ਸਖਤ ਮਿਹਨਤ ਸਫਲਤਾ ਦੇ ਹਰ ਤਾਲੇ ਦੀ ਚਾਬੀ ਹੈ – ਉਪਿੰਦਰ ਜੀਤ ਕੌਰ ਬਰਾੜ (ਪੀ.ਸੀ.ਐਸ. ਪ੍ਰੀਖਿਆ ਦੀ ਟੋਪਰ)

ਮੋਗਾ (ਹੈਪੀ-ਹਰਪਾਲ) : ਜਿੰਦਗੀ ਵਿੱਚ ਜੇਕਰ ਤੁਸੀਂ ਜੋ ਕੁੱਝ ਵੀ ਬਣਨਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਦਿਮਾਗ ਵਿੱਚ ਉਸ ਟੀਚੇ ਨੂੰ ਨਿਰਧਾਰਤ ਕਰੋ ਅਤੇ ਫਿਰ ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰੋ ਤਾਂ ਤੁਸੀਂ ਉਸ ਟੀਚੇ ਨੂੰ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਸਖਤ ਮਿਹਨਤ ਸਫਲਤਾ ਦੇ ਹਰ ਤਾਲੇ ਦੀ ਚਾਬੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੀ ਸੀ ਐਸ ਦੀ ਸੰਯੁਕਤ ਪ੍ਰੀਖਿਆ 2020 ਵਿੱਚ ਟਾਪ ਕਰਕੇ ਮੋਗਾ ਜਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੀ ਪਿੰਡ ਸਮਾਲਸਰ ਦੀ ਮਾਣਮੱਤੀ ਧੀਅ ਉਪਿੰਦਰਜੀਤ ਕੌਰ ਬਰਾੜ ਨੇ ਅੱਜ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਸਰਬੱਤ ਦਾ ਭਲਾ ਅਤੇ ਰੂਰਲ ਐਨ ਜੀ ਓ ਮੋਗਾ ਦੇ ਦਫਤਰ ਵਿੱਚ ਆਪਣੇ ਸਨਮਾਨ ਸਮਾਰੋਹ ਵਿੱਚ ਸੰਬੋਧਨ ਕਰਦਿਆਂ ਕੀਤਾ। ਉਹਨਾਂ ਇਸ ਮੌਕੇ ਹਾਜ਼ਰ ਵਿਦਿਆਰਥਣਾਂ ਨੂੰ ਸਫਲਤਾ ਦੇ ਗੁਰ ਦੱਸਦਿਆਂ ਕਿਹਾ ਕਿ ਸਫਲਤਾ ਕਦੇ ਕਿਸੇ ਕੋਲ ਚੱਲ ਕੇ ਨਹੀਂ ਆਉੰਦੀ ਬਲਕਿ ਸਾਨੂੰ ਖੁਦ ਪੈਂਡਾ ਤਹਿ ਕਰਕੇ ਸਫਲਤਾ ਦੇ ਦਰਵਾਜੇ ਤੱਕ ਪਹੁੰਚਣਾ ਪੈਂਦਾ ਹੈ, ਇਸ ਲਈ ਖੁਦ ਆਪਣੇ ਆਪ ਨੂੰ ਕਠਿਨ ਹਾਲਾਤਾਂ ਨਾਲ ਨਜਿੱਠਣ ਦੇ ਯੋਗ ਬਨਾਉਣਾ ਚਾਹੀਦਾ ਹੈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਅਤੇ ਸਰਬੱਤ ਦਾ ਭਲਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਸਾਨੂੰ ਆਪਣੀ ਧੀਅ ਤੇ ਮਾਣ ਹੈ, ਜਿਸ ਨੇ ਪੂਰੀ ਦੁਨੀਆਂ ਵਿੱਚ ਮੋਗਾ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਤੇ ਲੜਕੀਆਂ ਦਾ ਸਮਾਜ ਵਿੱਚ ਮਾਣ ਵਧਾਇਆ ਹੈ। ਉਨ੍ਹਾਂ ਭਰੂਣ ਹੱਤਿਆ ਰਾਹੀਂ ਗਰਭ ਵਿੱਚ ਹੀ ਲੜਕੀਆਂ ਦਾ ਕਤਲ ਕਰਨ ਵਾਲੇ ਮਾਪਿਆਂ ਨੂੰ ਉਪਿੰਦਰਜੀਤ ਕੌਰ ਵੱਲ ਵੇਖ ਕੇ ਆਪਣੀ ਗਲਤੀ ਤੇ ਪਛਤਾਵਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੜਕੀਆਂ ਅੱਜ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਪਿੱਛੇ ਨਹੀਂ ਹਨ ਬਲਕਿ ਦੋ ਕਦਮ ਅੱਗੇ ਹਨ, ਇਸ ਲਈ ਔਰਤ ਨੂੰ ਕਮਜੋਰ ਅਤੇ ਅਬਲਾ ਸਮਝਣ ਵਾਲੇ ਲੋਕ ਆਪਣੀ ਸੋਚ ਦੀ ਸਮੀਖਿਆ ਕਰਨ ਤੇ ਇਸ ਨੂੰ ਸਮੇਂ ਅਨੁਸਾਰ ਬਦਲਣ ਦੀ ਕੋਸ਼ਿਸ਼ ਕਰਨ। ਉਹਨਾਂ ਉਪਿੰਦਰਜੀਤ ਨੂੰ ਸੰਬੋਧਨ ਕਰਦਿਆਂ ਆਪਣੀ ਸਰਵਿਸ ਦੌਰਾਨ ਔਰਤਾਂ ਦੇ ਸ਼ਸ਼ਕਤੀਕਰਨ ਅਤੇ ਉਨ੍ਹਾਂ ਦੀ ਭਲਾਈ ਲਈ ਕੰਮ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਨੇ ਗੁਰਬਾਣੀ ਚੋਂ ਹਵਾਲੇ ਦਿੰਦਿਆਂ ਕਿਹਾ ਕਿ ਸਾਡੇ ਗੁਰੂਆਂ ਨੇ ਵੀ ਔਰਤਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਕੋਈ ਮੰਨਦਾ ਹੈ ਪਰ ਉਸ ਦੀਆਂ ਸਿੱਖਿਆਵਾਂ ਨੂੰ ਮੰਨਣ ਵਾਲੇ ਵਿਰਲੇ ਹਨ। ਉਹਨਾਂ ਉਪਿੰਦਰਜੀਤ ਕੌਰ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਲੜਕੀ ਨੇ ਨਾ ਸਿਰਫ ਆਪਣੇ ਮਾਪਿਆਂ ਬਲਕਿ ਸਮਾਲਸਰ ਵਾਸੀਆਂ ਅਤੇ ਮੋਗਾ ਜਿਲਾ ਨਿਵਾਸੀਆਂ ਦਾ ਵੀ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ ਤੇ ਅਸੀਂ ਦੂਸਰਿਆਂ ਨੂੰ ਇਹ ਦੱਸਦੇ ਹੋਏ ਫਖਰ ਮਹਿਸੂਸ ਕਰਦੇ ਹਾਂ ਕਿ ਉਪਿੰਦਰਜੀਤ ਸਾਡੇ ਜਿਲ੍ਹੇ ਦੀ ਰਹਿਣ ਵਾਲੀ ਹੈ। ਇਸ ਉਪਰੰਤ ਸਮੂਹ ਮੈਂਬਰਾਂ ਨੇ ਉਪਿੰਦਰਜੀਤ ਕੌਰ ਦਾ ਸ਼ਾਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਪਿਤਾ ਸਵਰਨ ਸਿੰਘ ਬਰਾੜ, ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਡਾ ਬਲਰਾਜ ਸਿੰਘ ਰਾਜੂ ਸਮਾਲਸਰ, ਰਾਕੇਸ਼ ਸ਼ਰਮਾ ‘ਬਿੱਟਾ’, ਮਨਜੀਤ ਸਿੰਘ, ਹਰਮੀਤ ਸਿੰਘ, ਜਸਲੀਨ ਕੌਰ, ਰੂਰਲ ਐੱਨ ਜੀ ਓ ਮੋਗਾ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ, ਬਲਾਕ ਮੋਗਾ-1 ਦੇ ਪ੍ਰਧਾਨ ਜਸਵਿੰਦਰ ਸਿੰਘ ਹੇਰ, ਬਲਾਕ ਮੋਗਾ-2 ਦੇ ਪ੍ਰਧਾਨ ਜਸਵਿੰਦਰ ਸ਼ਰਮਾ ‘ਲੱਕੀ’, ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ, ਮੈਡਮ ਸੁਖਵਿੰਦਰ ਕੌਰ, ਜਸਵੀਰ ਕੌਰ, ਸੁਖਦੀਪ ਕੌਰ ਅਤੇ ਜਸਵੰਤ ਸਿੰਘ ਪੁਰਾਣੇਵਾਲਾ ਤੋਂ ਇਲਾਵਾ ਕੰਪਿਊਟਰ ਅਤੇ ਸਿਲਾਈ ਦੇ ਵਿਦਿਆਰਥੀ ਹਾਜ਼ਰ ਸਨ।





