ਵੱਡੀ ਗਿਣਤੀ ਵਿੱਚ ਕਿਸਾਨਾਂ, ਮਜਦੂਰਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਇੱਥੇ ਰੇਲਵੇ ਸਟੇਸ਼ਨ ਤੇ ਸੰਯੁਕ ਮੋਰਚੇ ਦੇ ਸੱਦੇ ਤੇ ਡੀਜਲ, ਪੈਟਰੋਲ ਅਤੇ ਗੈਸ ਦੇ ਵਧੇ ਰੇਟਾਂ ਨੂੰ ਲੈ ਕੇ ਰੋਸ ਮੁਜਾਹਰਾ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜਦੂਰਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਪੈਟਰੋਲੀਅਮ ਵਸਤਾਂ ਦੇ ਰੇਟ ਵਧਾਉਣ ਤੇ ਸਰਕਾਰ ਦੀ ਨਿੰਦਾ ਕੀਤੀ। ਇਸ ਸਮੇਂ ਬੀ.ਕੇ.ਯੂ ਡਕੌਂਦਾ ਦੇ ਮੱਖਣ ਭੈਣੀਬਾਘਾ ਨੇ ਕਿਹਾ ਕਿ ਸਰਕਾਰ ਵੱਲੋਂ ਆਏ ਦਿਨ ਪੈਟਰੋਲ, ਡੀਜਲ ਅਤੇ ਗੈਸ ਦੀਆਂ ਕੀਮਤਾਂ ਵਧਾ ਕੇ ਆਮ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਜਦੋਂ ਕਿ ਵਿਸ਼ਵ ਮੰਡੀ ਵਿੱਚ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਹੇਠਲੇ ਪੱਧਰ ਤੇ ਆ ਚੁੱਕੀਆਂ ਹਨ ਕਿਉਂਕਿ ਤੇਲ ਦੀਆਂ ਕੀਮਤਾਂ ਵਧਣ ਦੇ ਨਾਲ ਕਿਰਾਏ ਭਾੜੇ ਵਿੱਚ ਵਾਧਾ ਹੁੰਦਾ ਹੈ, ਕਿਰਾਏ ਭਾੜੇ ਵਿੱਚ ਵਾਧਾ ਹੋਣ ਨਾਲ ਆਮ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ ਅਤੇ ਆਮ ਆਦਮੀ ਨੂੰ ਉਹ ਮਹਿੰਗੇ ਰੇਟ ਤੇ ਮਿਲਦੀਆਂ ਹਨ ਜਿਸ ਨਾਲ ਆਮ ਲੋਕਾਂ ਦੀਆਂ ਜੇਬਾਂ ਤੇ ਦਿਨ ਦਿਹਾੜੇ ਡਾਕਾ ਮਾਰਿਆ ਜਾ ਰਿਹਾ ਹੈ। ਰੇਵਲੇ ਸਟੇਸ਼ਨ ਤੇ ਪਹਿਲਾਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ, ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਉਸ ਤੋਂ ਬਾਅਦ ਬਜਾਰ ਵਿੱਚ ਦੀ ਰੋਸ ਮੁਜਾਹਰਾ ਕਰਦੇ ਹੋਏ ਡੀ.ਸੀ. ਦਫਤਰ ਵਿੱਚ ਪਹੁੰਚੇ ਅਤੇ ਡੀ.ਸੀ. ਨੂੰ ਵਧੇ ਹੋਏ ਪੈਟਰੋਲੀਅਮ ਵਸਤਾਂ ਦੇ ਰੇਟਾਂ ਨੂੰ ਘੱਟ ਕਰਨ ਲਈ ਸਰਕਾਰ ਦੇ ਨਾਮ ਤੇ ਮੰਗ ਪੱਤਰ ਦਿੱਤਾ। ਇਸ ਸਮੇਂ ਮਹਿੰਦਰ ਭੈਣੀ, ਗੁਰਜੰਟ ਮਾਨਸਾ, ਮੇਜਰ ਦੂਲੋਵਾਲ, ਭਜਨ ਸਿੰਘ ਘੁੰਮਣ, ਤੇਜ ਚਕੇਰੀਆਂ, ਮਨਜੀਤ ਉੱਲਕ, ਇਕਬਾਲ ਮਾਨਸਾ ਨੇ ਸੰਬੋਧਨ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲੀਅਮ ਵਸਤਾਂ ਦੇ ਵਧੇ ਰੇਟ ਘਟਾਏ ਜਾਣ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦਿੱਲੀ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤਾਂ ਜੋ ਸਰਕਾਰ ਨੂੰ ਆਪਣਾ ਨਾਦਰਸ਼ਾਹੀ ਫੈਸਲਾ ਜਿਸ ਨੂੰ ਤਿੰਨ ਖੇਤੀ ਕਾਲੇ ਕਾਨੂੰਨਾਂ ਦਾ ਨਾਮ ਦਿੱਤਾ ਗਿਆ ਹੈ ਵਾਪਸ ਲੈਣ ਲਈ ਮਜਬੂਰ ਹੋਣਾ ਪਵੇ।





