16.8 C
Chandigarh

TODAY NOW NEWS

Friday, March 20, 2026
HomeBREAKING NEWSਕਰਨਾਟਕ ‘ਚ ਹਿਜਾਬ ‘ਤੇ ਲੱਗੀ ਪਾਬੰਦੀ ਖ਼ਿਲਾਫ PSU ਵੱਲੋਂ ਰੋਸ ਪ੍ਰਦਰਸ਼ਨ

ਕਰਨਾਟਕ ‘ਚ ਹਿਜਾਬ ‘ਤੇ ਲੱਗੀ ਪਾਬੰਦੀ ਖ਼ਿਲਾਫ PSU ਵੱਲੋਂ ਰੋਸ ਪ੍ਰਦਰਸ਼ਨ

ਫਾਜ਼ਿਲਕਾ-

ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਰਨਾਟਕਾ ਦੇ ਕਈ ਸਕੂਲਾਂ ਕਾਲਜਾਂ ਵਿੱਚ ਮੁਸਲਮਾਨ ਕੁੜੀਆਂ ਦੇ ਹਿਜਾਬ ਪਾ ਕੇ ਆਉਣ ‘ਤੇ ਲੱਗੀ ਪਾਬੰਦੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਕਰਨਾਟਕ ਸਰਕਾਰ ਅਤੇ ਭਾਰਤ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੀ.ਐਸ.ਯੂ. ਦੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ ਅਤੇ ਕਾਲਜ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਪ੍ਰਵੀਨ ਕੌਰ ਨੇ ਕਿਹਾ ਕਿ ਕਰਨਾਟਕਾ ਵਿੱਚ ਇੱਕ ਸਕੂਲ ਵਿੱਚ ਮੁਸਲਮਾਨ ਕੁੜੀਆਂ ਦੇ ਹਿਜਾਬ ਪਾ ਕੇ ਆਉਣ ‘ਤੇ ਲੱਗੀ ਪਾਬੰਦੀ ਤੋਂ ਬਾਅਦ ਹੁਣ ਕਈ ਕਾਲਜਾਂ ਦੇ ਪ੍ਰਸ਼ਾਸਨ ਵੱਲ਼ੋਂ ਮੁਸਲਮਾਨ ਵਿਦਿਆਰਥਣਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ। ਪਹਿਰਾਵੇ ਦੇ ਅਧਾਰ ‘ਤੇ ਕੀਤਾ ਜਾ ਰਿਹਾ ਇਹ ਵਿਤਕਰਾ ਲੋਕਾਂ ਦੇ ਬੁਨਿਆਦੀ ਹੱਕਾਂ ‘ਤੇ ਸਿੱਧਾ ਹਮਲਾ ਹੈ, ਉਹਨਾਂ ਦੇ ਧਾਰਮਿਕ ਵਿਸ਼ਵਾਸਾਂ ਵਿੱਚ ਰਾਜਕੀ ਦਖਲ ਹੈ।

ਇਹ ਮਾਮਲਾ ਕਲਾਸਾਂ ਵਿੱਚ ਦਾਖਲਾ ਰੋਕਣ ਤੋਂ ਸ਼ੁਰੂ ਹੋ ਕੇ ਹਿਜਾਬ ਪਾਉਂਦੀਆਂ ਮੁਸਲਮਾਨ ਕੁੜੀਆਂ ਨੂੰ ਸ਼ਰੇਆਮ ਧਮਕਾਉਣ ਤੱਕ ਗੱਲ ਪਹੁੰਚ ਚੁੱਕੀ ਹੈ। ਹਿੰਦੂਤਵੀ ਸੰਘੀਆਂ ਵੱਲ਼ੋਂ ਭੜਕਾਏ ਜਾ ਰਹੇ ਮਾਹੌਲ ਦਾ ਅਸਰ ਕਰਨਾਟਕਾ ਦੇ ਹੋਰਾਂ ਸਕੂਲਾਂ, ਕਾਲਜਾਂ ਵਿੱਚ ਵੀ ਦਿਸਣ ਲੱਗਾ ਹੈ, ਪ੍ਰਦਰਸ਼ਨ ਕਰ ਰਹੀਆਂ ਲੜਕੀਆਂ ਉੱਤੇ ਪਥਰਾਅ ਵੀ ਕੀਤਾ ਜਾ ਰਿਹਾ ਹੈ। ਇਹ ਆਰ.ਐਸ.ਐਸ-ਭਾਜਪਾ ਦੇ ਪਾਲ਼ੇ ਹੋਏ ਗੁੰਡੇ ਜਨਤਕ ਮੰਚ ਤੋਂ ਘੱਟਗਿਣਤੀਆਂ ਦੇ ਕਤਲੇਆਮ ਦੀਆਂ ਧਮਕੀਆਂ ਦਿੰਦੇ ਨੇ, ਭਗਵਾ ਝੰਡਾ ਲਹਿਰਾਉਂਦੇ ਨੇ, ਹਿੰਦੂ ਰਾਸ਼ਟਰ ਬਣਾਉਣ ਦੇ ਐਲਾਨ ਕਰਦੇ ਹਨ ਤਾਂ ਵੀ ਰਾਜਸੱਤਾ ਨੂੰ, ਪ੍ਰਸ਼ਾਸਨ ਨੂੰ ਕੋਈ ਸਮੱਸਿਆ ਨਹੀਂ, ਪਰ ਜੇ ਕੋਈ ਆਪਣੀ ਪਛਾਣ ਸਹਿਤ ਪੜ੍ਹਾਈ ਹੀ ਕਰਨਾ ਚਾਹੇ ਤਾਂ ਉਸ ਮਗਰ ਸਾਰਾ ਲਾਣਾ, ਸਾਰਾ ਮੋਦੀ ਮੀਡੀਆ ਆਦਮਖੋਰਾਂ ਵਾਂਗੂੰ ਪਿੱਛੇ ਪੈ ਜਾਂਦਾ ਹੈ। ਐਨੇ ਭਾਰੀ ਦਬਾਅ ਦੇ ਬਾਵਜੂਦ ਵੀ ਕੁੜੀਆਂ ਡਟਕੇ ਖੜ੍ਹੀਆਂ ਹਨ, ਇਹੀ ਇਹਨਾਂ ਸੰਘੀਆਂ ਨੂੰ ਹਜਮ ਨਹੀਂ ਹੋ ਰਿਹਾ। ਇਸ ਲਈ ਰੋਜ਼ਾਨਾ ਨਵਾਂ ਹੰਗਾਮਾ ਭੜਕਾ ਰਹੇ ਹਨ।

ਇਸ ਮੌਕੇ ਪੀ.ਐਸ.ਯੂ ਦੇ ਆਗੂ ਅਨੀਤਾ ਨਿਉਂਲਾ, ਪਰਮਜੀਤ ਕੌਰ ਅਤੇ ਚਰਨਜੀਤ ਰਾਣਾ ਨੇ ਕਿਹਾ ਕਿ ਜਦੋਂ ਦੀ ਮੋਦੀ ਸਰਕਾਰ ਆਈ ਹੈ ਉਦੋਂ ਤੋਂ ਦੇਸ਼ ਵਿੱਚ ਨਫ਼ਰਤੀ ਮਾਹੌਲ ਬਣਾਇਆ ਜਾ ਰਿਹਾ ਹੈ ਅਤੇ ਘੱਟ ਗਿਣਤੀਆਂ ਨੂੰ ਇਸਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸੇ ਮਾਹੌਲ ਤਹਿਤ ਉਹ ਵੱਖ-ਵੱਖ ਥਾਵਾਂ ਤੇ ਦੰਗੇ ਕਰਵਾਉਂਦੇ ਰਹੇ ਹਨ ਅਤੇ ਹੁਣ ਕਰਨਾਟਕ ਵਿਚ ਵੀ ਇਹ ਮਾਹੌਲ ਬਣਾਇਆ ਜਾ ਰਿਹਾ ਹੈ ਜੋ ਕਿ ਬਰਦਾਸ਼ਤਯੋਗ ਨਹੀਂ ਹੈ। ਆਗੂਆਂ ਨੇ ਮੰਗ ਕੀਤੀ ਕਿ ਮੁਸਲਿਮ ਲੜਕੀਆਂ ਤੇ ਪਹਿਰਾਵੇ ਸਬੰਧੀ ਲੱਗੀ ਪਾਬੰਦੀ ਹਟਾਈ ਜਾਵੇ ਅਤੇ ਪਾਬੰਦੀ ਲਾਉਣ ਵਾਲੇ ਸਕੂਲਾਂ ਕਾਲਜਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਰਨਾਟਕ ਦਾ ਮੁੱਖ ਮੰਤਰੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਵੇ। ਇਸ ਮੌਕੇ ਕਮਲਜੀਤ ਕੌਰ, ਗਗਨ, ਰਿਤੂ, ਕਾਜਲ, ਰਾਜ ਮੌਜਮ, ਗੁਰਪ੍ਰੀਤ, ਅਮਰਜੀਤ, ਸਾਜਨ, ਲਵਪ੍ਰੀਤ, ਰਾਜਪ੍ਰੀਤ, ਵਿਜੇ ਆਦਿ ਵਿਦਿਆਰਥੀ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS