
ਮਾਨਸਾ 20 ਅਗਸਤ ਪੰਜਾਬ ਯੂ.ਟੀ. ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਕਨਵੀਨਰ ਹਰੀ ਸਿੰਘ ਦੀ ਪ੍ਰਧਾਨਗੀ ਹੇਠ ਡੀ.ਸੀ. ਦਫਤਰ ਵਿਖੇ ਵਿਸ਼ਾਲ ਰੈਲੀ ਕਰਨ ਉਪਰੰਤ ਮੁਜਾਹਰਾ ਕਰਕੇ ਹਲਕਾ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੂੰ ਚਿਤਾਵਨੀ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਕੰਟਰੈਕਟ, ਆਊਟ ਸੋਰਸਿੰਗ ਅਤੇ ਇਨਲਿਸਟਮੈਂਟ ਤੇ ਕੰਮ ਕਰਦੇ ਕਾਮਿਆਂ ਨੂੰ ਬੇਲੋੜੇ ਅੜਿੱਕੇ ਖਤਮ ਕਰਕੇ ਰੈਗੂਲਰ ਕੀਤਾ ਜਾਵੇ। ਜਿੰਨਾਂ ਕੈਟਗਿਰੀਆਂ ਦੇ 2011 ਵਿੱਚ ਕੈਬਨਿਟ ਸਬ ਕਮੇਟੀ ਵੱਲੋਂ ਸਕੇਲ ਨਹੀਂ ਸੋਧੇ ਜਾਂ ਸਕੇਲਾਂ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ। ਪਹਿਲਾਂ ਉਹਨਾਂ ਦੇ ਸਕੇਲ ਸੋਧ ਕੇ ਫਿਰ ਸਾਰੇ ਮੁਲਾਜਮਾਂ ਦੇ ਸਕੇਲਾਂ ਨੂੰ 2.72 ਦੇ ਗੁਣਾਂਕ ਨਾਲ ਸਕੇਲ ਦਿੱਤੇ ਜਾਣ। ਆਗੂ ਸੁਖਵੀਰ ਸਿੰਘ ਜੇ.ਈ., ਨਰਿੰਦਰ ਮਾਖਾ, ਸੱਤਪਾਲ ਭੈਣੀ, ਚਰਨਜੀਤ ਧਲੇਵਾਂ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਆਹਲੂਵਾਲੀਆ ਕਮੇਟੀ ਦੀਆਂ ਸਿਫਾਰਿਸ਼ਾਂ ਰੱਦ ਕੀਤੀਆਂ ਜਾਣ ਅਤੇ 15 ਜਨਵਰੀ 2015 ਦਾ ਮੁਢਲੀ ਤਨਖਾਹ ਦੇਣ ਦਾ ਪੱਤਰ ਰੱਦ ਕੀਤਾ ਜਾਵੇ। ਆਗੂ ਸਾਥੀ ਕਰਨੈਲ ਭੀਖੀ, ਗੁਰਦਾਸ ਰਾਇਪੁਰ ਅਤੇ ਨਗਿੰਦਰ ਜਵਾਹਰਕੇ ਨੇ ਮੰਗ ਕੀਤੀ ਕਿ ਕੇਂਦਰੀ ਪੈਟਰਨ ਦੀ ਭਰਤੀ ਨਾਲ ਪੱਤਰ ਵਾਪਸ ਲੈ ਕੇ ਭਰਤੀ ਪੰਜਾਬ ਦੇ ਸਕੇਲਾਂ ਤੇ ਕੀਤੀ ਜਾਵੇ। ਬਰਾਬਰ ਕੰਮ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕੀਤਾ ਜਾਵੇ। ਆਗੂ ਸਾਥੀ ਮੱਖਣ ਸਿੰਘ ਉੱਡਤ ਵੱਲੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਮਤਾ ਪੜਿਆ ਗਿਆ। ਜੋ ਹਾਊਸ ਨੇ ਕਿਸਾਨੀ ਘੋਲ ਦੇ ਸ਼ਹੀਦਾਂ ਨੂੰ ਲਾਲ ਸਲਾਮ ਦੇ ਨਾਅਰੇ ਦੇ ਕੇ ਮਤਾ ਪਾਸ ਕੀਤਾ ਗਿਆ। ਅਤੇ ਆਗੂ ਸਾਥੀਆਂ ਨੇ ਮੁਹਾਲੀ ਵਿਖੇ ਹੱਕ ਮੰਗਦੇ ਮੁਲਾਜਮਾਂ ਤੇ ਪਾਣੀ ਦੀਆਂ ਬੁਛਾੜਾਂ ਦਾ ਸਖਤ ਵਿਰੋਧ ਕੀਤਾ ਗਿਆ। ਉਨਾਂ ਕਿਹਾ ਕਿ ਜੇਕਰ ਮੁਲਾਜਮਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਚੰਡੀਗੜ੍ਹ ਵਿਖੇ ਲਾ ਮਿਸਾਲ ਰੈਲੀ ਕਰਕੇ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ।






