17.4 C
Chandigarh

TODAY NOW NEWS

Friday, March 20, 2026

ਛੋਟਾ ਕਹਾਣੀ

ਬਲਜੀਤ ਖ਼ਾਨ

ਮਾਮੇ ਦੇ ਮੁੰਡੇ ਦੇ ਵਿਆਹ ‘ਤੇ ਜਾਣ ਵੇਲ਼ੇ ਬਾਪੂ ਨੂੰ ਆਖਿਆ ਸੀ,”ਪਾਪਾ, ਥੋਡੇ ਸਹੁਰਿਆਂ ‘ਚ ਪਹਿਲਾ ਵਿਆਹ ਏ, ਸਵਾ ਲਵੋ ਦੋ ਨਵੇਂ ਪੈਂਟ-ਕੋਟ, ਐਵੇਂ ਨਾ ਕੰਜੂਸੀਆਂ ਕਰੀ ਜਾਇਆ ਕਰੋ!”

“ਓਏ ਪੁੱਤਰਾ, ਇਹ ਸਜਣਾ-ਧਜਣਾ ਥੋਨੂੰ ਜਵਾਨਾਂ ਨੂੰ ਸੋਂਹਦਾ, ਸਾਡਾ ਕੀ ਏ ਬੁੱਢਿਆਂ-ਠੇਰਿਆਂ ਦਾ!” ਤੇ ਬਾਪੂ ਨੇ ਪੁਰਾਣੇ ਸਫਾਰੀ ਸੂਟ ‘ਚ ਈ ਵਿਆਹ ਭੁਗਤਾ ਦਿੱਤਾ।

“ਤੁਸੀਂ ਤਾਂ ਲੁਧਿਆਣਾ ਵੀ ਨੀ ਟੱਪੇ ਹੋਣੇ! ਐਤਕੀਂ ਥੋਨੂੰ ਸ਼ਿਮਲੇ ਲੈ ਕੇ ਜਾਣਾ ਘੁਮਾਉਣ, ਯਾਰ ਬਾਪੂ!” ਮਜ਼ਾਕ ਕਰ ਲਈਦਾ ਸੀ ਉਹਨਾਂ ਨਾਲ਼। ਚੌੜ ਪਿਆਂ ਨੇ ਕਈ ਵਾਰ ‘ਤੂੰ-ਤਾਂ’ ਵੀ ਕਹਿ ਜਾਣਾ।

ਜਦੋਂ ਪਾਪੇ ਨੇ ਕੋਈ ਚੀਜ਼ ਖਰੀਦਣੀ ਹੁੰਦੀ ਤਾਂ ਬੜੀ ਨਿਰਖ-ਪਰਖ ਕਰਨੀ। ਅਸੀਂ ਭੈਣਾਂ-ਭਰਾਵਾਂ ਨੇ ਕਹਿਣਾ,”ਬਾਪੂ ਆਪਣਾ ਸੀਬੀਆਈ ‘ਚ ਹੋਣਾ ਚਾਹੀਦਾ ਸੀ।”

ਕੰਮ ਤੋਂ ਘਰ ਅਤੇ ਘਰੋਂ ਕੰਮ ‘ਤੇ ਇਹੋ ਸੀ ਉਹਨਾਂ ਦਾ ਰੁਟੀਨ, ਸ਼ੁੱਧ ਸਾਕਾਹਾਰੀ, ਸ਼ਰਾਬ ਸਾਰੀ ਉਮਰ ਜੀਭ ‘ਤੇ ਨਹੀਂ ਧਰ ਕੇ ਦੇਖੀ ਹੋਣੀ। ਬੜੀ ਬਲੈਕ ਐਂਡ ਵਾਈਟ ਸੀ ਜ਼ਿੰਦਗੀ ਉਹਨਾਂ ਦੀ! ਛੋਟੀ ਉਮਰੇ ਕਬੀਲਦਾਰੀ ਮੋਢਿਆਂ ‘ਤੇ ਪੈ ਗਈ ਸੀ। ਤਿੰਨ ਭੈਣਾਂ ਦਾ ਵਿਆਹ ਕਰਕੇ ਫਿਰ ਆਪਣੇ ਬਾਰੇ ਸੋਚਿਆ ਸੀ। ਰਿਸ਼ਤੇਦਾਰੀਆਂ ‘ਚ ਕਿਵੇਂ ਨਿਭੀਦਾ ਕੋਈ ਉਹਨਾਂ ਤੋਂ ਸਿੱਖਦਾ।

