
ਬਰਨਾਲਾ, 13 ਅਗਸਤ/ਕਰਨਪ੍ਰੀਤ ਧੰਦਰਾਲ /-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕਿ੍ਰਸ਼ੀ ਵਿਗਿਆਨ ਕੇਂਦਰ ਹੰਡਿਆਇਆ ਬਰਨਾਲਾ ਵੱਲੋਂ ਇੱਕ ਹਫਤੇ ਦਾ ਖੁੰਬ ਉਤਪਾਦਕ ਮੁਹਾਰਤ ਕੋਰਸ ਐਸੋਸੀਏਟ ਡਾਇਰੈਕਟਰ ਕੇ.ਵੀ.ਕੇ ਹੰਡਿਆਇਆ ਡਾ. ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਹੇਠ ਲਗਾਇਆ ਗਿਆ, ਜਿਸ ਵਿੱਚ ਉਨਾਂ ਨੇ ਪੰਜਾਬ ਅਤੇ ਉਤਰੀ ਭਾਰਤ ਵਿੱਚ ਉਗਾਈਆਂ ਜਾਣ ਵਾਲੀਆਂ ਖੁੰਬਾਂ ਦੀਆਂ ਵੱਖ-ਵੱਖ ਕਿਸਮਾਂ ਦੀ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਖੁੰਬਾਂ ਦੀ ਕਾਸ਼ਤ ਨਾਲ ਸਵੈ-ਰੁਜ਼ਗਾਰ ਕਰਕੇ ਹੋਰ ਵੱਧ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਟ੍ਰੇਨਿੰਗ ਦੌਰਾਨ ਅਸਿਸਟੈਂਟ ਪ੍ਰੋਫੈਸਰ (ਬਾਗਬਾਨੀ) ਡਾ. ਹਰਜੋਤ ਸਿੰਘ ਸੋਹੀ ਨੇ ਢੀਂਗਰੀ, ਬਟਨ, ਸਿਟਾਕੇ, ਪਰਾਲੀ, ਕੀੜਾ ਜੜੀ ਅਤੇ ਮਿਲਕੀ ਖੁੰਬ ਦੀ ਕਾਸ਼ਤ ਕਰਨ ਬਾਰੇ ਅਤੇ ਉਨਾਂ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤਾਂ ਜਿਵੇਂ ਕਿ ਸ਼ਟਾਕੇ ਦਾ ਕੈਂਸਰ ਰੋਗੀਆਂ ਲਈ, ਢੀਂਗਰੀ ਦਾ ਵਿਟਾਮਿਨ ਡੀ ਪੂਰਤੀ, ਕੀੜਾ ਜੜੀ ਦੀਆਂ ਕਈ ਅਨੇਕਾਂ ਦਵਾਈਆਂ ਵਿੱਚ ਵਰਤਣ ਬਾਰੇ ਦੱਸਿਆ। ਉਨਾਂ ਨੇ ਕਿਸਾਨਾਂ ਨੂੰ ਖੁੰਬ ਦਾ ਮੰਡੀਕਰਨ, ਖੁੰਬ ਦੇ ਰੱਖ-ਰਖਾਵ, ਖੁੰਬ ਉੱਤੇ ਵਾਤਾਵਰਣ ਦੇ ਪ੍ਰਭਾਵ ਅਤੇ ਖੁੰਬ ਕਿੱਤੇ ਨੂੰ ਘਰੇਲੂ ਪੱਧਰ ’ਤੇ ਅਪਣਾਉਣ ਬਾਰੇ ਦੱਸਿਆ। ਇਸ ਮੌਕੇ ਬਾਗਬਾਨੀ ਵਿਕਾਸ ਅਫਸਰ ਨਰਪਿੰਦਰ ਕੌਰ ਨੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਬਾਗਬਾਨੀ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ।






