ਉਸ ਨੂੰ ਇਹ ਨਹੀਂ ਪਤਾ ਕਿ ਕਾਨੂੰਨ ਪੂਰੇ ਦੇਸ਼ ਦਾ ਹੈ ਬਿਕਰਮ ਮਜੀਠੀਆ ਦੇ ਘਰ ਦਾ ਨਹੀਂ : ਸੰਜੇ ਸਿੰਘ

ਨਾਭਾ (ਸੁੱਖਚੈਨ ਲੁਬਾਣਾ) : ਨਾਭਾ ਵਿਖੇ ਪਹੁੰਚੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਬਿਕਰਮ ਮਜੀਠੀਆ ਅਤੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੋ ਲੁਧਿਆਣਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ, ਉਸ ਦਾ ਫੈਸਲਾ ਹਾਲੇ ਆਉਣਾ ਬਾਕੀ ਹੈ ਪਰ ਬਿਕਰਮ ਮਜੀਠੀਆ ਕੋਰਟ ਦੇ ਬਾਹਰ ਆ ਕੇ ਮੈਨੂੰ ਜੇਲ੍ਹ ਭੇਜਣ ਦੀਆਂ ਗੱਲਾਂ ਕਰ ਰਿਹਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਕਿ ਕਾਨੂੰਨ ਪੂਰੇ ਦੇਸ਼ ਦਾ ਹੈ ਬਿਕਰਮ ਮਜੀਠੀਆ ਦੇ ਘਰ ਦਾ ਨਹੀਂ।
ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੋ ਦਿੱਲੀ ਦੀ ਬਰੂਹਾਂ ਤੇ ਕਿਸਾਨ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਇਹ ਭਾਰਤ ਦੇਸ਼ ਦੇ ਹੀ ਨੇ ਨਾ ਕਿ ਪਾਕਿਸਤਾਨ ਦੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਰਾਹਾਂ ਦੇ ਵਿੱਚ ਮੁਸ਼ਕਲਾਂ ਖੜ੍ਹੀਆਂ ਕਰ ਰਹੀ ਹੈ। ਉਨ੍ਹਾਂ ਮੋਦੀ ਤੇ ਤੰਜ ਕੱਸਦਿਆਂ ਕਿਹਾ ਕਿ ਜੋ ਅੰਨਦਾਤਾ ਦੇ ਸਿਰ ਤੋਂ ਰੋਟੀ ਖਾ ਕੇ ਉਨ੍ਹਾਂ ਬਾਰੇ ਹੀ ਗ਼ਲਤ ਬਿਆਨਬਾਜ਼ੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੂਰੇ ਦੇਸ਼ ਨੂੰ ਵੇਚਣਾ ਚਾਹੁੰਦੀ ਹੈ। ਜੋ 11 ਹਜ਼ਾਰ ਕਰੋੜ ਰੁਪਏ ਦੇ ਬੈਂਕਾਂ ‘ਚ ਘਪਲੇ ਕਰਕੇ ਵਿਦੇਸ਼ੀ ਧਰਤੀ ਤੇ ਬੈਠੇ ਹਨ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ।
ਕੈਪਟਨ ਅਮਰਿੰਦਰ ਦੇ ਐਮ.ਐਲ.ਏ. ਦੇ ਵੱਲੋਂ ਆਪਣੀ ਹੀ ਪਾਰਟੀ ਦੇ ਖ਼ਿਲਾਫ਼ ਕੀਤੀ ਕਾਰਗੁਜ਼ਾਰੀ ਤੇ ਸੰਜੇ ਸਿੰਘ ਨੇ ਬੋਲਦਿਆਂ ਕਿਹਾ ਕਿ ਜੇ ਪਰਗਟ ਸਿੰਘ ਇਹ ਗੱਲ ਕਹਿ ਰਹੇ ਨੇ ਕੀ ਕੈਪਟਨ ਸਰਕਾਰ ਦੀ ਚਾਰ ਸਾਲ ਦੀ ਕਾਰਗੁਜ਼ਾਰੀ ਠੀਕ ਨਹੀਂ ਹੈ ਤਾਂ ਪੰਜਾਬ ਦੀ ਜਨਤਾ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ।
ਜਦੋਂ ਸੰਜੇ ਸਿੰਘ ਨੂੰ ਪੁੱਛਿਆ ਗਿਆ ਕਿ ਪੰਜਾਬ ਦੇ ਵਿੱਚ ਅਕਾਲੀ ਅਤੇ ਕਾਂਗਰਸੀ ਇੱਕੋ ਹੀ ਲੀਹ ਤੇ ਚੱਲ ਰਹੇ ਨੇ ਤਾਂ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ 2022 ਦੇ ਵਿੱਚ ਇਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣਗੇ।
ਸੰਜੇ ਸਿੰਘ ਨੂੰ ਪੰਜਾਬ ਦੇ ਆਮ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸਦਾ ਫ਼ੈਸਲਾ ਪੰਜਾਬ ਇੰਚਾਰਜ ਕਰਨਗੇ ਮੈਂ ਤਾਂ ਯੂ.ਪੀ. ਅਤੇ ਉੜੀਸਾ ਦੇਖਦਾ ਹਾਂ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਸਾਡੀ 2022 ਨੂੰ ਲੈ ਕੇ ਤਿਆਰੀ ਆਮ ਆਦਮੀ ਪਾਰਟੀ ਦੇ ਵਲੋਂ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ। 21 ਮਾਰਚ ਨੂੰ ਪੰਜਾਬ ਦੇ ਬਾਘਾਪੁਰਾਣਾ ਵਿਖੇ ਮਹਾਂਪੰਚਾਇਤ ਰੈਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।





