
ਪਟਿਆਲਾ : ਨੌਕਰੀ ਦੀ ਮੰਗ ਲਈ ਪਿਛਲੇ ਦੋ ਮਹੀਨਿਆਂ ਤੋਂ ਪਾਵਰਕਾਮ ਦਫ਼ਤਰ ਦੀ ਸੱਤਵੀਂ ਮੰਜਿ਼ਲ ਦੀ ਛੱਤ ਤੇ ਪੰਜ ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਤੜਕਸਾਰ 7 ਵਜੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਮਿਲਣ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨੂੰ ਆਸ਼ਰਿਤਾਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੀਆਂ ਮੰਗਾਂ ਲਿਖ਼ਤ ਰੂਪ ਵਿਚ ਦੇਣ ਉਹ ਸਰਕਾਰ ਤੋਂ ਜਲਦ ਤੋਂ ਜਲਦ ਮੰਗਾਂ ਲਾਗੂ ਕਰਾਉਣਗੇ। ਪ੍ਰਧਾਨ ਸਿੱਧੂ ਨੇ ਭਰੋਸਾ ਦਿੰਦਿਆਂ ਮ੍ਰਿਤਕ ਆਸ਼ਰਿਤਾਂ ਨੂੰ ਜੂਸ ਪਿਲਾ ਕੇ ਮਰਨ ਵਰਤ ਸਮਾਪਤ ਕਰਵਾਇਆ।ਇਸ ਉਪਰੰਤ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੇ ਕਿਹਾ ਭਾਵੇ ਉਨ੍ਹਾਂ ਵਲੋਂ ਮਰਨ ਵਰਤ ਸਮਾਪਤ ਕਰ ਦਿੱਤਾ ਹੈ ਪਰ ਜਦੋਂ ਤੱਕ ਉਨ੍ਹਾਂ ਨੂੰ ਲਿਖ਼ਤ ਰੂਪਚ ਨੌਕਰੀਆਂ ਦੇ ਨਿਯੁਕਤੀ ਪੱਤਰ ਨਹੀਂ ਮਿਲ ਜਾਂਦੇ ਉਹ ਤਿੰਨੋ ਗੇਟਾਂ ਦੇ ਮੂਹਰੇ ਤੋਂ ਆਪਣਾ ਧਰਨਾ ਨਹੀਂ ਖਤਮ ਕਰਨਗੇ।
ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਦਿਓਣ ਨੇ ਦੱਸਿਆ ਕਿ ਪਾਵਰਕਾਮ ਵਲੋਂ 2004 ਤੋਂ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਦੀ ਪਾਲਿਸੀ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਵੱਡੀ ਗਿਣਤੀ `ਚ ਸੇਵਾਵਾਂ ਨਿਭਾਉਂਦਿਆਂ ਮੁਲਾਜ਼ਮ ਫ਼ੌਤ ਹੋ ਚੁੱਕੇ ਹਨ। ਉਨ੍ਹਾਂ ਦੇ ਵਾਰਸ ਉਸ ਦਿਨ ਤੋਂ ਹੀ ਨੌਕਰੀ ਲਈ ਪਾਵਰਕਾਮ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਅਧਿਕਾਰੀਆਂ ਕੋਲ ਧੱਕੇ ਖਾ ਚੁੱਕੇ ਹਨ। ਹਮੇਸ਼ਾ ਉਨ੍ਹਾਂ ਨੂੰ ਜਲਦ ਹੀ ਪਾਲਿਸੀ ਬਣਾਉਣ ਦਾ ਭਰੋਸਾ ਦੇ ਕੇ ਟਾਲ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਲਈ ਪਾਲਿਸੀ ਬਣਾਉਣ ਦੀ ਕੋਈ ਵੀ ਕਾਰਵਾਈ ਨਹੀਂ ਆਰੰਭੀ ਜਾਂਦੀ ਹੈ ਜਿਸ ਕਾਰਨ ਮ੍ਰਿਤਕਾਂ ਦੇ ਵਾਰਸਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਮ੍ਰਿਤਕ ਵਾਰਸਾਂ ਵਲੋਂ ਪਾਵਰਕਾਮ ਦਫ਼ਤਰ ਦੀ ਛੱਤ ‘ਤੇ ਬੈਠਿਆਂ ਦੋ ਮਹੀਨੇ ਤੋਂ ਉਪਰ ਸਮਾਂ ਲੰਘ ਚੁੱਕਿਆ ਹੈ ਪਰ ਸਰਕਾਰ ਤੇ ਪਾਵਰਕਾਮ ਪ੍ਰਸ਼ਾਸਨ ਉਨ੍ਹਾਂ ਦੀ ਕੋਈ ਵੀ ਸੁਣਵਾਈ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਲਾਗੂ ਹੁੰਦੀਆਂ ਉਹ ਧਰਨੇ ‘ਤੇ ਬੈਠੇ ਰਹਿਣਗੇ।






