ਅਸਥੀਆਂ ਵਾਲੇ ਬਕਸੇ ਅਸਥੀ ਕਲਸ਼ਾਂ ਨਾਲ ਭਰ ਚੁੱਕੇ, ਮੈਨੇਜਮੈਂਟ ਨੂੰ ਝੱਲਣੀਆਂ ਪੈ ਰਹੀਆਂ ਦਿੱਕਤਾਂ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਜਲਾਲਾਬਾਦ ਰੋਡ ਸ਼ਿਵ ਧਾਮ ਚੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਸੰਸਕਾਰ ਮਗਰੋਂ ਅਸਥੀ ਕਲਸ਼ ਵਾਪਿਸ ਲਿਜਾਣ ਨਹੀਂ ਆ ਰਹੇ। ਜਿਸ ਦੇ ਚਲਦਿਆਂ ਸ਼ਿਵ ਧਾਮ ਚ ਲੱਗੇ ਅਸਥੀਆਂ ਵਾਲੇ ਬਕਸੇ ਤਾਂ ਜਿੱਥੇ ਅਸਥੀ ਕਲਸ਼ਾਂ ਨਾਲ ਭਰ ਚੁੱਕੇ ਹਨ, ਉੱਥੇ ਕੰਧਾਂ ਤੇ ਵੀ ਅਸਥੀ ਕਲਸ਼ ਟੰਗੇ ਨਜ਼ਰ ਆ ਰਹੇ ਹਨ। ਸ਼ਿਵ ਧਾਮ ਮੈਨੇਜਮੇਂਟ ਕੋਲ ਅਸਥੀਆਂ ਰੱਖਣ ਲਈ ਜਗਹ ਨਹੀਂ ਬਚੀ ਹੈ। ਸ਼ਿਵ ਧਾਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਨੇ ਦੱਸਿਆ ਕਿ ਉਨਾਂ ਕੋਲ ਕਰੀਬ 25 ਅਸਥੀ ਕਲਸ਼ ਰੱਖਣ ਦੀ ਥਾਂ ਹੈ। ਪਰ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਚਲਦਿਆਂ ਲੋਕ ਅਸਥੀ ਕਲਸ ਲਿਜਾਣ ਆ ਹੀ ਨਹੀਂ ਰਹੇ। ਜਿਸਦੇ ਚਲਦਿਆਂ ਇੱਥੇ ਇਸ ਵੇਲੇ 50 ਤੋਂ ਵੱਧ ਅਸਥੀ ਕਲਸ਼ ਇੱਕਤਰ ਹੋਏ ਪਏ ਹਨ। ਉਹ ਹੁਣ ਸ਼ਹਿਰ ਚ ਮੁਨਿਆਦੀ ਕਰਵਾ ਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਸਥੀਆਂ ਲਿਜਾਉਣ ਦੀ ਅਪੀਲ ਕਰਨਗੇ। ਜੇਕਰ ਫਿਰ ਵੀ ਕੋਈ ਨਾ ਆਇਆ ਤਾਂ ਕਿਸੇ ਬ੍ਰਾਹਮਣ ਦੀ ਮਦਦ ਨਾਲ ਇਨਾਂ ਅਸਥੀਆਂ ਨੂੰ ਹਰਿਦੁਆਰ ਪਹੁੰਚਾ ਕੇ ਗੰਗਾ ਚ ਪ੍ਰਵਾਹਿਤ ਕਰਵਾ ਦੇਣਗੇ। ਜ਼ਿਕਰਯੋਗ ਹੈ ਕਿ ਕੋਰੋਨਾ ਕਰਕੇ ਪਿਛਲੇ ਦਿਨੀਂ ਹਰਿਦੁਆਰ ਦੀ ਟਰੇਨ ਸੇਵਾ ਪ੍ਰਭਾਵਤ ਹੋਣ ਤੇ ਕੋਰੋਨਾ ਦੇ ਚਲਦਿਆਂ ਪਰਿਵਾਰਕ ਮੈਂਬਰ ਅਸਥੀ ਕਲਸ਼ ਚੁੱਕਣ ਹੀ ਨਹੀਂ ਆ ਰਹੇ।






