ਕੈਪਟਨ ਸਰਕਾਰ ਨੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ : ਰਾਏਪੁਰ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਘਰ- ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਵਿੱਚ ਆਉਣ ਵਾਲੀ ਕੈਪਟਨ ਸਰਕਾਰ ਨੇ ਜਿਥੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਦਾ ਵਾਅਦਾ ਪੂਰਾ ਨਾ ਕਰਦਿਆਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ, ਉਥੇ ਹੀ ਤਰਸ ਦੇ ਆਧਾਰ ਉੱਤੇ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਦੇ ਬੱਚਿਆਂ ਨੂੰ ਸਰਕਾਰੀ ਤੇ ਵੱਡੀਆਂ ਨੌਕਰੀਆਂ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਆਪਣੀ ਕੁਰਸੀ ਬਚਾਉਣ ਵਿੱਚ ਲੱਗੇ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਰੈਸ ਦੇ ਨਾਮ ਲਿਖਤੀ ਰੂਪ ਵਿੱਚ ਲੋਕ ਇਨਸਾਫ਼ ਪਾਰਟੀ ਜਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕੀਤਾ। ਰਾਏਪੁਰ ਨੇ ਕਿਹਾ ਕਿ 2017 ਦੀਆਂ ਚੌਣਾਂ ਦੁਰਾਨ ਕੈਪਟਨ ਸਾਹਿਬ ਵੱਲੋਂ ਗੁਟਕਾ ਸਾਹਿਬ ਜੀ ਦੀ ਸਹੁੰ ਚੁੱਕ ਕੇ ਕੀਤੇ ਵਾਅਦਿਆ ਵਿੱਚੋਂ ਅੱਜ ਤੱਕ ਕੋਈ ਵੀ ਵਾਅਦਾ ਪੂਰੀ ਤਰ੍ਹਾਂ ਪੂਰਾ ਨਹੀਂ ਕੀਤਾ ਗਿਆ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ 2017 ਦੀਆਂ ਚੌਣਾਂ ਤੋਂ ਪਹਿਲਾਂ ਪੰਜਾਬ ਦੇ ਹਰ ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਵਿੱਚੋਂ ਸਿਰਫ਼ ਪੰਜ ਬੇਰੁਜ਼ਗਾਰ ਨੌਜਵਾਨ ਨਜ਼ਰ ਆਏ ਹਨ, ਜਿੰਨਾ ਵਿੱਚੋਂ ਇੱਕ ਕਾਗਰਸੀ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦਾ ਪੋਤਰਾ ਡੀ ਐਸ ਪੀ, ਦੂਜਾ ਕਾਗਰਸੀ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦਾ ਬੇਟਾ ਡੀ ਐਸ ਪੀ, ਤੀਜਾ ਕਾਗਰਸੀ ਵਿਧਾਇਕ ਰਾਕੇਸ਼ ਪਾਡੇ ਦਾ ਬੇਟਾ ਤਹਿਸੀਲਦਾਰ ਅਤੇ ਦੋ ਹੋਰ ਕਾਗਰਸੀ ਜਲਦੀ ਹੀ ਐਡਵੋਕੇਟ ਜਰਨਲ ਆਤੁਲ ਨੰਦਾ ਦੇ ਨਾਲ ਵੱਡੀਆਂ ਪੋਸਟਾਂ ਨਿਯੁਕਤ ਕਰਕੇ, ਉਨ੍ਹਾਂ ਪੰਜਾਬ ਦੇ ਲੱਖਾਂ ਬੇਰੁਜ਼ਗਾਰ ਨੌਜਵਾਨਾਂ ਦੇ ਜਖਮਾਂ ਉੱਤੇ ਲੂਣ ਛਿੜਕਿਆ ਹੈ। ਜੇਕਰ ਇਨ੍ਹਾਂ ਕਾਗਰਸੀ ਵਿਧਾਇਕਾਂ ਦੇ ਬੱਚਿਆਂ ਨੂੰ ਤਰਸ ਦੇ ਆਧਾਰ ਤੇ ਅੱਤਵਾਦ ਪੀੜਤ ਅਤੇ ਦੰਗਾ ਪੀੜਤ ਕਹਿ ਕੇ ਵੱਡੀਆਂ ਨੌਕਰੀਆਂ ਦਿਤੀਆਂ ਹਨ ਤਾਂ ਪੰਜਾਬ ਦੇ ਪਿੰਡਾਂ ਵਿੱਚ ਹਜਾਰਾਂ ਲੋਕ ਅੱਤਵਾਦ ਪੀੜਤ ਤੇ ਦੰਗਾ ਪੀੜਤ ਪਰਿਵਾਰ ਹਨ। ਉਨ੍ਹਾਂ ਦੀ ਸਾਰ ਕਦੋਂ ਲਈ ਜਾਵੇਗੀ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਪੜ ਲਿਖਕੇ ਨੌਕਰੀਆਂ ਨਾ ਮਿਲਣ ਕਾਰਨ ਜਾਂ ਤਾਂ ਮੁੱਖ ਮੰਤਰੀ ਦੇ ਮਹਿਲਾਂ ਅੱਗੇ ਜਾਕੇ ਡਾਂਗਾ ਖਾ ਰਹੀ ਹੈ ਜਾਂ ਫਿਰ ਆਤਮ ਹੱਤਿਆ ਕਰ ਰਹੀ ਹੈ। ਰਾਏਪੁਰ ਨੇ ਕਿਹਾ ਕਿ ਅਸੀਂ ਲੋਕ ਇਨਸਾਫ਼ ਪਾਰਟੀ ਅਤੇ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਵੱਲੋਂ ਕੈਪਟਨ ਸਰਕਾਰ ਦੇ ਇਸ ਫੈਸਲੇ ਦੀ ਜੋਰਦਾਰ ਨਿਖੇਧੀ ਕਰਦੇ ਹਾਂ। ਕੈਪਟਨ ਸਰਕਾਰ ਨੂੰ ਇਸ ਪੱਖਪਾਤੀ ਰਵੱਈਏ ਦਾ 2022 ਵਿੱਚ ਵੱਡਾ ਸਿਆਸੀ ਖਮਿਆਜਾ ਭੁਗਤਣਾ ਪੈਣਾ ਹੈ।






