ਲੁਧਿਆਣਾ : ਇਕ ਸਾਲ ਪੁਰਾਣੇ ਜਬਰ ਜਨਾਹ ਮਾਮਲੇ ’ਚ ਨਾਮਜ਼ਦ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਵਾਜ਼ ਦਾ ਨਮੂਨਾ ਦੇਣ ਲਈ ਤਿਆਰ ਨਹੀਂ ਹਨ। ਉਨ੍ਹਾਂ ਨੂੰ ਦੋ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਮੁਡ਼ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਜਾਂਚ ਅਧਿਕਾਰੀ ਇਸ ਸਬੰਧੀ ਅਦਾਲਤ ਨੂੰ ਦੱਸਣਗੇ ਤੇ ਜਾਂਚ ਨੂੰ ਅੱਗੇ ਵਧਾਉਣ ਲਈ ਮੁਡ਼ ਤੋਂ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਸ ਦੇ ਚਾਰ ਸਾਥੀ ਪੰਜ ਦਿਨ ਦੇ ਪੁਲਿਸ ਰਿਮਾਂਡ ਦਾ ਸਾਹਮਣਾ ਕਰ ਚੁੱਕੇ ਹਨ।

ਦੱਸਣਯੋਗ ਹੈ ਕਿ ਪੀਡ਼ਤ ਮਹਿਲਾ ਨੇ ਆਪਣੀ ਸ਼ਿਕਾਇਤ ਤੇ ਬਿਆਨਾਂ ’ਚ ਦੋਸ਼ ਲਾਇਆ ਸੀ ਕਿ ਉਸ ਦੀ ਸਾਬਕਾ ਵਿਧਾਇਕ ਨਾਲ ਫੋਨ ’ਤੇ ਚੈਟ ਹੁੰਦੀ ਸੀ ਤੇ ਗੱਲ ਵੀ ਹੁੰਦੀ ਸੀ। ਜਿਸ ਨੂੰ ਅਦਾਲਤ ’ਚ ਸਾਬਿਤ ਕਰਨ ਲਈ ਉਸ ਦਾ ਆਵਾਜ਼ ਦਾ ਨਮੂਨਾ ਲੈਣਾ ਜ਼ਰੂਰੀ ਹੈ। ਪੁਲਿਸ ਨੇ ਇਸੇ ਲਈ ਹੀ ਉਸ ਨੂੰ ਦੋ ਦਿਨ ਦੇ ਰਿਮਾਂਡ ’ਤੇ ਲਿਆ ਸੀ। ਪਰ ਵਿਭਾਗੀ ਸੂਤਰਾਂ ਮੁਤਾਬਕ ਸਾਬਕਾ ਵਿਧਾਇਕ ਨੇ ਇਸਦੇ ਲਈ ਪੁਲਿਸ ਨੂੰ ਸਹਿਮਤੀ ਨਹੀਂ ਦਿੱਤੀ ਹੈ, ਜੋ ਉਸ ਦਾ ਸੰਵਿਧਾਨਕ ਹੱਕ ਵੀ ਹੈ। ਹੁਣ ਪੁਲਿਸ ਅਦਾਲਤ ’ਚ ਇਸ ਸਬੰਧੀ ਜਾਣਕਾਰੀ ਦੇਵੇਗੀ। ਜੇਕਰ ਸਾਬਕਾ ਵਿਧਾਇਕ ਤੇ ਹੋਰ ਇਸਦੇ ਲਈ ਮੰਨ ਜਾਂਦੇ ਹਨ ਤਾਂ ਇਸਦੇ ਲਈ ਜੱਜ ਤੋਂ ਇਜਾਜ਼ਤ ਲੈਣ ਦੀ ਲੋਡ਼ ਪਵੇਗੀ ਤੇ ਫਿਰ ਐੱਫਐੱਸਐੱਲ ਮੁਹਾਲੀ ਤੋਂ ਇਸਦੇ ਲਈ ਸਮਾਂ ਲਿਆ ਜਾਵੇਗਾ। ਪੁਲਿਸ ਨੂੰ ਇਸ ਕੰਮ ’ਚ ਅੱਠ ਤੋਂ 10 ਦਿਨ ਲੱਗ ਸਕਦੇ ਹਨ। ਉਦੋਂ ਤਕ ਪੁਲਿਸ ਵੱਲੋਂ ਕਈ ਤਰ੍ਹਾਂ ਦੇ ਤਕਨੀਕੀ ਸਬੂਤ ਇਕੱਠੇ ਕੀਤੇ ਜਾਣੇ ਹਨ ਤੇ ਇਸਦੇ ਲਈ ਸਾਬਕਾ ਵਿਧਾਇਕ ਤੇ ਉਸਦੇ ਭਰਾ ਤੋਂ ਵੀ ਪੁੱਛਗਿੱਛ ਕੀਤੀ ਜਾਣੀ ਹੈ।ਬਾਕੀ ਮੁਲਜ਼ਮਾਂ ਦੇ ਵੀ ਲਏ ਜਾਣਗੇ ਆਵਾਜ਼ ਦੇ ਨਮੂਨੇ
ਪੁਲਿਸ ਸਾਹਮਣੇ ਪੀਡ਼ਤਾ ਨੇ ਇਹ ਵੀ ਦੱਸਿਆ ਕਿ ਉਸ ਨੂੰ ਸਾਬਕਾ ਵਿਧਾਇਕ ਦੇ ਨਾਮਜ਼ਦ ਭਰਾ ਲਗਾਤਾਰ ਧਮਕੀਆਂ ਦਿੰਦੇ ਰਹੇ ਹਨ, ਇਹੀ ਨਹੀਂ ਇਸ ਮਾਮਲੇ ’ਚ ਨਾਮਜ਼ਦ ਇਕ ਹੋਰ ਮਹਿਲਾ ਨਾਲ ਵੀ ਉਸ ਦੀ ਲਗਾਤਾਰ ਗੱਲਬਾਤ ਹੁੰਦੀ ਸੀ ਤੇ ਉਸ ਦੀ ਆਵਾਜ਼ ਨੂੰ ਵੀ ਕਾਲ ਰਿਕਾਰਡਿੰਗ ਨਾਲ ਮੈਚ ਕੀਤਾ ਜਾਣਾ ਹੈ। ਇਸ ਲਈ ਪੁਲਿਸ ਹੋਰਨਾਂ ਮੁਲਜ਼ਮਾਂ ਦੇ ਵੀ ਆਵਾਜ਼ ਦੇ ਨਮੂਨੇ ਲੈਣ ਲਈ ਅਦਾਲਤ ਸਾਹਮਣੇ ਅਰਜ਼ੀ ਲਗਾ ਸਕਦੀ ਹੈ ਤੇ ਇਸ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ।ਹੋਰਨਾਂ ਮਾਮਲਿਆਂ ’ਚ ਵੀ ਹੋ ਸਕਦੀ ਹੈ ਬੈਂਸ ਦੀ ਗ੍ਰਿਫ਼ਤਾਰੀ
ਪੁਲਿਸ ਵੱਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਹੋਰਨਾਂ ਮਾਮਲਿਆਂ ’ਚ ਵੀ ਗ੍ਰਿਫ਼ਤਾਰੀ ਹੋ ਸਕਦੀ ਹੈ। ਜੇਕਰ ਅਦਾਲਤ ਵੱਲੋਂ ਪੁਲਿਸ ਨੂੰ ਬੈਂਸ ਤੇ ਉਸ ਦੇ ਸਾਥੀਆਂ ਦਾ ਰਿਮਾਂਡ ਨਹੀਂ ਦਿੱਤਾ ਜਾਂਦਾ ਤਾਂ ਉਹ ਦੂਜੇ ਮਾਮਲਿਆਂ ’ਚ ਉਸ ਦੀ ਗ੍ਰਿਫ਼ਤਾਰੀ ਪਾ ਕੇ ਹੋਰਨਾਂ ਅਦਾਲਤਾਂ ’ਚ ਪੇਸ਼ ਕਰ ਸਕਦੇ ਹਨ। ਬੈਂਸ ਦੇ ਹੀ ਸਮਰਥਕਾਂ ਦਾ ਦਾਅਵਾ ਹੈ ਕਿ ਉਸਦੇ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ।






