ਪਟਿਆਲਾ : ਪਟਿਆਲਾ ਦੀ ਕੇਂਦਰੀ ਜੇਲ੍ਹ ਸੈਲੇਬ੍ਰਿਟੀ ਜੇਲ੍ਹ ਬਣ ਗਈ ਹੈ। ਨਵਜੋਤ ਸਿੰਘ ਸਿੱਧੂ (Navjot Singh Sidhu) ਤੇ ਬਿਕਰਮ ਸਿੰਘ ਮਜੀਠੀਆ (Bikram Singh Majithia) ਤੋਂ ਬਾਅਦ ਕਬੂਤਰਬਾਜ਼ੀ ਮਾਮਲੇ ’ਚ ਫਸੇ ਗਾਇਕ ਦਲੇਰ ਮਹਿੰਦੀ ਵੀ ਇਸੇ ਜੇਲ੍ਹ ’ਚ ਪਹੁੰਚ ਗਏ ਹਨ। ਦਲੇਰ ਮਹਿੰਦੀ ਨੂੰ ਤਾਂ ਨਵਜੋਤ ਸਿੱਧੂ ਵਾਲੀ ਬੈਰਕ ’ਚ ਹੀ ਬੰਦ ਕੀਤਾ ਗਿਆ ਹੈ। ਵੀਰਵਾਰ ਨੂੰ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਦੁਪਹਿਰ ਵੇਲੇ ਦਲੇਰ ਮਹਿੰਦੀ ਜੇਲ੍ਹ ਪੁੱਜੇ। ਜੇਲ੍ਹ ਸਟਾਫ ਨੇ ਸਾਰੀ ਕਾਗਜ਼ੀ ਤੇ ਹੋਰ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਬੈਰਕ ਨੰਬਰ 10 ਜਾਰੀ ਕੀਤਾ। ਇਹ ਉਹੀ ਬੈਰਕ ਹੈ ਜਿੱਥੇ ਸਾਬਕਾ ਕ੍ਰਿਕਟਰ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਰਹੇ ਨਵਜੋਤ ਸਿੰਘ ਸਿੱਧੂ ਬੰਦ ਹਨ।
ਸੂਤਰਾਂ ਮੁਤਾਬਕ ਦਲੇਰ ਮਹਿੰਦੀ ਤੇ ਸਿੱਧੂ ਤੋਂ ਇਲਾਵਾ ਇਸ ਬੈਰਕ ’ਚ ਪੰਜ ਹੋਰ ਕੈਦੀ ਬੰਦ ਹਨ। ਮਹਿੰਦੀ ਜੇਲ੍ਹ ’ਚ ਪਹਿਲੇ ਦਿਨ ਨਿਰਾਸ਼ ਨਜ਼ਰ ਆਏ ਤੇ ਰਾਤ ਸਮੇਂ ਬੈਚੇਨ ਦਿਸੇ। ਪਹਿਲੀ ਰਾਤ ਮਹਿੰਦੀ ਨੇ ਜੇਲ੍ਹ ਨਿਯਮਾਂ ਮੁਤਾਬਕ ਖਾਣਾ ਖਾਧਾ। ਸ਼ੁੱਕਰਵਾਰ ਸ਼ਾਮ ਤਕ ਉਨ੍ਹਾਂ ਨੂੰ ਕੋਈ ਕੰਮ ਨਹੀਂ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਸਿੱਧੂ ਤੇ ਮਹਿੰਦੀ ਦੀ ਸਾਂਝ ਰਹੀ ਹੈ ਤੇ ਕੁਝ ਟੀਵੀ ਸ਼ੋਅ ਤੋਂ ਇਲਾਵਾ ਹੋਰ ਕਈ ਮੌਕਿਆਂ ’ਤੇ ਇਕੱਠੇ ਹੁੰਦੇ ਰਹੇ ਹਨ। ਲੰਘੀ ਸ਼ਾਮ ਦੋਵੇਂ ਬੈਰਕ ਵਿਚ ਗੱਲਾਂ ਕਰ ਕੇ ਸਮਾਂ ਬਿਤਾਉਂਦੇ ਰਹੇ। ਨਿਯਮਾਂ ਮੁਤਾਬਕ ਮਹਿੰਦੀ ਨਾਲ ਮੁਲਾਕਾਤ ਸਿਰਫ਼ ਮੰਗਲਵਾਰ ਨੂੰ ਹੋ ਸਕੇਗੀ ਜਦੋਂਕਿ ਉਨ੍ਹਾਂ ਦੇ ਵਕੀਲ ਕਿਸੇ ਵੀ ਦਿਨ ਮਿਲ ਸਕਣਗੇ।

ਪਟਿਆਲਾ ਦੀ ਜੇਲ੍ਹ ਅਜਿਹੀ ਵੀਆਈਪੀ ਜੇਲ੍ਹ ਹੈ ਜਿੱਥੇ ਮੌਜੂਦਾ ਤਿੰਨ ਚਰਚਿਤ ਸ਼ਖ਼ਸੀਅਤਾਂ ਦਲੇਰ ਮਹਿੰਦੀ, ਨਵਜੋਤ ਸਿੰਘ ਸਿੱਧੂੁ ਤੇ ਬਿਕਰਮ ਸਿੰਘ ਮਜੀਠੀਆ ਬੰਦ ਹਨ। ਇਨ੍ਹਾਂ ਤੋਂ ਇਲਾਵਾ ਕਾਂਗਰਸੀ ਆਗੂ ਤੇ ਮੌਜੂਦ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਵੀ ਇਸ ਜੇਲ੍ਹ ’ਚ ਬੰਦ ਰਹੇ ਹਨ।




