17.1 C
Chandigarh

TODAY NOW NEWS

Friday, March 20, 2026
Homeਪੰਜਾਬਜਲੰਧਰਕਿਸਾਨ ਅੰਦੋਲਨ ਦੀ ਵਾਪਸੀ: ਮਹਿੰਗੇ ਹੋਣਗੇ ਟੋਲ ਪਲਾਜ਼ਾ

ਕਿਸਾਨ ਅੰਦੋਲਨ ਦੀ ਵਾਪਸੀ: ਮਹਿੰਗੇ ਹੋਣਗੇ ਟੋਲ ਪਲਾਜ਼ਾ

ਜਲੰਧਰ : ਤਿੰਨੋਂ ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਕੁੰਡਲੀ ਤੇ ਸਿੰਘੂ ਬੈਰੀਅਰ ਤੋਂ ਵੱਡੀ ਗਿਣਤੀ ’ਚ ਕਿਸਾਨਾਂ ਦੇ ਜੱਥੇ ਪੰਜਾਬ ਪਰਤਣ ਲੱਗੇ ਹਨ। ਇਸ ਦੇ ਨਾਲ ਹੀ ਵੱਖ-ਵੱਖ ਟੋਲ ਪਲਾਜ਼ਾ ’ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸਾਰੇ ਟੋਲ ਪਲਾਜ਼ਾ 15 ਦਸੰਬਰ ਤੋਂ ਖੁੱਲ੍ਹ ਜਾਣਗੇ, ਜਿਨ੍ਹਾਂ ’ਚ ਵਧੀਆਂ ਹੋਈਆਂ ਦਰਾਂ ਲਾਗੂ ਹੋਣਗੀਆਂ। ਕਿਸਾਨ ਅੰਦੋਲਨ ਕਾਰਨ ਪੰਜਾਬ ’ਚ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ 23 ਟੋਲ ਪਲਾਜ਼ਾ ਬੰਦ ਹਨ। ਇੱਥੇ ਦਿਨ ਰਾਤ ਕਿਸਾਨਾਂ ਦਾ ਧਰਨਾਂ ਚੱਲ ਰਿਹਾ ਹੈ। ਦਿੱਲੀ-ਜਲੰਧਰ ਨੈਸ਼ਨਲ ਹਾਈਵੇ ’ਤੇ ਲੁਧਿਆਣਾ ਦੇ ਲਾਡੋਵਾਲ ’ਚ ਸਥਿਤ ਟੋਲ ਪਲਾਜ਼ਾ ਦੇ ਸੁਪਰਵਾਈਜ਼ਰ ਮਲਖਾਨ ਸਿੰਘ ਨੇ ਦੱਸਿਆ ਕਿ ਅਸੀਂ ਪੂਰੀ ਤਿਆਰੀ ਕਰ ਲਈ ਹੈ।

ਪੁਰਾਣੀ ਸੜਕ ਨੂੰ ਉਖਾੜ ਕੇ ਦੁਬਾਰਾ ਬਣਾਇਆ ਜਾ ਰਿਹਾ ਹੈ। ਸਾਫ਼ ਸਫ਼ਾਈ ਕਰਵਾਈ ਜਾ ਰਹੀ ਹੈ। ਉੱਥੇ, ਪਟਿਆਲਾ ’ਚ ਸ਼ੰਭੂ ਬੈਰੀਅਰ ਸਥਿਤ ਟੋਲ ਪਲਾਜ਼ਾ ਦੇ ਪ੍ਰਬੰਧਕੀ ਅਧਿਕਾਰੀ ਨੰਦ ਲਾਲ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਵਾਪਸ ਬੁਲਾਇਆ ਜਾਵੇਗਾ। ਇਸ ਨਾਲ ਸਥਾਨਕ ਨੌਜਵਾਨਾਂ ਨੂੰ ਮੁੜ ਤੋਂ ਰੁਜ਼ਗਾਰ ਮਿਲੇਗਾ। ਸਮਾਨਾ ਰੋਡ ਸਥਿਤ ਟੋਲ ਪਲਾਜ਼ਾ ਦੇ ਪ੍ਰਬੰਧਕ ਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਕੰਮ ’ਤੇ ਬੁਲਾਇਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਦਿੱਲੀ ਤੋਂ ਪਰਤੇ ਕਿਸਾਨਾਂ ਨੇ ਟੋਲ ਪਲਾਜ਼ਾ ’ਤੇ ਢੋਲ ਵਜਾ ਕੇ ਜਸ਼ਨ ਮਨਾਇਆ ਤੇ ਲੱਡੂ ਵੰਡੇ।

