ਕਪੂਰਥਲਾ,2 ਦਸੰਬਰ-(ਨਿਰਮਲ ਸਿੰਘ)
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਅਰੰਭੀ ਗਈ ਹਾਈਐਂਡ ਜੌਬ ਮੇਲਿਆਂ ਦੀ ਲੜੀ ਤਹਿਤ ਡੀ.ਬੀ.ਈ.ਈ,ਕਪੂਰਥਲਾ ਵਿਖੇ ਅੱਜ ਇੱਕ ਹਾਈ-ਐਂਡ ਜੌਬ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਪ੍ਰਾਈਵੇਟ ਖੇਤਰ ਦੀਆਂ ਪ੍ਰਮੁੱਖ ਕੰਪਨੀਆਂ ਜਿਵੇਂ ਆਈ.ਡੀ.ਬੀ.ਆਈ. ਫੈੱਡਰਲ, ਅਬਰੌਲ ਇੰਜਨੀਅਰਿੰਗ ਵਰਕਸ ਅਤੇ ਇੰਨਫਰਮੇਸ਼ਨ ਪੁਆਇੰਟ ਵਲੋਂ ਭਾਗ ਲਿਆ ਗਿਆ ਅਤੇ ਮੇਲੇ ਵਿੱਚ ਭਾਗ ਲੈ ਰਹੇ ਯੋਗ ਪ੍ਰਾਰਥੀਆਂ ਨੂੰ 2.50 ਲੱਖ /ਸਲਾਨਾ ਤੋਂ ਵੱਧ ਦੇ ਪੈਕੇਜ ਆਫਰ ਕੀਤੇ ਗਏ।

ਜਿਲ੍ਹਾ ਕਪੂਰਥਲਾ ਨਾਲ ਸਬੰਧਿਤ 43 ਪ੍ਰਾਰਥੀਆਂ ਵਲੋਂ ਇਸ ਮੇਲੇ ਵਿੱਚ ਭਾਗ ਲਿਆ ਗਿਆ ਅਤੇ ਕੰਪਨੀਆਂ ਵਲੋਂ 18 ਪ੍ਰਾਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ।
ਇਨ੍ਹਾਂ ਲੜੀਵਾਰ ਹਾਈ-ਐਂਡ ਜੌਬ ਮੇਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜ਼ਗਾਰ ਉੱਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਕਪੂਰਥਲਾ ਸ਼੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਰੰਭੀ ਗਈ ਇਸ ਲੜੀ ਤਹਿਤ ਅਗਲਾ ਹਾਈ-ਐਂਡ ਜੌਬ ਮੇਲਾ ਮਿਤੀ 07 ਦਸੰਬਰ ਨੂੰ ਡੀ.ਬੀ.ਈ.ਈ. ਕਪੂਰਥਲਾ ਵਿਖੇ ਲਗਾਇਆ ਜਾਵੇਗਾ। ਇਸ ਮੇਲੇ ਵਿੱਚ ਪ੍ਰਮੁੱਖ ਪ੍ਰਾਈਵੇਟ ਕੰਪਨੀਆਂ ਜਿਵੇਂ ਵੀ.ਆਰ ਪ੍ਰੋਫੈਸ਼ਨਲ ਅਤੇ ਪੁਖਰਾਜ ਆਦਿ ਕੰਪਨੀਆਂ ਭਾਗ ਲੈਣਗੀਆਂ ਅਤੇ ਚੁਣੇ ਗਏ ਪ੍ਰਾਰਥੀਆਂ ਨੂੰ 2.50 ਲੱਖ ਤੋਂ ਵੱਧ ਦੇ ਸਲਾਨਾ ਪੈਕੇਜ ਆਫਰ ਕਰਨਗੀਆਂ। ਉਨ੍ਹਾਂ ਜਿਲ੍ਹੇ 10+2 ਅਤੇ ਗਰੈਜੂਏਟ ਨੌਜਵਾਨਾਂ ਨੂੰ ਮਿਤੀ 07-12-2021 ਨੂੰ ਲਗਾਏ ਜਾਣ ਵਾਲੇ ਇਸ ਹਾਈ-ਐਂਡ ਜੌਬ ਮੇਲੇ ਵਿੱਚ ਭਾਗ ਲੈਕੇ ਇਸ ਮੇਲੇ ਦਾ ਲਾਹਾ ਲੈਣ ਦੀ ਅਪੀਲ ਕੀਤੀ।






