ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਬਲਬੀਰ ਸਿੰਘ ਸਿੱਧੂ ਵੱਲੋਂ ਲਿਆਂਦੇ ਪ੍ਰੋਜੈਕਟਾਂ ਉੱਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਸਾਢੇ ਚਾਰ ਸਾਲ ਦੀ ਵਜ਼ੀਰੀ ਦੌਰਾਨ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਸੁੱਤੇ ਰਹੇ ਤੇ ਹੁਣ ਲੋਕਾਂ ਨੂੰ ਭਰਮਾਉਣ ਲਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੁਕਵਾਉਣ ਦੇ ਢਕੋਂਸਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਸੂਝਵਾਨ ਲੋਕ ਵਿਧਾਇਕ ਸਿੱਧੂ ਦੇ ਇਨ੍ਹਾਂ ਢਕੌਂਸਲਿਆਂ ਨਾਲ ਭਰਮਾਏ ਜਾਣ ਵਾਲੇ ਨਹੀਂ ਹਨ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਬੋਰੀਆ ਬਿਸਤਰਾ ਗੋਲ ਕਰਨ ਲਈ ਕਮਰ ਕੱਸੇ ਕਰ ਚੁੱਕੇ ਹਨ।

ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਇਲਾਕੇ ਦਾ ਕੋਈ ਭਲਾ ਨਹੀਂ ਕੀਤਾ ਸਿਰਫ ਆਪਣੇ ਨਿੱਜੀ ਹਿੱਤਾਂ ਨੂੰ ਸਾਧਿਆ ਹੈ ਤੇ ਆਪਣੇ ਪਰਿਵਾਰ ਦਾ ਹੀ ਭਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਸਿਹਤ ਮੰਤਰੀ ਦਾ ਪੁੱਤਰ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਤੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਸ਼ਹਿਰ ਦਾ ਮੇਅਰ ਹੈ।
ਉਨ੍ਹਾਂ ਕਿਹਾ ਕਿ ਵਿਧਾਇਕ ਸਿੱਧੂ ਤੇ ਢੇਰਾਂ ਦੋਸ਼ ਭ੍ਰਿਸ਼ਟਾਚਾਰ ਦੇ ਲੱਗੇ ਹੋਏ ਹਨ ਅਤੇ ਇਹੀ ਕਾਰਨ ਹੈ ਕਿ ਵਿਧਾਇਕ ਸਿੱਧੂ ਦੀ ਵਜ਼ੀਰੀ ਵੀ ਜਾਂਦੀ ਰਹੀ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲੋਕ ਵਿਧਾਇਕ ਸਿੱਧੂ ਦੀਆਂ ਅਜਿਹੀਆਂ ਕਾਰਵਾਈਆਂ ਬਾਰੇ ਪੂਰੀ ਤਰ੍ਹਾਂ ਜਾਣੂ ਹਨ ਅਤੇ ਵਿਧਾਨ ਸਭਾ ਚੋਣਾਂ ਦੀ ਉਡੀਕ ਵਿੱਚ ਹਨ ਤਾਂ ਜੋ ਵਿਧਾਇਕ ਸਿੱਧੂ ਤੋਂ ਮੋਹਾਲੀ ਵਾਸੀਆਂ ਨਾਲ ਕੀਤੀਆਂ ਗਈਆਂ ਵਧੀਕੀਆਂ ਦਾ ਬਦਲਾ ਲੈ ਸਕਣ।





