ਸਤੰਬਰ ਦੀ ਇੱਕ ਸ਼ਾਮ ਮੈਂ ਦੁਬਈ ਸਥਿਤ ਦੁਬਈ ਮਾਲ ਦੇ ਬਾਹਰਵਾਰ ਪੌੜੀਆਂ ਤੇ ਬੈਠਾ ਸਾਂ, ਇਸ ਉਡੀਕ ਵਿੱਚ ਕਿ ਕਦੋਂ ਹਨੇਰਾ ਹੋਵੇ ਤਾਂ ਦੁਬਈ ਫਾਊਂਟੇਨ ਦੇ ਸ਼ੋਅ ਦਾ ਨਜ਼ਾਰਾ ਲਿਆ ਜਾ ਸਕੇ । ਹਵਾ ਵਿੱਚ ਸਥਾਨਕ ਅਤੇ ਹੋਰਨਾਂ ਲੋਕਾਂ ਵੱਲੋਂ ਕੀਤੀ ਗਈ ਸਿਗਰਟਨੋਸ਼ੀ ਦੀ ਦੁਰਗੰਧ ਨੱਕ ਨੂੰ ਤੰਗ ਕਰ ਰਹੀ ਸੀ ਪਰ ਫਿਰ ਵੀ ਵਗਦੀ ਹੋਈ ਹਲਕੀ ਹਲਕੀ ਹਵਾ ਖਜੂਰਾਂ ਦੇ ਦਰੱਖਤਾਂ ਵਿੱਚੋਂ ਗੁਜ਼ਰਦੀ ਹੋਈ ਸੰਗੀਤਮਈ ਸਰਸਰਾਹਟ ਪੈਦਾ ਕਰ ਰਹੀ ਸੀ । ਸਾਰੀ ਦੁਨੀਆਂ ਦੇ ਸੈਲਾਨੀ ਇਸ ਫੁਹਾਰੇ ਦੇ ਸ਼ੋਅ ਦਾ ਆਨੰਦ ਮਾਨਣ ਲਈ ਇਕੱਠੇ ਹੋ ਕੇ ਆਪਣੀਆਂ ਥਾਵਾਂ ਨੂੰ ਮੱਲ ਰਹੇ ਸਨ ਤੇ ਕੁਝ ਕੁ ਫੋਟੋਗ੍ਰਾਫਰ ਵੱਡੇ ਵੱਡੇ ਲੈਨਜ਼ ਲਾਕੇ ਆਪਣੇ ਕੈਮਰਿਆਂ ਦੀਆਂ ਸੈਟਿੰਗਾਂ ਕਰ ਰਹੇ ਹਨ ਤਾਞ ਕਿ ਇਸ ਯਾਦ ਨੂੰ ਹਮੇਸ਼ਾ ਲਈ ਸੁਰੱਖਿਅਤ ਕੀਤਾ ਜਾ ਸਕੇ ।

ਦੁਬਈ ਫਾਊਂਟੇਨ ਮਨੁੱਖੀ ਇੰਜਨੀਅਰਿੰਗ ਦਾ ਬੇਜੋੜ ਨਮੂਨਾ ਹੈ,ਜਿਸ ਨੂੰ ਤੀਹ ਏਕੜ ਵਿੱਚ ਬਣੀ ‘ਬੁਰਜ ਖਲੀਫ਼ਾ ਮਸਨੂਈ ਝੀਲ’ ਵਿੱਚ ਬਣਾਇਆ ਗਿਆ ਹੈ । ਇਸਦਾ ਨਿਰਮਾਣ ਕੈਲੇਫੋਰਨੀਆਂ ਬੇਸਡ ‘ਵੈਟ ਡਿਜ਼ਾਇਨ’ ਕੰਪਨੀ ਵੱਲੋਂ ਕੀਤਾ ਗਿਆ ਹੈ, ਜਿਸ ਦੀ ਇਸ ਕਿਸਮ ਦੇ ਫੁਹਾਰਿਆਂ ਦੇ ਨਿਰਮਾਣ ਵਿੱਚ ਮੁਹਾਰਤ ਹੈ । ਤਕਰੀਬਨ 6600 ਲਾਈਟਾਂ ਅਤੇ 50 ਪ੍ਰੋਜੈਕਟਰ ਲਾਈਟਾਂ ਨਾਲ ਬਣਿਆ ਇਹ ਫੁਹਾਰਾ 275 ਮੀਟਰ ਲੰਬਾ ਹੈ ਅਤੇ ਪਾਣੀ ਨੂੰ ਤਕਰੀਬਨ 500 ਫੁੱਟ ਉੱਚਾ ਸੁੱਟ ਸਕਦਾ ਹੈ ਜਿਸ ਲਈ ਸੈਂਕੜੇ ਹਾਈ ਪਰੈਸ਼ਰ ਨੋਜ਼ਲਾਂ ਲਾਈਆਂ ਗਈਆਂ ਹਨ । ਇਹਨਾਂ ਵਿੱਚ ਕੁਝ ਕੁ ਨੋਜ਼ਲਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਕਿਸੇ ਵੀ ਸੰਗੀਤ ਦੀਆਂ ਧੁਨਾਂ ਤੇ ਰੋਬੋਟ ਦੁਆਰਾ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਉਹ ਚਾਰੇ ਪਾਸੇ ਘੁੰਮ ਸਕਦੀਆਂ ਹਨ । ਸਪੈਸ਼ਲ ਫੁਹਾਰੇ ਸਾਰੇ ਸ਼ੋਅ ਦੌਰਾਨ ਕੁਝ ਇੱਕ ਸੈਕਿੰਡਾਂ ਲਈ ਹੀ ਚੱਲਦੇ ਹਨ ਕਿਉਂਕਿ ਉਨ੍ਹਾਂ ਲਈ ਪਾਣੀ ਨੂੰ ਬਹੁਤ ਦਬਾਅ ਹੇਠ ਲਿਆਂਦਾ ਜਾਂਦਾ ਹੈ ।ਜਦੋਂ ਫੁਹਾਰਾ ਪੂਰੇ ਵੇਗ ਤੇ ਚੱਲ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਤਕਰੀਬਨ 83000 ਲੀਟਰ ਪਾਣੀ ਹਵਾ ਵਿੱਚ ਹੁੰਦਾ ਹੈ । ਇਹ ਫੁਹਾਰਾ ਦੋ ਏਕੜ ਦੇ ਵਿੱਚ ਫੈਲੇ ਪੰਜ ਸਰਕਲਾਂ ਵਿੱਚ ਵੰਡਿਆ ਹੋਇਆ ਹੈ ਤੇ ਇਸ ਦੇ ਸ਼ੋਆਂ ਨੂੰ ਹਰ ਰੋਜ਼ ਇੱਕ ਲੱਖ ਦੇ ਕਰੀਬ ਲੋਕ ਵੇਖਦੇ ਹਨ । ਬਹੁਤ ਸਾਰੇ ਲੋਕ ਪੂਰਾ ਦਿਨ ਇਸ ਲੇਖੇ ਲਾ ਦਿੰਦੇ ਹਨ ਵੱਖ ਵੱਖ ਐਂਗਲਾਂ ਤੋਂ ਦੇਖਣ ਲਈ ….. ਖਾਸ ਕਰਕੇ ਬੁਰਜ ਖਲੀਫਾ ਦੀ 143 ਵੀਂ ਮੰਜ਼ਿਲ ਤੋਂ ਇਸ ਫੁਹਾਰੇ ਨੂੰ ਚੱਲਦਾ ਵੇਖਣਾ ਆਪਣੇ ਆਪ ਵਿੇਚ ਰੋਮਾਂਚਕ ਹੈ । ਇਸ ਫੁਹਾਰੇ ਨਾਲ ਜਗਦੀਆਂ ਹਾਈ ਪਾਵਰ ਲਾਈਟਾਂ ਦੇ ਉੱਪਰ ਵੱਲ ਜਾਂਦੇ ਬੀਮਾਂ ਨੂੰ ਤਕਰੀਬਨ ਵੀਹ ਮਾਲ ਦੂਰ ਤੋਂ ਵੇਖਿਆ ਜਾ ਸਕਦਾ ਹੈ ।
ਇਸ ਫੁਹਾਰੇ ਦਾ ਨਿਰਮਾਣ ਦੁਬਈ ਮਾਲ ਦੇ ਤਕਰੀਬਨ ਨਾਲ ਹੀ ਸ਼ੁਰੂ ਹੋ ਗਿਆ ਸੀ ਤੇ ਅੱਠ ਮਈ 2009 ਨੂੰ ਦੁਬਈ ਮਾਲ ਦੇ ਨਾਲ ਹੀ ਲੋਕਾਂ ਲਈ ਪ੍ਰਦਰਸ਼ਿਤ ਕਰ ਦਿੱਤਾ ਗਿਆ ਸੀ । ਇਸਦੇ ਨਿਰਮਾਣ ਤੇ 21.8 ਬਿਲੀਅਨ ਅਮਰੀਕਨ ਡਾਲਰ ਜਾਂ ਕਹਿ ਸਕਦੇ ਹਾਂ ਕਿ 800 ਮਿਲੀਅਨ ਦਰਾਹਮ ਖਰਚ ਹੋਏ ਸਨ ਤੇ ਇਸਦਾ ਨਿਰਮਾਣ ਦੁਬਈ ਦੀ ਸਭ ਤੋਂ ਵੱਡੀ ਨਿਰਮਾਣ ਕੰਪਨੀ ‘ਈਮਾਰ ਪ੍ਰਾਪਰਟੀਜ਼’ ਨੇ ਕਰਵਾਇਆ ਸੀ ।
ਅਰੇਬਿਕ ਅਤੇ ਅੰਤਰਾਸ਼ਟਰੀ ਸੰਗੀਤ ਦੀਆਂ ਧੁਨਾਂ ਤੇ ਹਵਾ ਵਿੱਚ ਨੱਚਦੀਆਂ ਪਾਣੀ ਦੀਆਂ ਫੁਹਾਰਾਂ ਇੱਕ ਅਲੌਕਿਕ ਦ੍ਰਿਸ਼ ਪੇਸ਼ ਕਰਦੀਆਂ ਹਨ ਅਤੇ ਕੁਦਰਤੀ ਸਰੋਤ ਭਾਵ ਪਾਣੀ ਹਵਾ, ਸੰਗੀਤ ਅਤੇ ਮਨੁੱਖੀ ਇੰਜਨੀਅਰਿੰਗ ਦੇ ਬਲਿਹਾਰੇ ਜਾਂਦਾ ਬੰਦਾ ਸੰਪੂਰਨ ਆਨੰਦ ਨਾਲ ਸਰਸ਼ਾਰ ਹੋ ਜਾਂਦਾ ਹੈ ਤੇ ਜਦੋਂ ਮੈਂ ਇਸ ਆਨੰਦ ਵਿੱਚ ਗੜੁੱਚ ਸਾਂ ਤਾਂ ਸਬੱਬ ਨਾਲ ਸੰਗੀਤ ਬਦਲ ਕੇ ਇੱਕ ਭਾਰਤੀ ਹਿੰਦੀ ਗੀਤ ਵੱਜਣ ਲੱਗ ਗਿਆ ਤਾਂ ਉਸ ਸੁਆਦ ਨੂੰ ਸ਼ਬਦਾਂ ਵਿੇਚ ਬਿਆਨ ਕਰਨਾ ਔਖਾ ਹੈ ।




