
ਖੰਨਾ,(ਪਰਮਜੀਤ ਸਿੰਘ ਧੀਮਾਨ) – ਅੱਜ ਇਥੇ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠਾਂ ਲਿਨਫੌਕਸ ਕੰਪਨੀ ਦੀ ਮੈਨੇਜਮੈਂਟ ਵੱਲੋਂ ਕਾਮਿਆਂ ਦੀ ਗੱਲ ਸੁਨਣ ਅਤੇ ਮੰਗ ਪੱਤਰ ਲੈਣ ਤੋਂ ਇਨਕਾਰੀ ਰਵੱਈਏ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ 17 ਦਸੰਬਰ ਨੂੰ ਭੁਮੱਦੀ ਵਿਖੇ ਕੰਪਨੀ ਦੇ ਗੇਟ ਪਰਿਵਾਰਾਂ ਸਮੇਤ ਧਰਨਾ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਮਜ਼ਦੂਰਾਂ ਦੀ ਕਮੇਟੀ ਵੱਲੋਂ ਪੋਸਟਰ ਵੀ ਰੀਲੀਜ਼ ਕੀਤਾ ਗਿਆ ਅਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਝੰਡਾ ਮਾਰਚ ਤੇ ਰੈਲੀਆਂ ਵੀ ਕੀਤੀਆਂ ਜਾਣਗੀਆਂ। ਇਸ ਮੌਕੇ ਮਜਦੂਰ ਯੂਨੀਅਨ ਆਗੂ ਮਲਕੀਤ ਸਿੰਘ ਅਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਰੈਗੂਲਰ ਕਰਮਚਾਰੀਆਂ ਨੂੰ ਨਜਾਇਜ਼ ਤੌਰ ’ਤੇ ਕੱਢਿਆ ਗਿਆ, ਹੱਕੀਂ ਅਵਾਜ਼ ਨੂੰ ਬੰਦ ਕਰਨ ਲਈ ਸ਼ਰਤਨਾਮੇ ਤੇ ਦਸਤਖ਼ਤ ਕਰਵਾਏ, 10 ਦਿਨਾਂ ਦੀ ਤਨਖਾਹ ਕਟੌਤੀ ਕਰਨ, ਮਨਚਾਹੀ ਸਜ਼ਾ ਦੇਣ ਆਦਿ ਮਸਲਿਆਂ ਦੀ ਕੰਪਨੀ ਪ੍ਰਬੰਧਕਾਂ, ਕਿਰਤ ਵਿਭਾਗ, ਪ੍ਰਸ਼ਾਸ਼ਨਿਕ ਅਧਿਕਾਰੀਆਂ, ਮੰਤਰੀਆਂ ਤੇ ਸੂਬਾ ਸਰਕਾਰਾਂ ਨੂੰ ਕੀਤੀਆਂ ਅਰਜੋਈਆਂ ਦੇ ਬਾਵਜੂਦ ਮਾਮਲਾ ਅਜੇ ਤੱਕ ਹੱਲ ਨਾ ਹੋਣ ਕਾਰਨ ਸਾਨੂੰ ਸੰਘਰਸ਼ ਦਾ ਰਾਹ ਚੁਣਨਾ ਪਿਆ।






