ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਮੀਟਿੰਗ ਵਿੱਚ ਕਿਸਾਨਾਂ ਦੀ ਆਵਾਜਾਈ ਲਈ ਗੱਡੀਆਂ ਭੇਜਣ ਦੀ ਵਚਨਬੱਧਤਾ ਨੂੰ ਦੁਹਰਾਇਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੰਜਾਬ ਟੈਕਸੀ ਉਪਰੇਟਰ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਅੱਜ ਪੰਜਾਬ ਪ੍ਰਧਾਨ ਸ੍ਰੀ ਕੇਵਲ ਕ੍ਰਿਸ਼ਨ ਬੱਤਰਾ ਜੀ ਦੀ ਅਗਵਾਈ ਹੇਠ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ। ਇਸ ਮੀਟਿੰਗ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਚੱਲ ਰਹੇ ਅੰਦੋਲਨਾਂ ਨੂੰ ਭਰਪੂਰ ਸਮਰਥਨ ਦੇਣ ਦਾ ਮਤਾ ਪਾਸ ਕੀਤਾ ਗਿਆ। ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਕਿਸਾਨਾਂ ਦੇ ਦਿੱਲੀ ਆਉਣ ਜਾਣ ਲਈ ਮੁਫ਼ਤ ਵਿੱਚ ਗੱਡੀਆਂ ਭੇਜਣ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਪੜਾਅ ਦਰ ਪੜਾਅ ਗੱਡੀਆਂ ਭੇਜਣ ਦੀ ਲਿਸਟ ਜਾਰੀ ਕੀਤੀ ਗਈ। ਜਿਸ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਤੋਂ ਚਰਨਜੀਤ ਸਿੰਘ ਚੈਨਾ ਮੁੱਦਕੀ ਅੱਜ ਗੱਡੀ ਲੈ ਕੇ ਰਵਾਨਾ ਹੋਏ। ਜਿਲਾ ਬਰਨਾਲਾ ਤੋਂ ਬਲਜਿੰਦਰ ਸਿੰਘ ਟੱਲੇਵਾਲ ਅਤੇ ਮੱਖਣ ਸਿੰਘ ਭੋਤਨਾ ਵੀ ਆਪਣੀ ਗੱਡੀ ਲੈ ਰਵਾਨਾ ਹੋਏ। ਅਗਲੇ ਦਿਨ ਦੀ ਰਣਨੀਤੀ ਤਹਿਤ ਜ਼ਿਲ੍ਹਾ ਮਾਨਸਾ ਤੋਂ ਜਿਲਾ ਪ੍ਰਧਾਨ ਸੁਖਦੇਵ ਸਿੰਘ ਐਮ ਸੀ ਵੱਲੋਂ ਕੁਲਦੀਪ ਸਿੰਘ ਨੀਟੂ ਕੋਟ ਧਰਮੂ ਦੀ ਡਿਊਟੀ ਲਗਾਈ ਗਈ। ਜ਼ੋ ਕੱਲ ਕੋਟ ਧਰਮੂ ਤੋਂ ਆਪਣੀ ਗੱਡੀ ਲੈ ਰਵਾਨਾ ਹੋਣਗੇ। ਇਸ ਉਪਰੰਤ ਬਲਾਕ ਕੋਟ ਧਰਮੂ ਤੋਂ ਬਲਾਕ ਪ੍ਰਧਾਨ ਸਿਕੰਦਰ ਸਿੰਘ ਅੱਕਾਵਾਲੀ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ। ਉਹਨਾਂ ਕੇਂਦਰ ਵੱਲੋਂ ਥੋਪੇ ਜਾ ਰਹੇ ਕਾਨੂੰਨਾਂ ਨੂੰ ਕਿਸਾਨ ਮਾਰੂ ਦੱਸਿਆ। ਉਹਨਾਂ ਆਖਿਆ ਕਿ ਇਸ ਸੰਘਰਸ਼ ਵਿੱਚ ਪੰਜਾਬ ਟੈਕਸੀ ਉਪਰੇਟਰ ਯੂਨੀਅਨ ਕਿਸਾਨ ਵੀਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਅੰਤ ਵਿੱਚ ਕ੍ਰਿਸ਼ਨ ਸਿੰਘ ਸਹਾਰਨਾ ਨੇ ਸਟੇਟ ਕਮੇਟੀ ਦੇ ਸਾਰੇ ਹੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਇਸੇ ਤਰ੍ਹਾਂ ਪੰਜਾਬ ਦੇ ਹਰ ਜ਼ਿਲ੍ਹੇ ਵੱਲੋਂ ਕਿਸਾਨਾਂ ਦੀ ਆਵਾਜਾਈ ਲਈ ਗੱਡੀਆਂ ਭੇਜਣ ਦੀ ਵਚਨਬੱਧਤਾ ਨੂੰ ਦੁਹਰਾਇਆ।






