17.1 C
Chandigarh

TODAY NOW NEWS

Friday, March 20, 2026
Homeਸਾਹਿਤ ਤੇ ਸੱਭਿਆਚਾਰਕਵਿਤਾ/ਕਹਾਣੀ"ਤਕਲੀਫ਼ਾਂ ਸਹਿ ਕੇ ਹੀ ਤਰੱਕੀ ਮਿਲਦੀ ਹੈ"

“ਤਕਲੀਫ਼ਾਂ ਸਹਿ ਕੇ ਹੀ ਤਰੱਕੀ ਮਿਲਦੀ ਹੈ”

ਪ੍ਰੇਰਨਾਦਾਇਕ ਛੋਟੀ ਕਹਾਣੀ : ਸਿੰਗਲਾ ਆਰ.ਡੀ.

ਬੜੇ ਪੁਰਾਣੇ ਸਮਿਆਂ ਦੀ ਗੱਲ ਹੈ ਕਿ ਇੱਕ ਰਾਜਾ ਪਹਾੜੀ ਇਲਾਕੇ ਦੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਗਿਆ ਸੀ । ਜਦ ਉਹ ਵਾਪਿਸ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਉਸਨੂੰ ਬਹੁਤ ਹੀ ਖੂਬਸੂਰਤ ਦੋ ਸੰਗਮਰਮਰ ਦੇ ਪੱਥਰ ਮਿਲੇ । ਰਾਜਾ ਦੋਨੋ ਪੱਥਰ ਆਪਣੇ ਨਾਲ ਆਪਣੇ ਰਾਜਮਹਲ ਵਿੱਚ ਲੈ ਆਇਆ ।

ਅਗਲੇ ਦਿਨ ਉਸ ਰਾਜੇ ਨੇ ਆਪਣੇ ਇਲਾਕੇ ਦੇ ਮਸ਼ਹੂਰ ਮੂਰਤੀਕਾਰ ਨੂੰ ਬੁਲਾਇਆ ਤੇ ਦੋਨੋ ਪੱਥਰ ਉਸਨੂੰ ਦਿਖਾਏ ਤੇ ਹੁਕਮ ਦਿੱਤਾ ਕਿ ਇਹਨਾਂ ਦੋਨਾਂ ਪੱਥਰਾਂ ਤੋਂ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀਆਂ ਦੋ ਖੂਬਸੂਰਤ ਮੂਰਤੀਆਂ ਤਰਾਸ਼ੀਆਂ ਜਾਣ । ਰਾਜੇ ਨੇ ਇਹ ਵੀ ਕਿਹਾ ਕੇ ਉਹ ਇੱਕ ਖੂਬਸੂਰਤ ਮੰਦਿਰ ਦਾ ਨਿਰਮਾਣ ਕਰਵਾਏਗਾ ਜਿੱਥੇ ਇਹ ਦੋਨੋ ਮੂਰਤੀਆਂ ਸਥਾਪਿਤ ਕੀਤੀਆਂ ਜਾਣਗੀਆਂ । ਰਾਜੇ ਦੇ ਹੁਕਮਾਨੁਸਾਰ ਮੂਰਤੀਕਾਰ ਦੋਨੋ ਪੱਥਰ ਆਪਣੇ ਨਾਲ ਲੈ ਗਿਆ ਤੇ ਰਾਜੇ ਤੋਂ ਇੱਕ ਮਹੀਨੇ ਦਾ ਸਮਾਂ ਮੰਗ ਲਿੱਤਾ ।

