16.6 C
Chandigarh

TODAY NOW NEWS

Thursday, March 19, 2026

ਸੁਲਗਦੀ ਅੱਗ

ਟੀਨਾ ਮੰਗਤ

ਮੇਰੀ ਬਦਲੀ ਜਗਰਾਉਂ ਦੇ ਨੇੜੇ ਇੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੋਣ ਤੋਂ ਬਾਅਦ ਮੇਰੇ ਲਈ ਲੁਧਿਆਣੇ ਤੋ ਨਿੱਤ ਆਉਣਾ ਜਾਣਾ ਬਹੁਤ ਔਖਾ ਸੀ। ਕੁਝ ਮਹੀਨੇ ਆਉਂਦੀ ਰਹੀ ,,ਪਰ ਦਿਨ ਛੋਟੇ ਹੁੰਦੇ ਗਏ ,,ਠੰਡ ਵੱਧਦੀ ਗਈ । ਕੁਝ ਉਦੋਂ ਵਕਤ ਵੀ ਇਹੋ ਜਿਹਾ ਚਲ ਰਿਹਾ ਸੀ ਕਿ ਨਿੱਤ ਪੁਲਿਸ ਮੁਕਾਬਲੇ ਚ ਮੁੰਡੇ ਮਰ ਰਹੇ ਸੀ । ਅਖਬਾਰਾਂ ਦੀਆਂ ਸੁਰਖੀਆਂ ਤੇ ਤਸਵੀਰਾਂ ਡਰਾਉਣੀਆ ਲੱਗਦੀਆਂ । ਮੈਂ ਵੀ ਡਰਦੀ ਮਾਰੀ ਬੱਸ ਚ ਸਿਰ ਢੱਕ ਕੇ ਹੀ ਸਫਰ ਕਰਦੀ ,ਖੈਰ ਮੈਂ ਸੋਚਿਆ ਕਿ ਕੁਝ ਮਹੀਨਿਆਂ ਲਈ ਜਗਰਾਉਂ ਕਿਰਾਏ ਤੇ ਕਮਰਾ ਲੈ ਲਵਾ ਆਉਣਾ ਜਾਣਾ ਸੌਖਾ ਹੋ ਜਾਊ, ਪਰ ਨਾਲ ਦੇ ਇੱਕ ਸਾਥੀ ਅਧਿਆਪਕ ਨੇ ਜੋ ਉਸ ਪਿੰਡ ਦਾ ਹੀ ਸੀ ਉਸ ਨੇ ਪਿੰਡ ਚ ਚਾਚਾ ਪਾਲੂ ਦੀ ਹਵੇਲੀ ਚ ਦੋ ਚੁਬਾਰੇ ਸੀ, ਇੱਕ ਮੈਨੂੰ ਕਿਰਾਏ ਤੇ ਦਿਵਾ ਦਿੱਤਾ । ਚਾਚੇ ਦੀ ਕੁੜੀ ਵਿਆਹੀ ਸੀ, ਮੁੰਡਾ ਫੌਜ ਚ ਸੀ। ਚਾਚਾ ਚਾਚੀ ਦੋਵੇ ਬਜੁਰਗ ਸੀ । ਮੈਂਨੂੰ ਜਗ੍ਹਾ ਠੀਕ ਲੱਗੀ ਕੁਝ ਲੋੜੀਂਦਾ ਸਮਾਨ ਲੈ ਕੇ ,ਮੈਂ ਚੁਬਾਰੇ ਚ ਰਹਿਣਾ ਸੁਰੂ ਕਰ ਦਿੱਤਾ। ਚਾਚਾ ਚਾਚੀ ਦਾ ਸੁਭਾਅ ਚੰਗਾ ਸੀ ਮੈਂ ਦਿਨ ਚ ਦੋ ਵਾਰ ਹੇਠਾਂ ਦੁੱਧ ਲੈਣ ਆਉਂਦੀ,,ਚਾਚੀ ਮੱਲੋ ਮੱਲੀ ਦਾਲ ਸਬਜੀ ਵੀ ਦੇ ਦਿੰਦੀ,,ਕਹਿ ਵੀ ਦਿੰਦੀ, ਕੌਈ ਨਾ ਧੀਏ ਥੱਕੀ ਟੁੱਟੀ ਸਕੂਲੋਂ ਆਉਂਦੀ ਆ ,ਕਿੱਥੇ ਬਣਾਵੇ ਗੀ। ਮੈਨੂੰ ਆਪਣੀ ਮਾਂ ਦੀ ਯਾਦ ਆ ਜਾਂਦੀ , ਜੋ ਮਰ ਚੁੱਕੀ ਸੀ। ਪਿਉ ਦੀ ਦੂਜੀ ਘਰਵਾਲੀ ਨਾਲ ਮੇਰਾ ਵਾਹ ਨਹੀ ਪਿਆ ਸੀ, ਨਾਨਾ ਨਾਨੀ ਨੇ ਹੀ ਪਾਲਿਆ, ਪੜਾਇਆ ਸੀ। ਪਿਉ ਪੁਲਸ ਚ ਉੱਚੇ ਅਹੁਦੇ ਤੇ ਸੀ,ਮੈਨੂੰ ਮਹੀਨੇ ਚ ਇਕ ਅੱਧੀ ਵਾਰ ਮਿਲਣ ਆਉਂਦਾ, ਨਾਨਾ ਨਾਨੀ ਨੂੰ ਕੁਝ ਪੈਸੇ ਦੇ ਕਿ ਚਲਾ ਜਾਂਦਾ, ਮੇਰੇ ਦਿਲ ਚ ਨਾ ਉਸਦੀ ਬਾਹਲੀ ਇੱਜਤ ਸੀ ਨਾ ਹੀ ਨਰਾਜ਼ਗੀ ।

ਚੁਬਾਰੇ ਦੀਆ ਤਿੰਨ ਖਿੜਕੀਆ ਬਾਹਰ ਵੱਲ ਖੁੱਲ੍ਹਦੀਆ ਤੇ ਇੱਕ ਹਵੇਲੀ ਦੇ ਅੰਦਰ, ਜਿੱਥੋਂ ਚਾਚੀ ਦਾ ਚੌਕਾਂ ਦਿਖਦਾ,,ਰੋਜ ਮੈਂ ਇੱਕ ਨਿਗਾ ਮਾਰ ਹੀ ਲੈਂਦੀ ਚਾਚੀ ਤਵੇ ਤੋਂ ਲਹਿੰਦੀ ਲਹਿੰਦੀ ਰੋਟੀ ਚਾਚੇ ਨੂੰ ਖਵਾਉਦੀ। ਇਕ ਰਾਤ ਮੈਂ ਬੈਠੀ ਕਿਤਾਬ ਪੜ ਰਹੀ ਸੀ ਮੈਨੂੰ ਹੇਠਾਂ ਕੁਝ ਆਵਾਜ਼ਾਂ ਸੁਣੀਆਂ, ਮੈ ਖਿੜਕੀ ਖੋਲ ਕੇ ਦੇਖਿਆ ਚਾਚੀ ਰੋਟੀਆਂ ਲਾਹੀ ਜਾਂਦੀ ਸੀ ਤੇ ਚਾਰ ਮੁੰਡੇ ਜਿੰਨਾ ਖੱਟੀਆਂ ਪੱਗਾਂ ਬੰਨੀਆ ਸੀ, ਤੇ ਕੋਲ ਹਥਿਆਰ ਸੀ ,ਪੀੜੀਆਂ ਤੇ ਬੈਠੇ ਰੋਟੀ ਖਾ ਰਹੇ ਸੀ। ਰੋਟੀਆ ਖਾ ਕੇ ਉਹ ਚਲੇ ਗਏ। ਮੈਨੂੰ ਸਾਰੀ ਰਾਤ ਨੀਂਦ ਨਾ ਆਈ । ਮੈਂ ਚਾਚਾ ਚਾਚੀ ਨੂੰ ਕੁੱਝ ਪੁੱਛਿਆ ਵੀ ਨਹੀ,,ਮੈਨੂੰ ਉਹਨਾਂ ਤੋਂ ਵੀ ਭੈਅ ਆਉਣ ਲੱਗਾ । ਦੂਜੇ ਦਿਨ ਸਾਰੇ ਪਿੰਡ ਚ ਖਬਰ ਫੈਲ ਗਈ ਕਿ ਸਰਪੰਚ ਮਾਰਿਆ ਗਿਆ । ਪਿੰਡ ਦਾ ਸਰਪੰਚ ਕੋਈ ਬਾਹਲਾ ਚੰਗਾ ਬੰਦਾ ਨਹੀ ਸੀ,,ਇਹ ਮੈਂ ਪਹਿਲਾਂ ਸੁਣ ਚੁੱਕੀ ਸੀ। ਉਹ ਬਲੈਕ ਕਰਦਾ , ਪਿੰਡ ਚ ਸ਼ਰੇਆਮ ਪੁਲਿਸ ਦੀ ਸ਼ਹਿ ਤੇ ਨਸ਼ਾ ਵਿਕਦਾ। ਕੁਝ ਦਿਨ ਪਿੰਡ ਸੁਸਰੀ ਵਾਗੂੰ ਸੁੱਤਾ ਰਿਹਾ,, ਪੁਲਿਸ ਆਉਦੀ ਜਾਂਦੀ ਰਹੀ,ਹੌਲੀ ਹੌਲੀ ਸਭ ਠੰਡਾ
ਹੋ ਗਿਆ । ਮਹੀਨੇ ਕੋ ਬਾਅਦ ਦੋ ਮੁੰਡੇ ਸਕੂਟਰ ਤੇ ਆਏ, ਮੈਂ ਉਹਨਾਂ ਨੂੰ ਗੱਲ ਕਰਦੇ ਸੁਣਿਆ,,ਪਾਣੀ ਲੈਣ ਦੇ ਬਹਾਨੇ ਮੈਂ ਹੇਠਾਂ ਆਈ,,ਮੈ ਵਿੰਦਰ ਨੂੰ ਦੇਖ ਕੇ ਹੈਰਾਨ ਰਹਿ ਗਈ। ਗੌਰਮਿੰਟ ਕਾਲਜ ਲੁਧਿਆਣੇ ਦਾ ਸਭ ਤੋਂ ਸੋਹਣਾ ਤੇ ਹੋਣਹਾਰ ਮੁੰਡਾ,,ਜਿਸ ਦੇ ਪੱਗ ਦੇ ਪੇਚ ਤੇ ਸਾਰੀਆਂ ਕਾਲਜ ਦੀਆਂ ਕੁੜੀਆਂ ਮਰਦੀਆ ਸੀ,,ਉਹਨਾ ਵਿੱਚੋ ਇੱਕ ਮੈਂ ਵੀ ਸੀ। ਮੇਰੇ ਵੱਲ ਵਿੰਦਰ ਨੇ ਦੇਖ ਕੇ ਕਿਹਾ,ਤੁਸੀ? ਚਾਚੀ ਨੇ ਕਿਹਾ “ਮਾਸਟਰਨੀ ਆ ਪੁੱਤ ਸਕੂਲ ਚ,,ਇੱਥੇ ਰਹਿੰਦੀ ਆ”ਮੈਂ ਪਾਣੀ ਲਿਆ ਤੇ ਉਪਰ ਚਲੇ ਗਈ । ਵਿੰਦਰ ਨੇ ਇਕ ਕਾਲੇ ਰੰਗ ਦਾ ਝੋਲਾ ਚਾਚੀ ਨੂੰ ਫੜਾਇਆ ਤੇ ਕਿਹਾ ਕੁਝ ਦਿਨਾਂ ਨੂੰ ਲੈ ਜਾਵਾ ਗੇ। ਚਾਚੀ ਨੇ ਮੇਰੇ ਸਾਹਮਣੇ ਹੀ ਉਹ ਕਣਕ ਦੇ ਡਰੰਮ ਚ ਸੁੱਟ ਦਿੱਤਾ ।
ਕੁੱਝ ਦਿਨ ਬਾਅਦ ਉਹ ਰਾਤ ਆਈ, ਜੋ ਮੈਂ ਕਦੇ ਨਾ ਭੁੱਲ ਸਕੀ, ਅਚਾਨਕ ਰਾਤ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤੇ ਅੱਖ ਖੁੱਲ੍ਹ ਗਈ,, ਨਾਲ ਦੇ ਚੁਬਾਰੇ ਚੋ ਘੁੱਸਰ ਫੁੱਸਰ ਦੀ ਆਵਾਜ਼ ਆਈ, ਮੈਂ ਭੱਜ ਕਿ ਹੇਠਾਂ ਆਈ, ਚਾਚੇ ਨੇ ਮੈਨੂੰ ਤੇ ਚਾਚੀ ਨੂੰ ਪਿਛਲੀ ਕੰਧ ਟਪਾ ਕੇ ਬਾਹਰ ਕੱਢ ਦਿੱਤਾ, ਸਾਨੂੰ ਗਵਾਂਢੀਆ ਪਨਾਹ ਦੇ ਦਿੱਤੀ, ਚਾਚਾ ਗੇਟ ਖੋਲ ਕੇ ਗ੍ਰਿਫਤਾਰ ਹੋ ਗਿਆ। ਦੋਵੇ ਪਾਸੇ ਗੋਲੀਆਂ ਚੱਲੀਆਂ, ਮੁਕਾਬਲਾ ਹੋਇਆ, ਆਖਰ ਚੁਬਾਰੇ ਨੂੰ ਅੱਗ ਲਾ ਦਿੱਤੀ ਗਈ। ਅੱਧੀ ਹਵੇਲੀ ਮੱਚ ਗਈ।ਦੂਜੇ ਦਿਨ ਚਾਚੀ ਆਪਣੀ ਧੀ ਕੋਲ ਚਲੇ ਗਈ ਤੇ ਮੈਂ ਆਪਣੇ ਨਾਨਕੇ । ਮੇਰਾ ਪਿਉ ਮਿਲਣ ਆਇਆ ਤੇ ਮੈਨੂੰ ਬਹੁਤ ਸਵਾਲ ਕੀਤੇ,, ਮੇਰੇ ਚਰਿੱਤਰ ਤੇ ਵੀ ਇਲਜਾਮ ਲੱਗੇ, ਪਰ ਮੈਂ ਸਦਮੇ ਚੋ ਬਾਹਰ ਨਹੀਂ ਆ ਰਹੀ ਸੀ। ਮੈਨੂੰ ਪਤਾ ਲੱਗਿਆ ਕਿ ਸਾਰੇ ਮੁੰਡੇ ਜਲ ਕੇ ਸਵਾਹ ਹੋ ਗਏ, ਪਹਿਚਾਣ ਨਹੀ ਹੋ ਸਕੀ । ਸ਼ਾਇਦ ਵਿੰਦਰ ਵੀ ਉਹਨਾਂ ਚ ਹੀ ਸੀ । ਚਾਚੇ ਤੇ ਬਹੁਤ ਤਸੱਸਦ ਹੋਇਆ,,ਜੇਲ ਹੋ ਗਈ। ਮੈਂ ਆਪਣੇ ਪਿਉ ਕੋਲ ਪਹਿਲੀ ਵਾਰ ਚਾਚੇ ਖਾਤਰ ਗਈ ਕਿ ਉਸ ਨੂੰ ਜੇਲ੍ਹ ਚੋ ਕਢਾ ਦੇਵੇ,,ਪਰ ਪਿਉ ਨੇ ਕਿਹਾ, ” ਵਕੀਲ ਪੈਸੇ ਬਿਨਾਂ ਨਹੀਂ ਕਰੇਗਾ,ਝੋਲਾ ਲੱਗੂ। ਮੈਨੂੰ ਉਹ ਕਾਲਾ ਝੋਲਾ ਯਾਦ ਆ ਗਿਆ । ਮੈ ਪਿੰਡ ਆਈ ਭਾ ਭਾ ਕਰਦੀ ਹਵੇਲੀ ਤੋ ਭੈਅ ਆਇਆ । ਚੁਬਾਰੇ ਚੋ ਆਪਣਾ ਅੱਧ ਸੜਿਆ ਜਰੂਰੀ ਸਮਾਨ ਚੱਕਿਆ ਤੇ ਡਰੰਮ ਚੋ ਕਾਲਾ ਝੋਲਾ ਕੱਢ ਕੇ ਸਿੱਧਾ ਲੁਧਿਆਣੇ ਪਿਉ ਦੇ ਦਫਤਰ ਪਹੁੰਚੀ, ਝੋਲਾ ਮੂਹਰੇ ਰੱਖਿਆ ਤੇ ਚਾਚੇ ਲਈ ਹੱਥ ਜੋੜ ਕੇ ਬਾਹਰ ਆ ਗਈ,,ਮੇਰੇ ਪਿਉ ਦਾ ਸ਼ੱਕ ਯਕੀਨ ਚ ਬਦਲ ਗਿਆ ਕਿ ਮੈਂ ਅੱਤਵਾਦੀਆ ਨਾਲ ਰਲੀ ਆ।
