ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਭਗਵੰਤ ਮਾਨ 16 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਇਸ ਦੌਰਾਨ ਹੁਣ ਸਾਰਿਆਂ ਦੀਆਂ ਨਜ਼ਰ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਚੋਣ ਵਾਅਦਿਆਂ ਉਤੇ ਟਿਕੀਆਂ ਹੋਈਆਂ ਹਨ।

ਆਪ ਨੇ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਸਨ, ਜਿਨ੍ਹਾਂ ਵਿਚ 24 ਘੰਟੇ ਬਿਜਲੀ ਸਪਲਾਈ, ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ, ਬਿਜਲੀ ਦੇ ਘਰੇਲੂ ਬਿੱਲ ਪੁਰਾਣੇ ਬਕਾਇਆ ਬਿੱਲ ਮੁਆਫ, ਦਿੱਲੀ ਦੀ ਤਰਜ ਉੱਤੇ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਵਿੱਚ ਵਾਰਡ ਤੇ ਪਿੰਡ ਵਿੱਚ 16,000 ਕਲੀਨਿਕ ਖੋਲ੍ਹੇ ਜਾਣਗੇ, ਸਸਤਾ, ਵਧੀਆ ਤੇ ਮੁਫ਼ਤ ਇਲਾਜ, ਕਿਸਾਨਾਂ ਦੀ ਕਰਜ਼ ਮੁਆਫੀ, ਮੁਫਤ ਬਿਜਲੀ, 2500 ਮੁਢਾਪਾ ਪੈਨਸ਼ਨ ਤੇ ਪੁਲਿਸ ਲਈ ਅੱਠ ਘੰਟੇ ਡਿਊਟੀ ਸਿਸਟਮ ਲਾਗੂ ਕਰਨਾ ਸ਼ਾਮਲ ਹਨ।ਇਸ ਤੋਂ ਇਲਾਵਾ 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਹਰ ਬੱਚੇ ਨੂੰ ਪਹਿਲੀ ਤੋਂ ਡਿਗਰੀ ਤੱਕ ਮੁਫ਼ਤ ਸਿੱਖਿਆ ਮਿਲੇਗੀ, ਐੱਸ ਸੀ ਭਾਈਚਾਰੇ ਦੇ ਬੱਚਿਆਂ ਲਈ ਪੇਸ਼ੇਵਰ ਕੋਰਸਾਂ ਵਿੱਚ ਦਾਖਲੇ ਲਈ ਕੋਚਿੰਗ ਫੀਸ ਸਰਕਾਰ ਭਰੇਗੀ।ਜੇਕਰ ਐੱਸਸੀ ਬੱਚਾ ਬੀਏ, ਐੱਮਏ ਦੀ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੇਗਾ ਤਾਂ ਸਾਰਾ ਖਰਚ ਸਰਕਾਰ ਕਰੇਗੀ। ਸਾਰੇ ਕੱਚੇ ਅਧਿਆਪਕ ਪੱਕੇ ਹੋਣਗੇ, ਖਾਲੀ ਅਸਾਮੀਆਂ ਭਰੀਆਂ ਜਾਣਗੀਆਂ, ਵਿਦੇਸ਼ਾਂ ਤੋਂ ਸਿਖਲਾਈ ਦੁਆਈ ਜਾਵੇਗੀ, ਸਮੇਂ ਸਿਰ ਪ੍ਰਮੋਸ਼ਨ, ਕੈਸ਼ਲੈੱਸ ਬੀਮਾ ਅਤੇ ਗੈਰ ਵਿੱਦਿਅਕ ਕੰਮ ਨਹੀਂ ਲਏ ਜਾਣਗੇ।





