
ਮੌੜ ਮੰਡੀ 6 ਅਗਸਤ ਹਰਮਿੰਦਰ ਸਿੰਘ ਅਵਿਨਾਸ਼
ਨੇੜਲੇ ਪਿੰਡ ਘੁੰਮਣ ਕਲਾਂ ਵਿਖੇ ਮੁਅੱਤਲ ਡਿੱਪੂ ਦੀ ਇਨਕੁਆਰੀ ਕਰਨ ਆਈ ਜਿਲ੍ਹਾ ਫੂਡ ਸਪਲਾਈ ਅਫਸਰ ਸਮੇਂਤ ਟੀਮ ਨੂੰ ਪਿੰਡ ਵਾਸੀਆਂ ਨੇ ਬੰਦੀ ਬਣਾ ਲਿਆ। ਭਾਵੇਂ ਥਾਣਾ ਮੌੜ ਦੀ ਪੁਲਿਸ ਨੇ ਜਾਂਚ ਟੀਮ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਲੋਕਾਂ ਦੇ ਗੁੱਸੇ ਅੱਗੇ ਪੁਲਿਸ ਵੀ ਬੇਵੱਸ ਨਜ਼ਰ ਆਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਸ਼ਨ ’ਚ ਹੇਰ ਫੇਰ ਕਰਨ ਦੇ ਮਾਮਲੇ ’ਚ ਫੂਡ ਸਪਲਾਈ ਵਿਭਾਗ ਨੇ ਪਿੰਡ ਘੁੰਮਣ ਕਲਾਂ ਦੇ ਸਤੀਸ਼ ਕੁਮਾਰ ਦਾ ਡਿੱਪੂ ਨੂੰ ਕਰੀਬ 7 ਮਹੀਨੇ ਪਹਿਲਾ ਮੁਅੱਤਲ ਕਰ ਦਿੱਤਾ ਸੀ। ਖਪਤਕਾਰਾਂ ਦੀ ਸ਼ਿਕਾਇਤਾਂ ਦੇ ਅਧਾਰ ’ਤੇ ਅੱਜ ਡਿਪਟੀ ਡਾਇਰੈਕਟਰ ਦੇ ਹੁਕਮਾਂ ਅਨੁਸਾਰ ਕਸ਼ਮੀਰ ਸਿੰਘ ਜਿਲ੍ਹਾ ਫੂਡ ਸਪਲਾਈ ਅਫਸਰ ਮਲੋਟ ਆਪਣੀ ਟੀਮ ਸਮੇਂਤ ਪਿੰਡ ਘੁੰਮਣ ਕਲਾਂ ਦੇ ਗੁਰਦੁਆਰਾ ਦਾਤਣਸਰ ਸਾਹਿਬ ਵਿਖੇ ਜਾਂਚ ਪੜਤਾਲ ਕਰਨ ਆਏ , ਜਦੋਂ ਉਹਨਾਂ 11 ਵਿਅਕਤੀਆਂ ਦੇ ਕਰੀਬ ਬਿਆਨ ਦਰਜ਼ ਕਰ ਲਏ ਸਨ, ਤਾਂ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਬੀਕੇਯੂ ਮਾਨਸਾ ਅਤੇ ਉਗਰਾਹਾਂ ਜਥੇਬੰਦੀ ਦੇ ਵਰਕਰਾਂ ਦੀ ਮੱਦਦ ਨਾਲ ਟੀਮ ਨੂੰ ਲੰਗਰ ਹਾਲ ਵਿਚ ਹੀ ਬੰਦੀ ਬਣਾ ਲਿਆ। ਉੱਧਰ ਇਸ ਮਾਮਲੇ ਦਾ ਪਤਾ ਚਲਦੇ ਹੀ ਥਾਣਾ ਮੌੜ ਦੇ ਮੁਖੀ ਬਲਵਿੰਦਰ ਸਿੰਘ ਢਿੱਲੋਂ ਪੁਲਿਸ ਪਾਰਟੀ ਸਮੇਂਤ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਟੀਮ ਨੂੰ ਬਾਹਰ ਕੱਢਣ ਲਈ ਕਾਫੀ ਜਦੋ-ਜਹਿਦ ਕੀਤੀ, ਪ੍ਰੰਤੂ ਲੋਕਾਂ ਦੇ ਗੁੱਸੇ ਅੱਗੇ ਪੁਲਿਸ ਵੀ ਅਸਫਲ ਰਹੀ। ਉੱਧਰ ਪਿੰਡ ਵਾਸੀ ਕਰਮਜੀਤ ਸਿੰਘ, ਬੀਕੇਯੂ ਮਾਨਸਾ ਦੇ ਨਾਇਬ ਸਿੰਘ , ਸਿੱਧੂਪੁਰ ਦੇ ਰਾਜਾ ਸਿੰਘ , ਅਮਰਜੀਤ ਸਿੰਘ ਖਾਲਸਾ, ਉਗਰਾਹਾਂ ਦੇ ਬੰਤਾ ਸਿੰਘ, ਕਮਲਪ੍ਰੀਤ ਸਿੰਘ, ਪੱਪੂ ਸਿੰਘ, ਚਰਨੀ ਸਿੰਘ, ਰਾਮਜੀਤ ਸਿੰਘ ਆਦਿ ਦਾ ਕਹਿਣਾ ਹੈ ਕਿ ਜਿੰਨ੍ਹੀ ਦੇਰ ਡਿੱਪੂ ਹੋਲਡਰ ਤੇ ਮੁਕੱਦਮਾਂ ਦਰਜ਼ ਨਹੀ ਕੀਤਾ ਜਾਂਦਾ, ਉਨ੍ਹੀ ਦੇਰ ਟੀਮ ਨੂੰ ਰਿਹਾ ਨਹੀ ਕੀਤਾ ਜਾਵੇਗਾ।
ਖਬਰ ਲਿਖੇ ਜਾਣ ਤੱਕ ਦੇਰ ਰਾਤ ਫੂਡ ਸਪਲਾਈ ਦੀ ਟੀਮ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ।
ਇਸ ਸਬੰਧੀ ਇਸ ਸਬੰਧੀ ਕਸ਼ਮੀਰ ਸਿੰਘ ਜਿਲ੍ਹਾ ਫੂਡ ਸਪਲਾਈ ਅਫਸਰ ਦਾ ਕਹਿਣਾ ਹੈ ਕਿ ਉਹ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਡਿੱਪੂ ਮਾਮਲੇ ’ਚ ਬਿਆਨ ਦਰਜ਼ ਕਰਨ ਲਈ ਆਏ ਸੀ, ਜਦੋਂ 11 ਖਪਤਕਾਰਾਂ ਦੇ ਬਿਆਨ ਦਰਜ਼ ਕਰ ਲਏ, ਤਾਂ ਇੱਕ ਦਮ ਹੀ ਲੰਗਰ ਹਾਲ ’ਚ ਬੰਦੀ ਬਣਾ ਲਿਆ। ਉਨ੍ਹਾਂ ਰੋਸ ਜਾਹਰ ਕਰਦੇ ਹੋਏ ਕਿਹਾ ਕਿ ਅਸੀ ਤਾਂ ਦੂਸਰੇ ਜਿਲ੍ਹੇ ਤੋਂ ਖਪਤਕਾਰਾਂ ਦੇ ਬਿਆਨ ਲੈਣ ਲਈ ਆਏ ਸੀ, ਤਾਂ ਜੋ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਸਕੇ। ਸਗੋਂ ਪਿੰਡ ਵਾਸੀਆਂ ਨੇ ਸਾਨੂੰ ਧੱਕੇ ਨਾਲ ਬੰਦੀ ਬਣਾ ਲਿਆ ਹੈ ਅਤੇ ਸਾਡੇ ਨਾਲ ਹੋਈ ਧੱਕੇਸ਼ਾਹੀ ਖ਼ਿਲਾਫ ਅਸੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।
ਇਸ ਸਬੰਧੀ ਜਦੋਂ ਥਾਣਾ ਮੁਖੀ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਸਮਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪ੍ਰੰਤੂ ਉੱਚ ਅਧਿਕਾਰੀ ਵੀ ਪਹੁੰਚ ਰਹੇ ਹਨ।





