ਖੰਨਾ, 2 ਮਾਰਚ (ਪਰਮਜੀਤ ਸਿੰਘ ਧੀਮਾਨ) -ਅੱਜ ਸੰਯੁਕਤ ਸਮਾਜ ਮੋਰਚੇ ਦੇ ਸਰਪ੍ਰਸਤ ਬਲਵੀਰ ਸਿੰਘ ਰਾਜੇਵਾਲ ਵੱਲੋ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ-ਵੱਖ ਹਲਕਿਆਂ ਤੋਂ ਚੋਣ ਲੜ ਰਹੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸ਼ਾਮਲ ਹੋਏ। ਮੀਟਿੰਗ ਵਿਚ ਸਾਰੇ ਹੀ ਉਮੀਦਵਾਰਾਂ ਨਾਲ ਬਲਵੀਰ ਸਿੰਘ ਰਾਜੇਵਾਲ ਵਲੋਂ ਮਿਸ਼ਨ 2024 ਦੀ ਸ਼ੁਰੂਆਤ ਕਰਦੇ ਹੋਏ ਚੋਣਾਂ ਲਈ ਨਵੀਆਂ ਰਣਨੀਤੀਆਂ ਤਿਆਰ ਕੀਤੀਆਂ ਗਈਆਂ। ਇਸ ਮੀਟਿੰਗ ਵਿਚ ਰਾਜੇਵਾਲ ਸਾਹਿਬ ਨੇ ਸਾਰਿਆਂ ਨੁਮਾਇੰਦਿਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਜਲਦ ਹੀ ਬੂਥ ਕਮੇਟੀਆਂ ਨੂੰ ਜਲਦ ਬਨਾਉਣ ਦੀ ਅਪੀਲ ਵੀ ਕੀਤੀ।
ਉਨ੍ਹਾਂ ਕਿਹਾ ਕਿ ਇਹ ਚੋਣਾਂ ਵੀ ਪਹਿਲਾ ਵਾਂਗ ਪੁਰੀ ਇਮਾਨਦਾਰੀ ਅਤੇ ਉਤਸ਼ਾਹ ਨਾਲ ਲੜੀਆਂ ਜਾਣਗੀਆਂ। ਹਰ ਐਮ.ਪੀ.ਹਲਕੇ ਵਿਚ ਇਕ ਮੁੱਖ ਦਫ਼ਤਰ ਖੋਲਿ੍ਹਆ ਜਾਵੇਗਾ। ਇਸ ਮੀਟਿੰਗ ਵਿਚ ਸੰਯੁਕਤ ਸਮਾਜ ਮੋਰਚੇ ਦੇ ਖੰਨਾ ਤੋਂ ਉਮੀਦਵਾਰ ਸੁਖਵੰਤ ਸਿੰਘ ਟਿੱਲੂ ਵੀ ਉਚੇਚੇ ਤੌਰ ਸ਼ਾਮਲ ਹੋਏ ਅਤੇ ਬਲਵੀਰ ਸਿੰਘ ਰਾਜੇਵਾਲ ਵੱਲੋ ਮਿਸ਼ਨ 2024 ਦੀ ਸ਼ੁਰੂਆਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਤੁਹਾਡੇ ਦੱਸੇ ਕਦਮਾਂ ’ਤੇ ਚਲਾਂਗੇ। ਸੰਯੁਕਤ ਸਮਾਜ ਮੋਰਚਾ ਦੀ ਰਾਜਨੀਤੀ ਸਾਫ ਸੁਥਰੀ ਰਾਜਨੀਤੀ ਹੈ ਜਿਸ ਕਾਰਨ ਸਾਨੂੰ ਲੋਕਾਂ ਵੱਲੋਂ ਬਹੁਤ ਮਾਣ-ਸਤਿਕਾਰ ਦਿੱਤਾ ਜਾਂਦਾ ਹੈ। ਲੋਕਾਂ ਦੇ ਪਿਆਰ ਅਤੇ ਸਹਿਯੋਗ ਨਾਲ ਜਲਦ ਹੀ ਰਾਜੇਵਾਲ ਸਾਹਿਬ ਵੱਡੀਆਂ ਰੈਲੀਆਂ ਕਰਨਗੇ।