ਕੁਝ ਹਵਾਵਾਂ ਵਗਦੀਆਂ ਨਹੀਂ ਪਰ ਹੂੰਝ ਕੇ ਸਭ ਕੁਝ ਲੈ ਜਾਂਦੀਆਂ ਨੇ। ਮੈਸਵ ਹਾਰਟ ਅਟੈਕ ਨੇ ਸਾਨੂੰ ਤਿੰਨ ਨਹੀਂ ਗਿਣਨ ਦਿੱਤੇ ਕਿ ਸਾਡੀ ਫੁੱਲਾਂ ਦੀ ਕਿਆਰੀ ‘ਤੇ ਹੋਣੀ ਨੇ ਤਵੀਆਂ ਫੇਰ ਦਿੱਤੀਆਂ।

ਕਿਸੇ ਨੇ ਦੋ ਮਹੀਨਿਆਂ ਤੋਂ ਛੇੜਿਆ ਨਹੀਂ ਸੀ, ਕੱਲ੍ਹ ਨਿੱਕੀ ਵਿਹੜੇ ‘ਚ ਖੜ੍ਹਾ ਕੇ ਨਾਲ਼ੇ ਤਾਂ ਪਾਪੇ ਦਾ ਸੈਕਲ ਸਾਫ਼ ਕਰੀ ਜਾਵੇ ਤੇ ਨਾਲ਼ੇ ਰੋਈ ਜਾਵੇ। ਤੇ ਸ਼ਾਮੀਂ ਇੱਕ ਰਕਸ਼ੇ ਵਾਲ਼ਾ ਦੋ ਹਜ਼ਾਰ ਰੁਪਈਆ ਮੋੜਨ ਆਇਆ ਹੱਥ ਜੋੜ ਕੇ ਕਹਿੰਦਾ,”ਸੇਠ ਸਾਬ ਨੇ ਬੜੇ ਔਖੇ ਵੇਲ਼ੇ ਮਦਦ ਕੀਤੀ ਸੀ, ਮਸਾਂ-ਮਸਾਂ ਐਸੇ ਇਨਸਾਨ ਪੈਦਾ ਹੁੰਦੇ ਨੇ!”

ਧਰਤੀ ਆਪਣੇ ਧੁਰੇ ਤੋਂ ਹਿੱਲ ਗਈ ਲੱਗਦੀ ਏ, ਡੇਢ ਸੌ ਦੀ ਸਪੀਡ ‘ਤੇ ਜਾਂਦੀ ਗੱਡੀ ਦਾ ਪਹੀਆ ਲਹਿ ਗਿਆ ਏ, ਪਤਾ ਈ ਨੀ ਲੱਗਦਾ ਪਿਆ ਬਾਪੂ ਬਿਨਾਂ ਹੁਣ ਚੱਲੂਗਾ ਕਿਵੇਂ!

ਨੌਜਵਾਨ ਪੀੜ੍ਹੀ ਨੂੰ ਇੱਕ ਬਿਮਾਰੀ ਏ, ਸਮਝ ਮੇਲਾ ਵਿੱਝੜਣ ਤੋਂ ਬਾਅਦ ਆਉਂਦੀ ਏ, ਉਦੋਂ ਨੂੰ ਮੌਕਾ ਹੱਥੋਂ ਖੁੰਝ ਚੁੱਕਿਆ ਹੁੰਦਾ ਏ। ਮਾਪੇ ਪੁਰਾਣੇ ਖਿਆਲਾਤ ਦੇ ਲੱਗਦੇ ਨੇ ਅਸਲ ਹਕੀਕਤ ਉਦੋਂ ਪਤਾ ਲੱਗਦੀ ਏ ਜਦੋਂ ਉਹਨਾਂ ਦੀ ਜੁੱਤੀ ‘ਚ ਪੈਰ ਪਾਉਣਾ ਪੈਂਦਾ ਏ।

ਸੌ ਹੱਥ ਰੱਸਾ ਤੇ ਸਿਰੇ ‘ਤੇ ਗੰਢ, ਬੱਸ, ਏਨਾ ਈ ਕਹਾਂਗਾ, ਜੀਹਦੇ ਹੈਗੇ ਆ ਕਦਰ ਕਰ ਲੋ ਜਿਉਂਦਿਆਂ-ਜਾਗਦਿਆਂ ਦੀ, ਮਗਰੋਂ ਨਹੀਂ ਕੰਧਾਂ ‘ਚ ਟੱਕਰਾਂ ਮਾਰਨ ਦਾ ਕੋਈ ਫੈਦਾ ਨੀ!

ਬਲਜੀਤ ਖ਼ਾਨ ਸਪੁੱਤਰ ਮਾਂ ਬਸ਼ੀਰਾਂ। ਦੋ ਅਪ੍ਰੈਲ, ਵੀਹ ਸੌ ਇੱਕੀ।

Today Now News

RELATED ARTICLES
- Advertisment -

POPULAR POSTS