ਥਾਣਾ ਸੁਭਾਨਪੁਰ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਤਲਾਸ਼ ਕਰ ਦਿੱਤੀ ਹੈ ਤੇਜ਼

ਕਪੂਰਥਲਾ,(ਹਰਦੇਵ ਮਾਨ )- ਇਕ 16 ਸਾਲਾ ਨਾਬਾਲਗ ਮੁਲਜ਼ਮ ਨੇ ਇਕ ਅੱਠ ਸਾਲ ਦੀ ਬੱਚੀ ਨੂੰ ਬਹਾਨੇ ਨਾਲ ਘਰ ਬੁਲਾ ਕੇ ਉਸ ਨਾਲ ਜਬਰ ਜਨਾਹ ਕਰਨ ਦੇ ਦੋਸ਼ ‘ਚ ਥਾਣਾ ਸੁਭਾਨਪੁਰ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਤਲਾਸ਼ ਤੇਜ਼ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪਿੰਡ ਗਡਾਨੀ ਵਾਸੀ ਇਕ ਮਹਿਲਾ ਨੇ ਥਾਣਾ ਸੁਭਾਨਪੁਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਸੀ ਕਿ ਉਸ ਦੀ ਅੱਠ ਸਾਲ ਦੀ ਇਕ ਧੀ ਹੈ, ਜੋ ਕਿ ਚੌਥੀ ਜਮਾਤ ‘ਚ ਪੜ੍ਹਦੀ ਹੈ। ਪਿਛਲੇ ਦਿਨੀਂ ਉਸ ਦੀ ਧੀ ਨੇ ਉਸ ਨੂੰ ਦੱਸਿਆ ਕਿ ਉਹ ਘਰ ਦੇ ਬਾਹਰ ਖੇਡ ਰਹੀ ਸੀ ਤੇ ਇਸੇ ਦੌਰਾਨ ਪਿੰਡ ਗਡਾਨੀ ਨਾਲ ਸਬੰਧਤ ਲੱਭਾ ਪੁੱਤਰ ਹਰਬੰਸ ਸਿੰਘ ਬਹਾਨੇ ਨਾਲ ਉਸ ਨੂੰ ਆਪਣੇ ਘਰ ਲੈ ਗਿਆ, ਜਿੱਥੇ ਮੁਲਜ਼ਮ ਨੇ ਉਸ ਨਾਲ ਅਸ਼ਲੀਲ ਹਰਕਤਾ ਕਰਨ ਮਗਰੋਂ ਜਬਰ ਜਨਾਹ ਦਾ ਸ਼ਿਕਾਰ ਬਣਾ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੁਭਾਨਪੁਰ ਦੇ ਐੱਸਐੱਚਓ ਪੁਲਿਸ ਟੀਮ ਸਮੇਤ ਮੌਕੇ ‘ਤੇ ਪੁੱਜੇ ਤੇ ਪੀੜਤ ਲੜਕੀ ਦੇ ਬਿਆਨ ਲੈਣ ਮਗਰੋਂ ਮਹਿਲਾ ਪੁਲਿਸ ਦੀ ਮਦਦ ਨਾਲ ਉਸ ਦਾ ਮੈਡੀਕਲ ਕਰਵਾਇਆ। ਪੁਲਿਸ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਘਟਨਾ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਲੱਭਾ 16 ਸਾਲ ਦਾ ਨਾਬਾਲਗ ਹੈ, ਜਿਸ ਦੀ ਤਲਾਸ਼ ਜਾਰੀ ਹੈ।






