16 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਸੈਸ਼ਨ ਕੋਰਟ ਤਰਨਤਾਰਨ ਵੱਲੋਂ ਸ. ਵਿਰਸਾ ਸਿੰਘ ਵਲਟੋਹਾ 38 ਸਾਲ ਪੁਰਾਣੇ ਕਤਲ...

ਸੈਸ਼ਨ ਕੋਰਟ ਤਰਨਤਾਰਨ ਵੱਲੋਂ ਸ. ਵਿਰਸਾ ਸਿੰਘ ਵਲਟੋਹਾ 38 ਸਾਲ ਪੁਰਾਣੇ ਕਤਲ ਕੇਸ ਵਿੱਚੋਂ ਬਰੀ

ਇਸ ਕਤਲ ਕੇਸ ਵਿੱਚ ਲਗਭਗ ਸਵਾ ਦੋ ਸਾਲ ਪਹਿਲਾਂ ਵਲਟੋਹਾ ਦੇ ਖਿਲਾਫ਼ ਚਲਾਨ ਪੇਸ਼ ਹੋਇਆ ਸੀ

ਤਰਨਤਾਰਨ (ਜਸਬੀਰ ਸਿੰਘ) : ਸੈਸ਼ਨ ਕੋਰਟ ਤਰਨ ਤਾਰਨ ਨੇ ਅੱਜ ਸਾਬਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਆਗੂ ਸ.ਵਿਰਸਾ ਸਿੰਘ ਵਲਟੋਹਾ ਨੂੰ 38ਸਾਲ ਪੁਰਾਣੇ ਡਾਕਟਰ ਸੁਦਰਸ਼ਨ ਤਰੇਹਨ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ।ਇਸ ਬਹੁ ਚਰਚਿਤ ਕਤਲ ਕੇਸ ਵਿੱਚ ਲਗਭਗ ਸਵਾ ਦੋ ਸਾਲ ਪਹਿਲਾਂ ਵਲਟੋਹਾ ਦੇ ਖਿਲਾਫ਼ ਚਲਾਨ ਪੇਸ਼ ਕੀਤਾ ਗਿਆ ਸੀ।

ਵਿਰਸਾ ਸਿੰਘ ਵਲਟੋਹਾ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ” ਦੇ ਮਹਾਂਵਾਕ ਅਨੁਸਾਰ ਝੂਠ ਦੀ ਹਾਰ ਅਤੇ ਸੱਚ ਦੀ ਜਿੱਤ ਹੋਈ ਹੈ।ਵਲਟੋਹਾ ਨੇ ਮਾਣਯੋਗ ਅਦਾਲਤ ਦਾ ਵੀ ਧੰਨਵਾਦ ਕੀਤਾ।ਵਲਟੋਹਾ ਨੇ ਕਿਹਾ ਕਿ ਮੈਨੂੰ ਰਾਜਨੀਤਿਕ ਅਤੇ ਮਾਨਸਿਕ ਤੌਰ ‘ਤੇ ਖਤਮ ਕਰਨ ਲਈ ਇੱਕ ਗਿਣੀ ਮਿਥੀ ਸਾਜਿਸ਼ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਮੇਰੇ ਵਿਰੁੱਧ ਦੁਬਾਰਾ ਚਲਾਨ ਪੇਸ਼ ਕੀਤਾ ਗਿਆ ਜਦਕਿ ਇਸ ਕੇਸ ਵਿੱਚੋਂ ਸੈਸ਼ਨ ਕੋਰਟ ਅੰਮ੍ਰਿਤਸਰ ਨੇ ਉਨਾਂ ਨੂੰ 1991ਵਿੱਚ ਜਮਾਨਤ ਦੇ ਦਿੱਤੀ ਸੀ ਅਤੇ ਬਾਦ ਵਿੱਚ ਸੰਬੰਧਤ ਅਦਾਲਤ ਵੱਲੋਂ ਉਨਾਂ ਨੂੰ ਇਸ ਕੇਸ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਸੀ।ਵਲਟੋਹਾ ਨੇ ਦੱਸਿਆ ਕਿ ਉਸਨੂੰ ਇਸ ਕੇਸ ਵਿੱਚ ਬਿਲਕੁੱਲ ਗਲਤ ਫਸਾਇਆ ਗਿਆ ਸੀ।ਵਲਟੋਹਾ ਨੇ ਇਸ ਕੇਸ ਦੀ ਪੱਖਪਾਤੀ ਰਿਪੋਰਟਿੰਗ ਕਰਨ ਵਾਲੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਸੰਬੰਧਤ ਉਨਾਂ ਪੱਤਰਕਾਰਾਂ ਦੀ ਰਿਪੋਰਟਿੰਗ ਉੱਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਜਿੰਨ੍ਹਾਂ ਨੇ ਸੱਚਾਈ ਬਿਆਨ ਕਰਨ ਦੀ ਥਾਂ ਤੱਥਾਂ ਤੋਂ ਪਾਸੇ ਜਾਕੇ ਗਲਤ ਰਿਪੋਰਟਿੰਗ ਕੀਤੀ।ਵਲਟੋਹਾ ਨੇ ਉਨਾਂ ਧਿਰਾਂ ਦੀ ਵੀ ਨਿੰਦਾ ਕੀਤੀ ਜੋ ਬੀਤੇ ਵਿੱਚ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਅਤੇ ਸਿੱਖ ਨੌਜਵਾਨਾਂ ਨਾਲ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਵਿਰੁੱਧ ਲੜਣ ਦਾ ਦਾਅਵਾ ਤਾਂ ਕਰਦੀਆਂ ਰਹੀਆਂ ਹਨ ਪਰ ਅੱਜ ਸਰਕਾਰ ਪੱਖੀ ਰੋਲ ਨਿਭਾ ਰਹੀਆਂ ਹਨ। ਵਲਟੋਹਾ ਨੇ ਆਪਣੇ ਆਪ ਨੂੰ ਪੰਥਕ ਜਥੇਬੰਦੀਆਂ ਕਹਾਉਣ ਵਾਲਿਆਂ ‘ਤੇ ਰੋਸ ਜਾਹਰ ਕਰਦਿਆਂ ਕਿਹਾ ਕਿ ਉਨਾਂ ਨਾਲ ਹੋਈ ਇਸ ਜ਼ਿਆਦਤੀ ‘ਤੇ ਕੋਈ ਵੀ ਪੰਥਕ ਧਿਰ ਜਾਂ ਪੰਥਕ ਆਗੂ ਨਹੀਂ ਬੋਲਿਆ। ਅੰਤ ਵਿੱਚ ਵਲਟੋਹਾ ਨੇ ਕਿਹਾ ਕਿ ਸਿੱਖ ਕੌਮ ਨੂੰ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ ਹਨ।ਵਲਟੋਹਾ ਨੇ ਆਪਣੇ ਵਕੀਲਾਂ ਐਡਵੋਕੇਟ ਜੇ.ਐਸ ਢਿੱਲੋਂ ਅਤੇ ਐਡਵੋਕੇਟ ਕੰਵਲਜੀਤ ਸਿੰਘ ਬਾਠ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਨੇ ਪਰਿਵਾਰਕ ਮੈਂਬਰਾਂ ਵਾਂਗ ਤਨਦੇਹੀ ਨਾਲ ਕੇਸ ਦੀ ਪੈਰਵੀ ਕੀਤੀ।

Today Now News

RELATED ARTICLES
- Advertisment -

POPULAR POSTS