ਜਦੋ ਮੂਰਤੀਕਾਰ ਨੇ ਪਹਿਲੇ ਪੱਥਰ ਨੂੰ ਤਰਾਸ਼ਣ ਵਾਸਤੇ ਆਪਣੀ ਹਥੌੜੀ ਤੇ ਛੈਣੀ ਨਾਲ ਪੱਥਰ ਤੇ ਸੱਟ ਮਾਰੀ ਤਾਂ ਉਹ ਪੱਥਰ ਦਰਦ ਨਾਲ ਚੀਕਾਂ ਮਾਰਨ ਲੱਗਾ । ਮੂਰਤੀਕਾਰ ਦਾ ਧਿਆਨ ਭਟਕ ਗਿਆ ਤੇ ਉਸਨੇ ਹਥੌੜੀ ਛੈਣੀ ਰੱਖ ਦਿੱਤੇ । ਅਗਲੀ ਸਵੇਰ ਜਦੋਂ ਮੂਰਤੀਕਾਰ ਨੇ ਫਿਰ ਤੋਂ ਮੂਰਤੀ ਤਰਾਸ਼ਣ ਲਈ ਹਥੌੜੀ ਦੀ ਸੱਟ ਮਾਰੀ ਤਾਂ ਉਹ ਪੱਥਰ ਫਿਰ ਚੀਕਾਂ ਮਾਰਨ ਲੱਗਾ ਜਿਸ ਨਾਲ ਮੂਰਤੀਕਾਰ ਦਾ ਧਿਆਨ ਫੇਰ ਤੋਂ ਭਟਕ ਗਿਆ । ਇਹ ਸਿਲਸਿਲਾ ਪੰਦ੍ਰਾਹ ਦਿਨ ਚਲਦਾ ਰਿਹਾ ਤੇ ਮੂਰਤੀਕਾਰ ਇੱਕ ਵੀ ਮੂਰਤੀ ਤਿਆਰ ਨਾ ਕਰ ਸਕਿਆ । ਅਖੀਰ ਉਸਨੇ ਇਸ ਪੱਥਰ ਨੂੰ ਛੱਡ ਦੂਜੇ ਪੱਥਰ ਤੇ ਆਪਣਾ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ।

ਮੂਰਤੀਕਾਰ ਨੇ ਦੂਸਰਾ ਪੱਥਰ ਲਿੱਤਾ ਤੇ ਇਸ ਉਮੀਦ ਨਾਲ ਆਪਣਾ ਕੰਮ ਸ਼ੁਰੂ ਕੀਤਾ ਕੇ ਇਸ ਪੱਥਰ ਤੋਂ ਉਹ ਭਗਵਾਨ ਸ਼ਿਵ ਦੀ ਸੁੰਦਰ ਮੂਰਤੀ ਬਣਾਏਗਾ । ਜਦੋ ਮੂਰਤੀਕਾਰ ਨੇ ਇਸ ਦੂਜੇ ਪੱਥਰ ਤੇ ਹਥੌੜੀ ਛੈਣੀ ਚਲਾਈ ਤਾਂ ਇਹ ਪੱਥਰ ਕੁਝ ਨਹੀਂ ਬੋਲਿਆ ਤੇ ਇਸ ਦੇ ਅੰਦਰੋਂ ਕੋਈ ਆਵਾਜ਼ ਨਾ ਆਈ । ਦੂਜਾ ਪੱਥਰ ਚੁੱਪਚਾਪ ਹਥੌੜੀ ਛੈਣੀ ਦੀ ਮਾਰ ਝੱਲਦਾ ਰਿਹਾ, ਮੂਰਤੀਕਾਰ ਆਪਣੇ ਪੂਰੇ ਧਿਆਨ ਵਿੱਚ ਮਗਨ ਹੋਇਆ ਉਸ ਪੱਥਰ ਨੂੰ ਤਰਾਸ਼ਦਾ ਰਿਹਾ ਤੇ ਅਖੀਰ ਉਸ ਪੱਥਰ ਵਿਚੋਂ ਭਗਵਾਨ ਸ਼ਿਵ ਦੀ ਇੱਕ ਮੂੰਹੋ ਬੋਲਦੀ ਖੂਬਸੂਰਤ ਮੂਰਤੀ ਤਰਾਸ਼ ਦਿੱਤੀ ਗਈ ।

