ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਨਾਗਰਿਕ ਸਾਦਿਕ ਖ਼ਾਨ 2016 ਦੀਆਂ ਚੋਣਾਂ ’ਚ ਜੇਤੂ ਹੋਏ ਸਨ

ਲੰਡਨ (ਏਜੰਸੀ) : 44.8 ਫੀਸਦੀ ਵੋਟਾਂ ਦੇ ਮੁਕਾਬਲੇ 55.2 ਵੋਟਾਂ ਨਾਲ ਕੰਜ਼ਰਵੇਟਿਵ ਪਾਰਟੀ ਦੇ ਸ਼ੌਨ ਬੈਲੀ ਨੂੰ ਹਰਾ ਕੇ ਦੂਜੀ ਵਾਰ ਲੰਡਨ ਦੇ ਮੇਅਰ ਚੁਣੇ ਗਏ ਸਾਦਿਕ ਖਾਨ ਜਿਸ ਨਾਲ ਲੇਬਰ ਪਾਰਟੀ ਨੂੰ ਥੋਡ਼੍ਹੀ ਜਿਹੀ ਖ਼ੁਸ਼ੀ ਮਿਲੀ ਹੈ ਪਰ ਹੋਰ ਪਾਸਿਓਂ ਪਾਰਟੀ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ । 51 ਸਾਲਾ ਖ਼ਾਨ ਪਾਕਿਸਤਾਨੀ ਮੂਲ ਦੇ ਬਰਤਾਨਵੀ ਨਾਗਰਿਕ ਹਨ।
2016 ਦੀਆਂ ਚੋਣਾਂ ਵਿੱਚ ਵੀ ਖਾਨ ਜੇਤੂ ਹੋਏ ਸਨ ਤੇ ਬਰਤਾਨੀਆ ਦੀ ਰਾਜਧਾਨੀ ਦੇ ਪਹਿਲੇ ਮੁਸਲਿਮ ਮੇਅਰ ਬਣੇ ਸੀ । ਇਸ ਵਾਰ ਖਾਨ ਦੀ ਜਿੱਤ ਦਾ ਅੰਤਰ ਪਿਛਲੀ ਵਾਰ ਤੋਂ ਬਹੁਤ ਘੱਟ ਸੀ ਉਨ੍ਹਾਂ ਕਿਹਾ ਕਿ ਧਰਤੀ ਦੇ ਸਭ ਤੋਂ ਵੱਡੇ ਸ਼ਹਿਰ ਦੀ ਅਗਵਾਈ ਕਰਦੇ ਰਹਿਣ ਲਈ ਲੰਡਨ ਵਾਸੀਆਂ ਵੱਲੋਂ ਪ੍ਰਗਟਾਏ ਗਏ ਭਰੋਸੇ ਦਾ ਮੈਂ ਪੂਰੇ ਧੰਨਵਾਦ ਨਾਲ ਸੱਜਦਾ ਕਰਦਾ ਹਾਂ। ਮਹਾਮਾਰੀ ਦੇ ਕਾਲੇ ਦਿਨਾਂ ਬਾਅਦ ਲੰਡਨ ਲਈ ਇਕ ਬਿਹਤਰ ਤੇ ਉੱਜਵਲ ਭਵਿੱਖ ਦਾ ਨਿਰਮਾਣ ਕਰਨ ਦਾ ਮੈਂ ਵਾਅਦਾ ਕਰਦਾ ਹਾਂ।
ਸੰਸਦ ਮੈਂਬਰ ਰਹਿ ਚੁੱਕੇ ਖਾਨ ਨੇ ਬਰਤਾਨੀਆ ਦੀ ਰਾਜਧਾਨੀ ਦੇ ਨੇਤਾ ਦੇ ਰੂਪ ’ਚ ਜੌਨਸਨ ਦੀ ਥਾਂ ਲਈ ਸੀ। ਕਰੀਬ ਨੱਬੇ ਲੱਖ ਦੀ ਅਬਾਦੀ ਵਾਲਾ ਇਹ ਸ਼ਹਿਰ ਹਿੰਸਾ ਵਧਣ, ਖ਼ਾਸ ਤੌਰ ’ਤੇ ਅੱਲ੍ਹਡ਼ਾਂ ਦੀ ਚਾਕੂਬਾਜ਼ੀ ਬਾਰੇ ਆਲੋਚਨਾ ਦੇ ਕੇਂਦਰ ’ਚ ਸੀ।





