹੁਤ ਸਾਰੇ ਲੋਕ ਆ ਕੇ ਰਹਿੰਦੇ ਹਨ । ਇਸ ਸਥਾਨ ਤੇ ਨਵੰਬਰ ਵਿੱਚ ਅੰਤਾਂ ਦੀ ਬਰਫ ਪੈਂਦੀ ਹੈ ਜਿਸ ਕਰਕੇ ਸਮੁੱਚੇ ਭਾਰਤ ਨੂੰ ਲੱਦਾਖ ਨਾਲ ਜੋੜਨ ਵਾਲਾ ਵੱਡਾ ਹਾਈਵੇ ਬੰਦ ਹੋ ਜਾਂਦਾ ਹੈ ਤੇ ਇਸਨੂੰ ਚੱਲਦਾ ਰੱਖਣ ਲਈ ਫੌਜ ਅਤੇ ਬਾਰਡਰ ਰੋਡਜ਼ ਆਰਗੇਨਾਈਜੇਸ਼ਨ ਲਈ ਇੱਕ ਵੱਡੀ ਚੁਣੌਤੀ ਰਹਿੰਦੀ ਹੈ । ਇਸ ਸੜਕੀ ਸੰਪਰਕ ਨੂੰ ਹਰ ਮੌਸਮ ਵਿੱਚ ਚਲਦਾ ਰੱਖਣ ਲਈ ਜੋਜ਼ਿਲਾ ਦੱਰੇ ਦੇ ਹੇਠਾਂ ਤੋਂ ਇੱਕ ਸੁਰੰਗ ਬਣਾਈ ਜਾ ਰਹੀ ਹੈ ਜੋ ਦਰਾਸ ਜਾ ਕੇ ਨਿੱਕਲੇਗੀ ।
ਕੁਦਰਤ ਨੇ ਸੋਨਮਾਰਗ ਨੂੰ ਬਹੁਤ ਸੁਹੱਪਣ ਬਖਸ਼ਿਆ ਹੈ । ਇਥੋਂ ਥੋੜ੍ਹੀ ਦੂਰ ਜਾ ਕੇ ਬਾਲਟਾਲ ਤੋਂ ਅਮਰਨਾਥ ਯਾਤਰਾ ਸ਼ੁਰੂ ਹੁੰਦੀ ਹੈ । ਜੋ ਇਨ੍ਹਾਂ ਦਿਨਾਂ ਵਿੱਚ ਬੰਦ ਪਈ ਹੈ । ਦਰਿਆ ਦੇ ਕੰਢੇ ਤੇ ਕੈਂਪਿੰਗ ਲਈ ਵਧੀਆ ਜਗ੍ਹਾ ਹੈ , ਛੋਟਾ ਜਿਹਾ ਬਜ਼ਾਰ ਹੈ ਜਿੱਥੋਂ ਨਿੱਤ ਲੋੜ ਦੀਆਂ ਵਸਤਾਂ ਮਿਲ ਜਾਂਦੀਆਂ ਹਨ । ਹੇਠਲੀ ਤਸਵੀਰ ਕੈਂਪ ਸਥਾਨ ਤੋਂ ਲਈ ਗਈ ਹੈ …….ਭੁਪਿੰਦਰ ਸਿੰਘ ਬਰਗਾੜੀ