ਨਿਰਧਾਰਿਤ ਸਮੇਂ ਇੱਕ ਮਹੀਨੇ ਬਾਅਦ ਰਾਜਾ ਉਸ ਮੂਰਤੀਕਾਰ ਕੋਲ ਆਇਆ ਤੇ ਮੂਰਤੀਕਾਰ ਨੂੰ ਮੂਰਤੀਆਂ ਦਿਖਾਉਣ ਲਈ ਕਿਹਾ । ਮੂਰਤੀਕਾਰ ਨੇ ਰਾਜੇ ਨੂੰ ਭਗਵਾਨ ਸ਼ਿਵ ਦੀ ਮੂਰਤੀ ਦਿਖਾ ਦਿੱਤੀ ਜਿਸ ਨੂੰ ਦੇਖ ਕੇ ਰਾਜਾ ਬਹੁਤ ਖੁਸ਼ ਹੋਇਆ । ਜਦੋ ਰਾਜੇ ਨੇ ਦੂਜੀ ਮੂਰਤੀ ਬਾਰੇ ਪੁੱਛਿਆ ਤਾਂ ਮੂਰਤੀਕਾਰ ਨੇ ਸਾਰੀ ਕਹਾਣੀ ਸੁਣਾ ਦਿੱਤੀ । ਮੂਰਤੀਕਾਰ ਦੀ ਗੱਲ ਤੇ ਰਾਜਾ ਕੁੱਝ ਨਾ ਬੋਲਿਆ ਤੇ ਉਸਨੇ ਆਪਣੇ ਮੰਤਰੀ ਨੂੰ ਇੱਕ ਸੁੰਦਰ ਸ਼ਿਵ ਮੰਦਿਰ ਦੇ ਨਿਰਮਾਣ ਦਾ ਹੁਕਮ ਦੇ ਦਿੱਤਾ । ਕੁੱਝ ਮਹੀਨਿਆਂ ਵਿੱਚ ਮੰਦਿਰ ਬਣ ਕੇ ਤਿਆਰ ਹੋ ਗਿਆ ਤੇ ਰਾਜੇ ਨੇ ਭਗਵਾਨ ਸ਼ਿਵ ਦੀ ਮੂਰਤੀ ਉਸ ਮੰਦਿਰ ਵਿੱਚ ਸਥਾਪਿਤ ਕਰ ਦਿੱਤੀ । ਜਦੋ ਮੂਰਤੀਕਾਰ ਨੇ ਰਾਜੇ ਪੁੱਛਿਆ ਕਿ ਮਹਾਰਾਜ ਇਸ ਦੂਜੇ ਪੱਥਰ ਦਾ ਕਿ ਕਰਨਾ ਹੈ ਤਾਂ ਰਾਜੇ ਉਸ ਪੱਥਰ ਨੂੰ ਮੰਦਿਰ ਦੇ ਬਾਹਰ ਗੱਡ ਦਿੱਤਾ ਤਾਂ ਕਿ ਮੰਦਿਰ ਵਿੱਚ ਆਉਣ ਵਾਲੇ ਸ਼ਰਧਾਲੂ ਉਸ ਪੱਥਰ ਤੇ ਨਾਰੀਅਲ ਤੋੜ ਸਕਣ ।

ਉਸ ਦਿਨ ਤੋਂ ਬਾਅਦ ਜੋ ਪੱਥਰ ਹਥੌੜੀ ਛੈਣੀ ਦੀ ਮਾਰ ਨਾ ਸਹਿ ਕੇ ਚੀਕਾਂ ਮਾਰਦਾ ਸੀ ਉਸ ਪੱਥਰ ਤੇ ਰੋਜ਼ ਸੈਂਕੜੇ ਨਾਰੀਅਲ ਤੋੜੇ ਜਾਣ ਲਗੇ ਤੇ ਜਿਹੜਾ ਪੱਥਰ ਸਬਰ ਤੇ ਸੰਤੋਖ ਨਾਲ ਹਥੌੜੀ ਛੈਣੀ ਦੀ ਮਾਰ ਸਹਿ ਕੇ ਮੂਰਤੀ ਬਣ ਗਿਆ ਉਸ ਉੱਪਰ ਰੋਜ਼ ਦੁੱਧ ਅਤੇ ਫੁੱਲ ਚੜਾਏ ਜਾਣ ਲੱਗੇ ।

“ਜ਼ਿੰਦਗੀ ਵਿੱਚ ਜੇ ਭਵਿੱਖ ਨੂੰ ਸੁਖਾਲਾ ਬਣਾਉਣਾ ਹੈ ਤਾਂ ਵਰਤਮਾਨ ਦੀਆਂ ਤਕਲੀਫ਼ਾਂ ਨੂੰ ਹਥੌੜੀ ਛੈਣੀ ਦੀ ਮਾਰ ਵਾਂਗ ਸਹਿਣ ਵਿੱਚ ਹੀ ਸਿਆਣਪ ਹੈ”

ਸਿੰਗਲਾ ਆਰ. ਡੀ.

Today Now News

RELATED ARTICLES
- Advertisment -

POPULAR POSTS