ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਸਾਡਾ ਇਹ ਸੰਘਰਸ਼ ਜਾਰੀ ਰਹੇਗਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਸਬੰਧੀ ਬਣਾਏ ਗਏ ਤਿੰਨ ਕਾਲੇ ਕਾਨੂੰਨ ਖਿਲਾਫ ਸੂਰਜ ਕੁਮਾਰ ਛਾਬੜਾ ਸੂਬਾ ਆਗੂ ਦੇ ਘਰ ਅੱਗੇ ਲਗਾਤਾਰ 45ਵੇਂ ਦਿਨ ਧਰਨਾ ਜਾਰੀ ਰਿਹਾ। ਨੌਜਵਾਨ ਕਿਸਾਨ ਆਗੂ ਜਗਸੀਰ ਸਿੰਘ ਕਾਲਾ ਜਵਾਹਰਕੇ ਨੇ ਦੱਸਿਆ ਕਿ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਸਾਡਾ ਇਹ ਸੰਘਰਸ਼ ਜਾਰੀ ਰਹੇਗਾ। ਉਹਨਾਂ ਦੱਸਿਆਂ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿੰਡਾਂ ਚੋਂ ਕਿਸਾਨ, ਮਜ਼ਦੂਰ ਜੱਥਿਆਂ ਦੇ ਰੂਪ ਵਿੱਚ ਦਿੱਲੀ ਵੱਲ ਚਾਲੇ ਪਾ ਰਹੇ ਹਨ। ਜਿਸ ਵਿੱਚ ਨੌਜਵਾਨ ਵਰਗ, ਸਾਡੀਆਂ ਮਾਵਾਂ-ਭੈਣਾਂ ਵੱਡੀ ਗਿਣਤੀ ਵਿੱਚ ਭਾਗ ਲੈ ਰਹੀਆਂ ਹਨ। ਇਸ ਮੌਕੇ ਹਰਚਰਨ ਸਿੰਘ ਜਵਾਹਰਕੇ, ਚਮਕੌਰ ਸਿੰਘ, ਅਜੈਬ ਸਿੰਘ ਜਵਾਹਰਕੇ ਹਾਜ਼ਰ ਸਨ।






