
ਚੰਡੀਗੜ੍ਹ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਬਾ ਨਾਨਕ ਦੇ ਗੁਰਪੂਰਬ ਮੌਕੇ ਅੱਜ ਸਵੇਰੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਮਗਰੋਂ ਕਿਆਸ ਲਾਏ ਜਾ ਰਹੇ ਸਨ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਮੁੜ ਗਠਜੋੜ ਹੋ ਜਾਵੇਗਾ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਭਾਜਪਾ ਨਾਲ ਮੁੜ ਗਠਜੋੜ ਦੀ ਸੰਭਾਵਨਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, “ਕਿਸਾਨ ਅੰਦੋਲਨ ਦੌਰਾਨ 700 ਜਾਨਾਂ ਗਈਆਂ ਹਨ, ਸ਼ਹੀਦੀਆਂ ਹੋਈਆਂ ਹਨ। ਅਸੀਂ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇਹੀ ਗੱਲ ਕਹੀ ਸੀ। ਦੇਸ਼ ਦੇ ਕਿਸਾਨ ਇਹ ਨਹੀਂ ਮੰਨਦੇ ਕਿ ਤੁਸੀਂ ਕਾਲੇ ਕਾਨੂੰਨ ਬਣਾਏ ਹਨ, ਤੁਸੀਂ ਕਾਨੂੰਨ ਨਾ ਲਿਆਓ। ਅਸੀਂ ਜੋ ਕਿਹਾ ਸੀ ਉਹ ਸੱਚ ਨਿਕਲਿਆ। ” ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਅਕਾਲੀ ਦਲ ਭਾਜਪਾ ਨਾਲ ਨਜ਼ਰ ਆ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਨਹੀਂ।





