ਚੰਡੀਗੜ, 22 ਮਾਰਚ:
ਅਜਨਾਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪੇਂਡੂ ਵਿਕਾਸ ਤੇ ਪੰਚਾਇਤ, ਪਸੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਅਤੇ ਐਨ.ਆਰ.ਆਈ. ਮਾਮਲੇ ਮੰਤਰੀ ਵਜੋਂ ਪੰਜਾਬ ਸਿਵਲ ਸਕੱਤਰੇਤ ਵਿਚਲੇ ਆਪਣੇ ਦਫਤਰ ਵਿਖੇ ਅਹੁਦਾ ਸੰਭਾਲ ਲਿਆ ਹੈ। ਸ ਧਾਲੀਵਾਲ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਵਿਧਾਇਕਾਂ ਅਮਨ ਅਰੋੜਾ, ਡਾ. ਇੰਦਰਬੀਰ ਸਿੰਘ ਨਿੱਝਰ, ਗੁਰਮੀਤ ਸਿੰਘ ਖੁੱਡੀਆਂ, ਜਮੀਲ ਉਰ ਰਹਿਮਾਨ, ਡਾ. ਅਜੇ ਗੁਪਤਾ, ਕਰਮਬੀਰ ਸਿੰਘ ਘੁੰਮਣ, ਡਾ. ਬਲਬੀਰ ਸਿੰਘ, ਕੁਲਵੰਤ ਸਿੰਘ, ਲਾਡੀ ਢੋਸ, ਮਨਜੀਤ ਸਿੰਘ ਬਿਲਾਸਪੁਰ, ਸਰਵਣ ਸਿੰਘ ਧੁੰਨ ਤੇ ਹੋਰ ਪਤਵੰਤਿਆਂ ਦੀ ਹਾਜਰੀ ‘ਚ ਆਪਣਾ ਅਹੁਦਾ ਸੰਭਾਲਿਆ।

ਅਹੁਦਾ ਸੰਭਾਲਣ ਤੋਂ ਬਾਅਦ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਪਰਮਾਤਮਾ ਦਾ ਸੁਕਰਾਨਾ ਕੀਤਾ ਤੇ ਪੰਜਾਬੀਆਂ ਨੂੰ ਭਰੋਸਾ ਦਿੱਤਾ ਕਿ ਇਹ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਆਪਣੇ ਲੋਕਾਂ ਦੀ ਸੁਵਿਧਾ ਲਈ ਇਸ ਸਰਕਾਰ ਵੱਲੋਂ ਹਰ ਹੀਲਾ ਵਰਤਿਆ ਜਾਵੇਗਾ।
ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਭਿ੍ਰਸਟਾਚਾਰ ਵਿਰੁੱਧ ਵਚਨਬੱਧਤਾ ਦੁਹਰਾਉਂਦਿਆਂ ਸ. ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ‘ਚ ਰਿਸਵਤਖੋਰਾਂ ਲਈ ਕੋਈ ਥਾਂ ਨਹੀਂ ਹੈ ਤੇ ਅਸੀਂ ਹਰ ਹੀਲਾ ਵਰਤ ਕੇ ਰਿਸਵਤਖੋਰੀ ਰੋਕਾਂਗੇ ਤਾਂ ਜੋ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ। ਉਨਾਂ ਕਿਹਾ ਕਿ ਉਹ ਦਿਨ ਰਾਤ ਇੱਕ ਕਰਕੇ ਇਹ ਸੁਨਿਸਚਿਤ ਬਣਾਉਣਗੇ ਕਿ ਪੰਜਾਬ ਸਰਕਾਰ ਦਾ ਹਰ ਕੰਮ ਲੋਕਾਂ ਦੀ ਸੁਵਿਧਾ ਲਈ ਹੀ ਚੁੱਕਿਆ ਜਾਵੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਦੀ ਹਰ ਮੁਸਕਿਲ ਤੋਂ ਉਹ ਖੁਦ ਚੰਗੀ ਤਰਾਂ ਜਾਣੂੰ ਹਨ ਅਤੇ ਉਨਾਂ ਨੂੰ ਸਮੇਂ ਸਿਰ ਚੰਗੇਰੀਆਂ ਸੇਵਾਵਾਂ ਦੇਣ ਲਈ ਹਰ ਹੀਲਾ ਵਰਤਣਗੇ। ਉਨਾਂ ਕਿਹਾ ਕਿ ਪਰਵਾਸੀ ਭਾਰਤੀਆਂ ਦੇ ਪੰਜਾਬ ਆਉਣ ਮੌਕੇ ਉਨਾਂ ਨੂੰ ਸਮਾਂਬੱਧ ਤਰੀਕੇ ਨਾਲ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਪਿੰਡਾਂ ਦੇ ਵਿਕਾਸ ਬਾਰੇ ਆਪਣੀ ਸਰਕਾਰ ਦੀ ਵਿਉਂਤਬੰਦੀ ਬਾਰੇ ਗੱਲ ਕਰਦਿਆਂ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹੁਣ ਪਿਛਲੀਆਂ ਸਰਕਾਰਾਂ ਵਾਂਗ ਭਿ੍ਰਸਟਾਚਾਰ ਬਰਦਾਸਤ ਨਹੀਂ ਕੀਤਾ ਜਾਵੇਗਾ ਸਗੋਂ ਹਰ ਆਰਕੀਟੈਕਟਾਂ, ਮਾਹਿਰਾਂ ਤੇ ਇਮਾਨਦਾਰ ਅਫਸਰਾਂ ਦੀਆਂ ਸਾਂਝੀਆਂ ਟੀਮਾਂ ਬਣਾ ਕੇ ਪਿੰਡ ਆਧਾਰਿਤ ਵਿਕਾਸ ਨੂੰ ਹੀ ਤਰਜੀਹ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਹੁਣ ਲੋਕਾਂ ਦੀ ਸਰਕਾਰ ਦੇ ਕਾਰਜ-ਕਾਲ ਦੌਰਾਨ ਹਰ ਪਿੰਡ ‘ਚ ਸਾਫ ਪੀਣਯੋਗ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਢੁੱਕਵਾਂ ਪ੍ਰਬੰਧ ਕਰਵਾਉਣਾਂ ਯਕੀਨੀ ਬਣਾਇਆ ਜਾਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਣ ਪਿੰਡਾਂ ਦੀਆਂ ਡਿਸਪੈਂਸਰੀਆਂ, ਸਰਕਾਰੀ ਸਕੂਲਾਂ, ਪਾਰਕਾਂ ਤੇ ਲਾਇਟਾਂ ਦੀ ਦਸਾ ਸੁਧਾਰਨ ਲਈ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਰਵਨੀਤ ਕੌਰ, ਵਧੀਕ ਮੁੱਖ ਸਕੱਤਰ ਕਿ੍ਰਪਾ ਸੰਕਰ ਸਰੋਜ, ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ, ਪ੍ਰਮੱਖ ਸਕੱਤਰ ਕਿ੍ਰਸਨ ਕੁਮਾਰ, ਸਕੱਤਰ ਐਮ.ਐਸ. ਜੱਗੀ, ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਮਨਪ੍ਰੀਤ ਸਿੰਘ ਛਤਵਾਲ, ਟੀ.ਪੀ.ਐਸ ਫੂਲਕਾ, ਸੰਯੁਕਤ ਸਕੱਤਰ ਰਾਜਪਾਲ ਸਿੰਘ, ਡਿਪਟੀ ਸਕੱਤਰ ਸੁਰਿੰਦਰ ਕੌਰ ਸਮੇਤ ਵੱਡੀ ਗਿਣਤੀ ‘ਚ ਅਧਿਕਾਰੀ, ਕਰਮਚਾਰੀ ਤੇ ਪਤਵੰਤੇ ਹਾਜਰ ਸਨ।





