ਕੋਵਿਡ ਦੌਰਾਨ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਫਰੰਟ ਲਾਈਨ ਤੇ ਪਰ ਜਾਨ ਦਾ ਨਹੀਂ ਕੋਈ ਮੁੱਲ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ, ਵਿਖੇ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਬਰਕੰਦੀ ਅਤੇ ਜਨਰਲ ਸਕੱਤਰ ਪ੍ਰਦੀਪ ਕੁਮਾਰ ਬੇਰੀ ਦੀ ਅਗਵਾਈ ਵਿੱਚ ਇੱਕ ਵਫ਼ਦ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਕੰਪਿਊਟਰ ਅਧਿਆਪਕਾਂ ਦੀਆਂ ਕੋਵਿਡ-19 ਅਧੀਨ ਲਗਾਈਆਂ ਡਿਊਟੀਆਂ ਤੋਂ ਛੋਟ ਦੇਣ ਜਾਂ ਸਹੂਲਤਾਂ ਲਾਗੂ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੰਪਿਊਟਰ ਅਧਿਆਪਕ 2005 ਤੋਂ ਸਿੱਖਿਆ ਵਿਭਾਗ ਅਧੀਨ ਬਣੀ ਪਿਕਟਸ ਸੁਸਾਇਟੀ ਵਿੱਚ ਕੰਮ ਕਰ ਰਹੇ ਹਨ। 2010 ਵਿੱਚ ਪੰਜਾਬ ਸਰਕਾਰ ਨੇ ਰਾਜਪਾਲ ਜੀ ਦੀ ਮਨਜ਼ੂਰੀ ਉਪਰੰਤ ਨੋਟੀਫਿਕੇਸ਼ਨ ਜਾਰੀ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਸਿੱਖਿਆ ਵਿਭਾਗ ਅਧੀਨ ਬਣੀ ਪਿਕਟਸ ਸੁਸਾਇਟੀ ਅਧੀਨ 1-7-2011 ਤੋਂ ਰੈਗੂਲਰ ਕਰ ਦਿੱਤੀਆਂ ਸਨ ਅਤੇ ਰੈਗੂਲਰ ਮੁਲਾਜ਼ਮਾਂ ਵਾਲੀਆਂ ਸਾਰੀਆਂ ਸਹੂਲਤਾਂ ਲਾਗੂ ਕਰਨ ਦਾ ਕਿਹਾ ਗਿਆ ਸੀ। ਪ੍ਰੰਤੂ ਬਾਅਦ ਵਿੱਚ ਅਫ਼ਸਰਸ਼ਾਹੀ ਨੇ ਸੁਸਾਇਟੀ ਦਾ ਬਹਾਨਾ ਲਗਾ ਕੇ ਉਨ੍ਹਾਂ ਨੂੰ ਮੈਡੀਕਲ ਰੀਇਮਬਰਸਮੈਂਟ, ਮਰਨ ਉਪਰੰਤ ਪਰਿਵਾਰਕ ਮੈਂਬਰ ਨੂੰ ਨੌਕਰੀ, ਆਈਆਰ, ਏਸੀਪੀ, ਸੀਪੀਐਫ ਆਦਿ ਸਹੂਲਤਾਂ ਤੋਂ ਵਾਂਝੇ ਕਰ ਰੱਖਿਆ ਹੈ। ਹੁਣ ਤਕ ਵੱਖ ਵੱਖ ਕਾਰਨਾਂ ਕਰਕੇ 60-70 ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਪਰਿਵਾਰ ਰੁਲ ਰਹੇ ਹਨ। ਹੁਣ ਪਿਛਲੇ ਇਕ ਸਾਲ ਤੋਂ ਕਰੋਨਾ ਕਾਲ ਵਿਚ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਫਰੰਟ ਲਾਈਨ ਉਤੇ ਡਾਟਾ ਐਂਟਰੀ ਅਪਰੇਟਰ ਦੇ ਤੌਰ ਤੇ ਲਗਾ ਰੱਖੀਆਂ ਹਨ। ਇਹ ਡਿਊਟੀਆਂ ਉਨ੍ਹਾਂ ਦੇ ਗ੍ਰੇਡ ਮੁਤਾਬਕ ਨਹੀਂ ਲਗਾਈਆਂ ਗਈਆਂ ਜਿਸ ਨਾਲ ਉਨ੍ਹਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਦੀ ਹੈ। ਜਦੋਂ ਕਿ ਲਗਭਗ ਸਾਰੇ ਵਿਭਾਗਾਂ ਕੋਲ ਇਸ ਕੰਮ ਲਈ ਨਾਨ ਟੀਚਿੰਗ ਸਟਾਫ ਮੌਜੂਦ ਹੈ। ਡਿਊਟੀ ਦੌਰਾਨ ਸਾਡੇ ਕਈ ਕੰਪਿਊਟਰ ਅਧਿਆਪਕ ਕਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ ਉਨ੍ਹਾਂ ਨੂੰ ਇਲਾਜ ਦਾ ਸਾਰਾ ਖਰਚਾ ਪੱਲਿਓਂ ਕਰਨਾ ਪਿਆ ਹੈ ਅਤੇ ਸਰਕਾਰ ਵੱਲੋਂ ਮਹਾਂਮਾਰੀ ਦੇ ਦੌਰਾਨ ਲੱਗੀ ਹੋਈ ਉਨ੍ਹਾਂ ਦੀ ਡਿਊਟੀ ਦਾ ਕੋਈ ਵੀ ਮੁੱਲ ਨਹੀਂ ਪਾਇਆ ਜਾਂਦਾ ਇੱਥੋਂ ਤਕ ਕਿ ਜੇਕਰ ਡਿਊਟੀ ਦੌਰਾਨ ਕੋਰੋਨਾ ਕਰਕੇ ਕਿਸੇ ਕੰਪਿਊਟਰ ਅਧਿਆਪਕ ਦੀ ਮੌਤ ਹੋ ਗਈ ਤਾਂ ਉਸ ਦਾ ਪਰਿਵਾਰ ਰੁਲਣ ਲਈ ਮਜਬੂਰ ਹੋਵੇਗਾ । ਉਨ੍ਹਾਂ ਮੰਗ ਕੀਤੀ ਕਿ ਫਿਰ ਵੀ ਜੇਕਰ ਇਸ ਮਹਾਂਮਾਰੀ ਦੇ ਦੌਰਾਨ ਉਨ੍ਹਾਂ ਦੀਆਂ ਸੇਵਾਵਾਂ ਲੈਣੀਆਂ ਪੈ ਰਹੀਆਂ ਹਨ ਤਾਂ ਕੰਪਿਊਟਰ ਅਧਿਆਪਕਾਂ ਨੂੰ ਫਰੰਟ ਲਾਈਨ ਵਰਕਰ ਸਕੀਮ ਤਹਿਤ ਪੰਜਾਹ ਲੱਖ ਦਾ ਬੀਮਾ ਕਵਰ ਦਿੱਤਾ ਜਾਵੇ, ਮੈਡੀਕਲ ਰੀਇਮਬਰਸਮੈਂਟ ਦੀ ਸਹੂਲਤ ਦਿੱਤੀ ਜਾਵੇ ਅਤੇ ਜੇਕਰ ਕਿਸੇ ਕੰਪਿਊਟਰ ਅਧਿਆਪਕ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।