ਪਠਾਨਕੋਟ ਦੇ ਲਦਪਾਲਵਾਂ ਟੋਲ ਪਲਾਜ਼ਾ ਦੇ ਡਿਪਟੀ ਪ੍ਰਾਜੈਕਟ ਮੈਨੇਜਰ ਵਿਜੈ ਯਾਦਵ ਨੇ ਦੱਸਿਆ ਕਿ ਸਾਰੇ ਵਾਹਨਾਂ ਨੂੰ ਜ਼ਰੂਰੀ ਤੌਰ ’ਤੇ ਫਾਸਟੈਗ ਲਗਵਾਉਣਾ ਪਵੇਗਾ। ਕਈ ਵਾਹਨ ਚਾਲਕਾਂ ਨੇ ਫਾਸਟੈਗ ਰਿਚਾਰਜ ਨਹੀਂ ਕਰਵਾਇਆ ਹੋਵੇਗਾ, ਪਰ ਬਿਨਾਂ ਫਾਸਟੈਗ ਟੋਲ ਪਲਾਜ਼ਾ ਪਾਰ ਕਰਨ ’ਤੇ ਦੋ ਗੁਣਾ ਰਕਮ ਲਈ ਜਾਵੇਗੀ। ਇੱਥੇ 75 ਮੁਲਾਜ਼ਮ ਤੇ 28 ਸਕਿਓਰਿਟੀ ਗਾਰਡ ਸਨ। ਸਾਰਿਆਂ ਨੂੰ ਕੰਮ ’ਤੇ ਪਰਤਣ ਦਾ ਸੰਦੇਸ਼ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਲੰਬੇ ਸਮੇਂ ਤੋਂ ਬੰਦ ਪਏ ਰਿਲਾਇੰਸ ਕੰਪਨੀ ਦੇ ਸਟੋਰ ਵੀ 15 ਦਸੰਬਰ ਤੋਂ ਖੁੱਲ੍ਹ ਸਕਦੇ ਹਨ। ਸੂਬੇ ’ਚ ਕਰੀਬ 150 ਤੋਂ ਵੱਧ ਸਟੋਰ ਕਿਸਾਨ ਅੰਦੋਲਨ ਕਾਰਨ ਬੰਦ ਪਏ ਹਨ। ਉੱਥੇ, ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਲੁਧਿਆਣਾ ਦੇ ਕਿਲ੍ਹਾ ਰਾਏਪੁਰ ’ਚ ਬੰਦ ਪਏ ਅਡਾਨੀ ਲਾਜਿਸਟਿਕਸ ਪਾਰਕ ਨੂੰ ਮੁੜ ਤੋਂ ਸ਼ੁਰੂ ਕਰਨ ’ਤੇ ਕੰਪਨੀ ਵਿਚਾਰ ਕਰ ਸਕਦੀ ਹੈ। ਅਜਿਹੇ ’ਚ ਪੁਰਾਣੇ ਮੁਲਾਜ਼ਮਾਂ ਨੂੰ ਦੁਬਾਰਾ ਕੰਮ ਮਿਲ ਸਕਦਾ ਹੈ।

Today Now News

RELATED ARTICLES
- Advertisment -

POPULAR POSTS