ਸਾਲ ਬਾਅਦ ਮੇਰਾ ਵਿਆਹ ਅੰਬਾਲੇ ਦੇ ਇੱਕ ਕਾਰੋਬਾਰੀ ਨਾਲ ਹੋ ਗਿਆ,,ਦੋ ਤਿੰਨ ਸਾਲ ਬਾਅਦ ਅਸੀ ਦਿੱਲੀ ਆ ਗਏ। ਮੈਨੂੰ ਇੱਥੇ ਨੌਕਰੀ ਮਿਲ ਗਈ। ਪੰਜ ਸਾਲ ਬਾਅਦ ਸੜਕ
ਦੁਰਘਟਨਾ ਚ ਮੇਰੇ ਪਤੀ ਗੁਜਰ ਗਏ । ਦਿਉਰ ਦਾ ਮੁੰਡਾ ਗੋਦ ਲੈ ਕਿ ਪਾਲਿਆ ਤੇ ਡਾਕਟਰ ਬਣਾਇਆ। ਪਰ ਮੈਂ ਉਸ ਦੇ ਕੇਸ ਨਾ ਰੱਖੇ ਨਾ ਪੱਗ ਬੰਨਣ ਦਿੱਤੀ, ਨਾਨਾ ਨਾਨੀ ਦੇ ਮੁੱਕ ਜਾਣ ਤੋ ਬਾਅਦ ਮੈ ਮੁੜ ਪੰਜਾਬ ਵੱਲ ਮੂੰਹ ਨਾ ਕੀਤਾ, ਪੈਂਤੀ ਸਾਲ ਹੋ ਗਏ, ਉਹ ਹਾਦਸਾ ਜਹਿਨ ਚੋ ਅੱਜ ਵੀ ਨਹੀ ਜਾਂਦਾ ।
ਦੋ ਹਜਾਰ ਵੀਹ, ਦਸੰਬਰ ਰਾਤ ਦੇ ਅੱਠ ਵਜੇ ਦਰਵਾਜ਼ਾ ਖੜਕਿਆ, ਸੁਨੀਤਾ ਨੇ ਗੇਟ ਖੋਲਿਆ ਤੇ ਹਾਕ ਮਾਰ ਕਿ ਕਿਹਾ, “ਬੀਵੀ ਜੀ ਸਰਦਾਰ ਲੋਗ ਹੈ,, ਬਾਥਰੂਮ ਕਿ ਲੀਏ ਆਏ ਹੈ”ਮੈਂ ਨਿੱਘੀ ਰਜਾਈ ਚੋ ਉੱਠ ਕਿ ਨੰਗੇ ਪੈਰ ਕਮਰੇ ਚੋਂ ਬਾਹਰ ਆਈ,,ਮੇਰੇ ਸਾਹਮਣੇ ਉੱਚੇ ਲੰਮੇ ਭਰਵੀਆ ਦਾੜੀਆਂ, ਨੀਲੀਆਂ, ਪੀਲੀਆਂ ਪੱਗਾਂ ਵਾਲੇ ਮੁੰਡੇ ਖੜੇ ਸੀ। ਮੇਰੀ ਨਜਰ ਉਹਨਾਂ ਤੋ ਹੱਟ ਨਹੀ ਰਹੀ ਸੀ,,। ਮਾਤਾ ਬਾਥਰੂਮ ਜਾਣਾ ਸੀ। ਹਾਂ ਬੇਟਾ ਕਿਉ ਨਹੀਂ,, ਇਹਨੇ ਨੂੰ ਮੇਰਾ ਬੇਟਾ ਕਲੀਨਿਕ ਤੋ ਆਇਆ ਉਸ ਨੇ ਮੇਰੇ ਕੋਲ ਇਤਰਾਜ਼ ਜਾਹਿਰ ਕੀਤਾ ਕਿ ਇਹ ਸਭ ਕਿਸਾਨ ਧਰਨੇ ਵਾਲੇ ਨੇ। ਬਾਰਡਰਾ ਤੇ ਠੰਡ,ਮੀਂਹ, ਹਨੇਰੀ ਚ ਬੈਠਾ ਮੇਰਾ ਪੰਜਾਬ ਮੈਂ ਮੈ ਰੋਜ ਸਮਾਚਾਰਾ ਚ ਦੇਖਦੀ , ਪੁੱਤਰ ਦੀ ਗੱਲ ਅਣਸੁਣਿਆ ਕਰਕੇ ਮੈਂ ਤੌਲੀਏ ਨਾਲ ਹੱਥ ਪੂੰਝਦੇ ਮੁੰਡੇ ਨੂੰ ਕਿਹਾ,, ਬੇਟਾ ਰੋਟੀ ਖਾ ਕੇ ਜਾਣਾ,,ਨਹੀ ਨਹੀ ਮਾਤਾ ਪਰਸ਼ਾਦਾ ਤੇ ਲੰਗਰ ਚ ਮਿਲ ਜਾਣਾ । ਮੇਰੇ ਬਾਹਲਾ ਕਹਿਣ ਤੇ ਉਹਨਾਂ ਹਾਂ ਕਰ ਦਿੱਤੀ । ਮੈਂ ਸੋਹਣੇ ਮੁੰਡੇ ਨੂੰ ਪੁੱਛੇ ਬਿਨਾਂ ਰਹਿ ਨਾ ਸਕੀ, ਜਿਸ ਦੀ ਸ਼ਕਲ ਵਿੰਦਰ ਵਰਗੀ ਸੀ,, “ਪੁੱਤ ਪੰਜਾਬ ਤੋਂ ਕਿੱਥੋਂ ਆਏ ਉ,? ਉਸ ਨੇ ਕਿਹਾ ” ਮਲਕਪੁਰ ਜਗਰਾਉਂ ਕੋਲ ” ਮੈਨੂੰ ਯਾਦ ਸੀ ਚਾਚੇ ਦੀ ਕੁੜੀ ਮਲਕਪੁਰ ਵਿਆਹੀ ਹੋਈ ਸੀ,”ਨਾਨਕੇ ਕਿੱਥੇ ਆ ਪੁੱਤ ਤੇਰੇ? “ਰਾਮਗੜ੍ਹ ਭੁੱਲਰ।” ਪੈਂਤੀ ਸਾਲਾਂ ਤੋਂ ਜੰਮੇ ਹੰਝੂ ਪਿਘਲਣ ਲੱਗੇ। ਸਾਰੀ ਕਹਾਣੀ ਮੈਂ ਮੁੰਡਿਆਂ ਨੂੰ ਸੁਣਾਈ। ਘਰ ਦੇ ਕਿਸੇ ਕੋਨੇ ਤੇ ਖੜਾ ਡਾਕਟਰ ਵੀ ਸੁਣ ਰਿਹਾ ਸੀ। ਰੋਟੀ ਖਾ ਕਿ ਸ਼ੁਕਰਾਨਾ ਕਰਕੇ ਮੁੰਡੇ ਜਾਣ ਲੱਗੇ ਤਾਂ ਸੋਹਣੇ ਮੁੰਡੇ ਨੇ ਨਮ ਅੱਖਾਂ ਨਾਲ ਮੇਰੇ ਪੈਰੀ ਹੱਥ ਲਾਏ,,ਤੇ ਕਿਹਾ ਮਾਤਾ ਮੈਂ ਵਿੰਦਰ ਦਾ ਪੁੱਤ ਹਾਂ, ਬਾਪੂ ਜਿਉਦਾ, ਉਸ ਰਾਤ ਉਹ ਨਾਲ ਨਹੀ ਸੀ,,ਬੱਚ ਗਿਆ । ਤੁਹਾਨੂੰ ਯਾਦ ਕਰਦਾ, ਅਕਸਰ ਕਹਿੰਦਾ ਹੁੰਦਾ ਕਿ ਉਹ ਸਰਕਾਰੀ ਮਾਸਟਰਨੀ, ਪੁਲਿਸ ਵਾਲੇ ਦੀ ਧੀ ਮੁਖਬਰੀ ਕਰ ਗਈ ਸੀ ਤੇ ਪੈਸੇ ਚੱਕ ਕੇ ਨੱਸ ਗਈ ਸੀ । ਬਾਪੂ ਨੂੰ ਕਦੇ ਯਕੀਨ ਨਹੀਂ ਆਇਆ । ਧਰਨੇ ਤੇ ਬੈਠਾ ਬਾਪੂ ਮਾਤਾ,,ਸਵੇਰੇ ਮੈਂ ਤੁਹਾਨੂੰ ਮਿਲਾਵਾਂ ਗਾ ਕਹਿ ਕੇ ਮੁੰਡੇ ਚਲੇ ਗਏ।
