ਸ੍ਰੀਲੰਕਾ ਨੂੰ ਫਾਈਨਲ ਮੁਕਾਬਲੇ ਵਿੱਚ 14 ਦੌੜਾਂ ਦੇ ਅੰਤਰ ਨਾਲ ਹਰਾਇਆ

ਰਾਏਪੁਰ (ਏਜੇਂਸੀ) : ਇੰਡੀਆ ਲਿਜੈਂਡਜ਼ ਨੇ ਐਤਵਾਰ ਨੂੰ ਪਠਾਨ ਭਰਾਵਾਂ ਦੇ ਸ਼ਾਨਦਾਰ ਹਰਫ਼ਨਮੌਲਾ ਪ੍ਰਦਰਸ਼ਨ ਦੇ ਦਮ ’ਤੇ ਸ੍ਰੀਲੰਕਾ ਲਿਜੈਂਡਜ਼ ਨੂੰ 14 ਦੌੜਾਂ ਨਾਲ ਹਰਾ ਕੇ ਰੋਡ ਸੇਫਟੀ ਵਰਲਡ ਸੀਰੀਜ਼ ਟੀ-20 ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਇੰਡੀਆ ਲਿਜੈਂਡਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ ’ਤੇ 181 ਦੌੜਾਂ ਦਾ ਸਕੋਰ ਬਣਾਇਆ ਤੇ ਫਿਰ ਸ੍ਰੀਲੰਕਾ ਲਿਜੈਂਡਜ਼ ਨੂੰ 20 ਓਵਰਾਂ ਵਿਚ ਸੱਤ ਵਿਕਟਾਂ ’ਤੇ 167 ਦੌੜਾਂ ’ਤੇ ਰੋਕ ਦਿੱਤਾ।
ਸ੍ਰੀਲੰਕਾ ਲਈ ਸਨਥ ਜੈਸੂਰਿਆ ਨੇ 35 ਗੇਂਦਾਂ ’ਤੇ ਪੰਜ ਚੌਕੇ ਤੇ ਇਕ ਛੱਕੇ ਦੀ ਬਦੌਲ 43 ਦੌਡ਼ਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਕਪਤਾਨ ਤਿਲਕਰਤਨੇ ਦਿਲਸ਼ਾਨ ਨੇ 21, ਚਿੰਤਕਾ ਜੈਸਿੰਘੇ ਨੇ 40 ਤੇ ਕੌਸ਼ਲਿਆ ਵੀਰਾਰਤਨੇ ਨੇ 38 ਦੌੜਾਂ ਬਣਾਈਆਂ। ਇੰਡੀਆ ਲਿਜੈਂਡਜ਼ ਵੱਲੋਂ ਯੂਸਫ਼ ਪਠਾਨ ਨੇ ਬੱਲੇਬਾਜ਼ੀ ਵਿਚ ਅਜੇਤੂ 62 ਦੌਡ਼ਾਂ ਬਣਾਉਣ ਤੋਂ ਇਲਾਵਾ ਗੇਂਦਬਾਜ਼ੀ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਯੂਸਫ਼ ਨੇ ਚਾਰ ਓਵਰਾਂ ਵਿਚ 26 ਦੌਡ਼ਾਂ ਦੇ ਕੇ ਦੋ ਵਿਕਟਾਂ ਤੇ ਇਰਫ਼ਾਨ ਪਠਾਨ ਨੇ ਚਾਰ ਓਵਰਾਂ ਵਿਚ 29 ਦੌਡ਼ਾਂ ਦੇ ਕੇ ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਇੰਡੀਆ ਲਿਜੈਂਡਜ਼ ਵੱਲੋਂ ਯੁਵਰਾਜ ਸਿੰਘ ਨੇ 41 ਗੇਂਦਾਂ ’ਤੇ 60 ਦੌੜਾਂ ਬਣਾਈਆਂ। ਇੰਡੀਆ ਵੱਲੋਂ ਕਪਤਾਨ ਸਚਿਨ ਤੇਂਦੁਲਕਰ ਨੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾਈਆਂ।