ਸਾਰੀ ਰਾਤ ਮੀਂਹ ਪੈਂਦਾ ਰਿਹਾ, ਐਤਵਾਰ ਦੀ ਸਵੇਰ , ਠੰਡੀ ਹਵਾ ਆਰ ਪਾਰ ਹੋ ਰਹੀ ਸੀ,,ਦੁਪਿਹਰ ਤੱਕ ਉਡੀਕਦੀ ਰਹੀ ਕਿ ਮੁੰਡੇ ਆਉਣ ਗੇ,,ਅਖੀਰ ਡਾਕਟਰ ਧਰਨੇ ਤੇ ਗਿਆਂ ਮਲਕਪੁਰ ਦੇ ਤੰਬੂ ਚ ਪਹੁੰਚਿਆ, ਉਸਨੇ ਨੇ ਦੇਖਿਆ ਬਜੁਰਗ ਆਖਰੀ ਸਾਹਾ ਤੇ ਆ, ਉਹ ਆਪਣੀ ਗੱਡੀ ਚ ਪਾ ਕੇ ਕਲੀਨਿਕ ਚ ਲੈ ਆਇਆ, ਮੁੰਡਿਆ ਦੱਸਿਆ ਰਾਤ ਅਸੀਂ ਸਾਰੀ ਕਹਾਣੀ ਬਾਪੂ ਨੂੰ ਦੱਸੀ,ਬੱਸ ਦਿਲ ਹੀ ਛੱਡ ਗਿਆ ।ਕਾਫੀ ਮਸ਼ੁੱਕਤ ਕਰਨ ਤੋਂ ਬਾਅਦ ਬਾਪੂ ਦੀ ਮੌਤ ਹੋ ਗਈ । ਮੇਰੀ ਉਡੀਕ ਮੁੱਕ ਗਈ , ਸ਼ਾਇਦ ਉਹ ਕਾਲਜ ਦਾ ਸਭ ਤੋਂ ਸੋਹਣਾ ਮੁੰਡਾ ਜਿਸ ਨੂੰ ਕਦੇ ਜਾਹਿਰ ਵੀ ਨਹੀ ਹੋਣ ਦਿੱਤਾ ਸੀ, ਮੈਂ ਉਸ ਨੂੰ ਦੁਬਾਰਾ ਮਿਲ ਨਾ ਸਕੀ । ਧਰਨੇ ਤੇ ਖੱਟੀ ਚੁੰਨੀ ਲਈ ਬੈਠੀ ਸੋਚ ਰਹੀ ਸੀ,,ਕਦੇ ਸੰਤਾਲੀ, ਕਦੇ ਚੋਰਾਸੀ, ਵੀਹ ਸੌ ਇੱਕੀ ਆ ਗਿਆ ਹਮੇਸ਼ਾ ਧੱਕਾ ਹੁੰਦਾ ਆਇਆ, ਜਿਸ ਨੇ ਆਵਾਜ਼ ਉਠਾਈ, ਕੁਚਲਿਆ ਗਿਆ, ਜਿਸ ਨੇ ਹਥਿਆਰ ਚੁੱਕੇ ਉਹ ਅੱਤਵਾਦੀ । ਪੰਜਾਬ ਦੇ ਕੁੱਝ ਸੋਹਣੇ ਮੁੰਡੇ ਜਹਾਜ਼ੇ ਚੜ ਗਏ,ਕੁਝ ਚੜ ਜਾਣ ਗੇ,,ਕੁਝ ਫਾਹੇ ਲੈ ਗਏ,ਕੁਝ ਲੈ ਜਾਣ ਗੇ ਤੇ ਬਾਕੀ ਅੱਤਵਾਦੀ ਤੇ ਮੇਰੇ ਵਰਗੀਆਂ ਵਿਛੋੜੇ ਚ ਧੁਖਦੀਆ ਸਵਾਹ ਬਣ ਗਈਆ।
✍teena mangat

Today Now News

RELATED ARTICLES
- Advertisment -

POPULAR POSTS